ਇੰਡੀਅਨ ਹਿਸਟਰੀ ਕਾਂਗਰਸ’ ਇਤਿਹਾਸ ਨੂੰ ਨਿਰਪੱਖਤਾ ਨਾਲ ਸਮਝਣ ਵਾਲਾ ਵੱਕਾਰੀ ਮੰਚ: ਪ੍ਰੋ. ਨਰਿੰਦਰ ਕੌਰ ਮੁਲਤਾਨੀ
ਪਟਿਆਲਾ, 28 ਦਸੰਬਰ, ਦੇਸ਼ ਕਲਿੱਕ ਬਿਓਰੋ
ਇਤਿਹਾਸ ਦੀ ਨਿਰਪੱਖ ਹੋ ਕੇ ਸਹੀ ਦੀ ਪਛਾਣ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਤਿਹਾਸ ਨੂੰ ਬਿਨਾ ਕਿਸੇ ਪੱਖਪਾਤ ਤੇ ਦਬਾਅ ਤੋਂ ਸਮਝਣ ਦੀ ਜ਼ਿੰਮੇਵਾਰੀ ਇਤਿਹਾਸਕਾਰਾਂ ਦੇ ਮੋਢਿਆਂ ਉੱਤੇ ਹੈ ਅਤੇ ਉਨ੍ਹਾਂ ਨੂੰ ਇਹ ਕਾਰਜ ਬਹੁਤ ਹੀ ਸੰਜੀਦਗੀ ਅਤੇ ਸਮਰਪਣ ਦੀ ਭਾਵਨਾ ਨਾਲ਼ ਨਿਭਾਉਣਾ ਚਾਹੀਦਾ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ’ਇੰਡੀਅਨ ਹਿਸਟਰੀ ਕਾਂਗਰਸ’ ਦੇ 83ਵੇਂ ਸੈਸ਼ਨ ਦੇ ਉਦਘਾਟਨੀ ਸਮਾਰੋਹ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੇ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ ਸ. ਬੈਂਸ ਨੇ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਵੱਲੋਂ ਪਾਏ ਮਹਾਨ ਯੋਗਦਾਨ ਬਾਰੇ ਵਿਸ਼ੇਸ਼ ਤੌਰ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਮੁਕੱਦਸ ਧਰਤੀ ਹੈ ਅਤੇ ਇਸ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਬਹੁਤ ਸਾਰੀਆਂ ਲਾਸਾਨੀ ਸ਼ਹਾਦਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਨਾ-ਬਰਾਬਰੀ ਅਤ ਅਨਿਆਂ ਦੇ ਵਿਰੁੱਧ ਲੜਨ ਵਾਲਾ ਸੂਬਾ ਰਿਹਾ ਹੈ। ਉਨ੍ਹਾਂ ਨੇ ਮਹਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਕੁਸ਼ਲ ਪ੍ਰਬੰਧ ਤੋਂ ਲੈ ਕੇ ਅਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦੇ ਵੱਡੇ ਯੋਗਦਾਨ ਤੱਕ ਦੇ ਸਫਰ ਬਾਰੇ ਵੱਖ-ਵੱਖ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਉੱਤੇ ਬੇਹੱਦ ਮਾਣ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਜਲਾਲਾਬਾਦ ਹਲਕੇ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਨੇ ਇਤਿਹਾਸ ਵਿੱਚ ਬਹੁਤ ਕੁੱਝ ਖੋਇਆ ਹੈ ਜਿਸ ਬਾਰੇ ਵਿਸ਼ੇਸ਼ ਘੋਖ ਦੀ ਲੋੜ ਹੈ।
ਵਿਧਾਇਕ ਸ੍ਰੀ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਨੇ ਸਿਰਫ਼ ਅਜ਼ਾਦੀ ਦੀ ਲੜਾਈ ਵਿੱਚ ਹੀ ਯੋਗਦਾਨ ਨਹੀਂ ਪਾਇਆ ਬਲਕਿ ਇਸ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਲੜੇ ਜਾਂਦੇ ਘੋਲਾਂ ਵਿੱਚ ਵੀ ਪੰਜਾਬ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਪੰਜਾਬ ਦੇ ਖੇਡ ਇਤਿਹਾਸ ਦੇ ਹਵਾਲੇ ਨਾਲ ਵੀ ਆਪਣੀ ਗੱਲ ਰੱਖੀ। ਉਨ੍ਹਾਂ ਇਸ ਮੌਕੇ ਬੋਲਦਿਆਂ ਇਤਿਹਾਸਕਾਰਾਂ ਦੀ ਇਸ ਪੱਖੋਂ ਸ਼ਲਾਘਾ ਕੀਤੀ ਕਿ ਉਹ ਇਤਿਹਾਸ ਨੂੰ ਸਾਂਭਣ ਦਾ ਕਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸੇਧ ਲੈ ਸਕਣ।
ਇਸ ਤੋਂ ਪਹਿਲਾਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਇੰਡੀਅਨ ਹਿਸਟਰੀ ਕਾਂਗਰਸ ਦੇ ਲੰਬੇ ਇਤਿਹਾਸ ਦੀ ਗੱਲ ਕੀਤੀ ਅਤੇ ਇਸ ਕਾਂਗਰਸ ਦੀ ਲਗਾਤਾਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਡੀਅਨ ਹਿਸਟਰੀ ਕਾਂਗਰਸ ਇਤਿਹਾਸ ਨੂੰ ਨਿਰਪੱਖਤਾ ਨਾਲ਼ ਸਮਝਣ ਵਾਲਾ ਵੱਕਾਰੀ ਮੰਚ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਇਹ ਇੰਡੀਅਨ ਹਿਸਟਰੀ ਕਾਂਗਰਸ ਦਾ ਸੈਸ਼ਨ ਚੌਥੀ ਵਾਰ ਆਯੋਜਿਤ ਕਰਵਾ ਰਹੀ ਹੈ।
ਧੰਨਵਾਦੀ ਸ਼ਬਦ ਬੋਲਦਿਆਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਹਰੇਕ ਵਿਸ਼ੇ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੁੰਦਾ ਹੈ। ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਗਿਆਨ ਦੇ ਇਤਿਹਾਸ ਬਾਰੇ ਪੜ੍ਹਾਏ ਜਾਂਦੇ ਵਿਸ਼ੇ ਦੇ ਹਵਾਲੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਹਿਸਟਰੀ ਕਾਂਗਰਸ ਤੋਂ ਇਤਿਹਾਸ ਦੇ ਵਿਦਿਆਰਥੀਆਂ ਅਤੇ ਇਤਿਹਾਸਕਾਰਾਂ ਨੂੰ ਬਹੁਤ ਕੁੱਝ ਸਿੱਖਣ ਲਈ ਮਿਲੇਗਾ। ਇਸ ਮੌਕੇ ਪ੍ਰੋ. ਗੌਤਮ ਸੇਨਗੁਪਤਾ (ਸਾਬਕਾ ਡੀ.ਜੀ., ਏ.ਐੱਸ.ਆਈ.) ਨੇ ਜਨਰਲ ਪ੍ਰੈਜ਼ੀਡੈਂਟ ਦਾ ਆਹੁਦਾ ਸੰਭਾਲਿਆ। ਉਨ੍ਹਾਂ ਨੇਂ ਆਪਣੇ ਤੋਂ ਪਹਿਲੇ ਜਨਰਲ ਪ੍ਰੈਜ਼ੀਡੈਂਟ ਪ੍ਰੋਫੈਸਰ ਆਦਿਤਿਆ ਮੁਖਰਜੀ (ਦਿੱਲੀ) ਦੀ ਥਾਂ ਲਈ ਗਈ। ਉਦਘਾਟਨੀ ਸੈਸ਼ਨ ਦਾ ਸੰਚਾਲਨ ਯੂਨੀਵਰਸਿਟੀ ਤੋਂ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਕੀਤਾ।
ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਪ੍ਰੋ. ਸਈਅਦ ਅਲੀ ਨਦੀਮ ਰਿਜ਼ਵੀ ਨੇ ਦੱਸਿਆ ਕਿ ਇੰਡੀਅਨ ਹਿਸਟਰੀ ਕਾਂਗਰਸ ਪੂਰੇ ਦੱਖਣੀ ਏਸ਼ੀਆ ਦੇ ਪੇਸ਼ੇਵਰ ਇਤਿਹਾਸਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸ ਦੀ ਮੈਂਬਰਸ਼ਿਪ ਦੀ ਸੂਚੀ ਹਜ਼ਾਰਾਂ ਵਿੱਚ ਹੈ ਅਤੇ ਇਹ ਲਗਭਗ ਪੂਰੇ ਉਪ ਮਹਾਂਦੀਪ ਨੂੰ ਕਵਰ ਕਰਦੀ ਹੈ। ਇਸ ਦੀ ਸਥਾਪਨਾ 1935-36 ਵਿਚ ਇਲਾਹਾਬਾਦ ਵਿਖੇ ਹੋਈ ਅਤੇ ਇਹ ਇੰਡੀਅਨ ਹਿਸਟਰੀ ਕਾਂਗਰਸ ਦੇ ਪੁਣੇ ਵਿੱਚ ਹੋਏ ਪਹਿਲੇ ਸੈਸ਼ਨ ਉਪਰੰਤ ਨਿਯਮਿਤ ਤੌਰ ’ਤੇ ਆਯੋਜਿਤ ਕਰਵਾਈ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ’ਇੰਡੀਅਨ ਹਿਸਟਰੀ ਕਾਂਗਰਸ’ ਇਤਿਹਾਸ ਪ੍ਰਤੀ ਇੱਕ ਵਿਗਿਆਨਕ ਅਤੇ ਧਰਮ ਨਿਰਪੱਖ ਪਹੁੰਚ ਨਾਲ਼ ਕੰਮ ਕਰਦੀ ਹੈ ਅਤੇ ਹਮੇਸ਼ਾ ਲੋਕਤਾਂਤਰਿਕ ਪਰੰਪਰਾਵਾਂ ਨਾਲ਼ ਖੜ੍ਹਦੀ ਹੈ।
ਇੰਡੀਅਨ ਹਿਸਟਰੀ ਕਾਂਗਰਸ ਦੇ ਇਸ ਸੈਸ਼ਨ ਦੇ ਸਥਾਨਕ ਸਕੱਤਰ ਪ੍ਰੋ. ਮੁਹੰਮਦ ਇਦਰੀਸਨੇ ਦੱਸਿਆ ਕਿ ਇਹ ਚੌਥੀ ਵਾਰ ਹੈ ਕਿ ’ਇੰਡੀਅਨ ਹਿਸਟਰੀ ਕਾਂਗਰਸ’ ਦਾ ਸੈਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 1967, 1998 ਅਤੇ 2011 ਵਿੱਚ ਇਹ ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ‘ਇੰਡੀਅਨ ਹਿਸਟਰੀ ਕਾਂਗਰਸ’ ਦੇ ਇਸ ਸੈਸ਼ਨ ਵਿੱਚ ਉਸ ਖੇਤਰ ਦੇ ਇਤਿਹਾਸ ਅਤੇ ਸੱਭਿਆਚਾਰ ’ਤੇ ਇੱਕ ਵਿਸ਼ੇਸ਼ ਪੈਨਲ ਵੀ ਰੱਖ ਰਿਹਾ ਹੈ ਜਿੱਥੇ ਕਿ ਇਹ ਆਯੋਜਿਤ ਹੋ ਰਿਹਾ ਹੈ। ਇਸ 83ਵੇਂ ਸੈਸ਼ਨ ਵਿੱਚ ਇਸ ਪੈਨਲ ਦਾ ਸਿਰਲੇਖ ‘ਪੰਜਾਬ: ਅਤੀਤ ਅਤੇ ਵਰਤਮਾਨ’ ਹੈ, ਜਿਸ ਵਿੱਚ ਕਿ ਇੱਕ ਦਰਜਨ ਦੇ ਕਰੀਬ ਸਪੀਕਰ ਸ਼ਾਮਿਲ ਹੋਣਗੇ।
ਉਦਘਾਟਨੀ ਸਮਾਰੋਹ ਦੌਰਾਨ ਉਨ੍ਹਾਂ 12 ਨੌਜਵਾਨ ਖੋਜਾਰਥੀਆਂ ਨੂੰ ਵੱਖ-ਵੱਖ ਪੁਰਸਕਾਰ ਅਤੇ ਇਨਾਮ ਦਿੱਤੇ ਗਏ ਜਿਨ੍ਹਾਂ ਨੇ 2023 ਵਿੱਚ ਕਾਕਟੀਆ ਯੂਨੀਵਰਸਿਟੀ, ਵਾਰੰਗਲ ਵਿੱਚ ਆਯੋਜਿਤ ਕੀਤੇ ਗਏ ਪਿਛਲੇ ਸੈਸ਼ਨ ਵਿੱਚ ਆਪਣੀਆਂ ਖੋਜ ਗਤੀਵਿਧੀਆਂ ਪੇਸ਼ ਕੀਤੀਆਂ ਸਨ।
’ਇੰਡੀਅਨ ਹਿਸਟਰੀ ਕਾਂਗਰਸ’ ਦੇ ਪਹਿਲੇ ਦਿਨ ਹਲਕਾ ਅਮਰਗੜ੍ਹ ਤੋਂ ਵਿਧਾਇਕ ਸ੍ਰ. ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ।