ਮਕਾਨ, ਸੜਕਾਂ ਤੇ ਗੱਡੀਆਂ ਬਰਫ਼ ਨਾਲ ਢਕੀਆਂ, ਵੱਡੀ ਗਿਣਤੀ ਸੈਲਾਨੀ ਪਹੁੰਚੇ
ਸ਼ਿਮਲਾ, 28 ਦਸੰਬਰ, ਦੇਸ਼ ਕਲਿਕ ਬਿਊਰੋ :
ਸਰਦੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਧਰਤੀ ਬਰਫਬਾਰੀ ਕਾਰਨ ਚਿੱਟੀ ਹੋ ਗਈ ਹੈ। ਇੱਥੇ ਕਰੀਬ 4 ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਅਟਲ ਸੁਰੰਗ ਰੋਹਤਾਂਗ ਦੇ ਉੱਤਰੀ-ਦੱਖਣੀ ਧਰੁਵ ‘ਤੇ 3 ਫੁੱਟ ਤੋਂ ਜ਼ਿਆਦਾ ਬਰਫ ਜਮ੍ਹਾ ਹੋ ਗਈ ਹੈ। ਬੀਤੀ ਰਾਤ ਇੱਥੇ ਬਰਫ਼ੀਲਾ ਤੂਫਾਨ ਆਇਆ, ਜਿਸ ਕਾਰਨ ਠੰਢ ਵਧ ਗਈ ਹੈ।
ਇਸ ਦੇ ਨਾਲ ਹੀ ਰਾਜ ਦੇ ਕਬਾਇਲੀ ਜ਼ਿਲੇ ਲਾਹੌਲ ਸਪਿਤੀ ‘ਚ ਕੱਲ ਸ਼ਾਮ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਜ਼ਿਲੇ ਦਾ ਰਾਜਧਾਨੀ ਨਾਲ ਸੰਪਰਕ ਟੁੱਟ ਗਿਆ ਹੈ। ਇਸ ਤੋਂ ਇਲਾਵਾ ਲਾਹੌਲ ਦੇ ਸਿਸੂ ਅਤੇ ਕੋਕਸਰ ‘ਚ 2-2 ਫੁੱਟ ਬਰਫ ਜਮ੍ਹਾਂ ਹੋ ਗਈ ਹੈ। ਇਸ ਦੇ ਨਾਲ ਹੀ ਦਾਰਚਾ ਅਤੇ ਜਿਸਪਾ ‘ਚ ਇਕ ਫੁੱਟ ਤੱਕ ਬਰਫ ਪਈ ਹੈ। ਇਸ ਤੋਂ ਇਲਾਵਾ ਕੇਲੌਂਗ ‘ਚ 8 ਇੰਚ ਤੱਕ ਬਰਫ ਡਿੱਗ ਚੁੱਕੀ ਹੈ।
ਸੂਬੇ ਦੇ ਹੋਰ ਇਲਾਕਿਆਂ ਵਿੱਚ ਬੀਤੀ ਸ਼ਾਮ ਤੋਂ ਚੰਗੀ ਬਾਰਿਸ਼ ਹੋ ਰਹੀ ਹੈ। ਇਸ ਨਾਲ ਪਹਾੜਾਂ ‘ਚ ਲੰਬੇ ਸੁੱਕੇ ਦੌਰ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਤਾਜ਼ਾ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਇਸ ਨਾਲ ਸੈਲਾਨੀ 2025 ਦਾ ਸਵਾਗਤ ਬਰਫਬਾਰੀ ਦੇ ਵਿਚਕਾਰ ਕਰ ਸਕਣਗੇ।
ਬਰਫਬਾਰੀ ਨੇ ਸੂਬੇ ਦੇ ਸੈਲਾਨੀਆਂ ਦੇ ਨਾਲ-ਨਾਲ ਸੈਰ-ਸਪਾਟਾ ਕਾਰੋਬਾਰੀਆਂ, ਕਿਸਾਨਾਂ ਅਤੇ ਬਾਗਬਾਨਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆ ਦਿੱਤੀ ਹੈ। ਬਰਫਬਾਰੀ ਦੇਖਣ ਲਈ ਵੱਡੀ ਗਿਣਤੀ ਸੈਲਾਨੀ ਪਹਾੜਾਂ ‘ਤੇ ਪਹੁੰਚ ਗਏ ਹਨ ਅਤੇ ਇਹ ਸਿਲਸਿਲਾ ਜਾਰੀ ਹੈ।