ਚੰਡੀਗੜ੍ਹ: 29 ਦਸੰਬਰ, ਦੇਸ਼ ਕਲਿੱਕ ਬਿਓਰੋ
ਕਈ ਸ਼ਾਤਰ ਦਿਮਾਗ ਲੁਟੇਰਿਆਂ ਵੱਲੋਂ ਦਿਨੋਂ ਦਿਨ ਲੁੱਟ ਖੋਹ ਦੇ ਨਵੇਂ ਨਵੇਂ ਤਰੀਕੇ ਅਪਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਡਿਜੀਟਲ ਗ੍ਰਿਫਤਾਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਰੀਕਾ ਵਰਤ ਕੇ ਉਹ ਲੋਕਾਂ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਰਹੇ ਹਨ ਅਤੇ ਕਈ ਵਾਰ ਲੁੱਟ ਦੀ ਰਕਮ ਕਰੋੜਾਂ ਵਿੱਚ ਵੀ ਚਲੀ ਜਾਂਦੀ ਹੈ। ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਡਿਜੀਟਲ ਗ੍ਰਿਫਤਾਰੀ ਕੀ ਹੁੰਦੀ ਹੈ। ਤਾਂ ਆਓ ਪਹਿਲਾਂ ਇਸ ਬਾਰੇ ਜਾਣੀਏ । ਇਹ ਸਾਈਬਰ ਧੋਖਾਧੜੀ ਨੂੰ ਅੰਜਾਮ ਦੇਣ ਦਾ ਇੱਕ ਨਵਾਂ ਤਰੀਕਾ ਹੈ। ਜਿਸ ਵਿੱਚ ਘੁਟਾਲੇਬਾਜ਼ ਲੋਕਾਂ ਨੂੰ ਫਸਾਉਣ ਲਈ ਤਕਨੀਕ ਅਤੇ ਮਾਨਸਿਕ ਦਬਾਅ ਦੀ ਵਰਤੋਂ ਕਰਦੇ ਹਨ। ਇਸ ਤਰੀਕੇ ਨਾਲ ਇਹ ਠੱਗ ਵੀਡੀਓ ਕਾਲ ਜਾਂ ਆਡੀਓ ਕਾਲ ਰਾਹੀਂ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਵਜੋਂ ਪੇਸ਼ ਕਰਦੇ ਹਨ ਅਤੇ ਉਹ ਆਪਣੇ ਪੀੜਤਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਹਨ। ਤਾਂ ਜੋ ਲੋਕ ਉਨ੍ਹਾਂ ‘ਤੇ ਭਰੋਸਾ ਕਰ ਸਕਣ, ਕਈ ਵਾਰ ਇਹ ਠੱਗ ਪੁਲਿਸ ਸਟੇਸ਼ਨ ਵਰਗਾ ਸੈੱਟਅੱਪ ਬਣਾ ਲੈਂਦੇ ਹਨ ਅਤੇ ਵੀਡੀਓ ਕਾਲ ਰਾਹੀਂ ਪੀੜਤ ਨੂੰ ਡਰਾ ਕੇ ਉਸ ਤੋਂ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕਰਦੇ ਹਨ।
ਪੀੜਤ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਸ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਦੋਂ ਠੱਗਾਂ ਵੱਲੋਂ ਧਮਕੀ ਦਿੱਤੀ ਜਾਂਦੀ ਹੈ, ਤਾਂ ਉਹ ਆਪਣੀ ਮਰਜ਼ੀ ਨਾਲ ਆਪਣੇ ਪੈਸੇ ਉਨ੍ਹਾਂ ਨੂੰ ਸੌਂਪ ਦਿੰਦੇ ਹਨ। ਅਤੇ ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ, ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਅਤੇ ਕਈ ਵਾਰ ਤਾਂ ਇਹ ਕਰੋੜਾਂ ਤੱਕ ਵੀ ਹੁੰਦਾ ਹੈ।
ਫਿਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਡਿਜੀਟਲ ਗ੍ਰਿਫਤਾਰੀ ਵਿੱਚ ਧੋਖਾਧੜੀ ਕੀਤੀ ਗਈ ਰਕਮ ਨੂੰ ਬਰਾਮਦ ਕੀਤਾ ਜਾ ਸਕਦਾ ਹੈ? ਅਤੇ ਇਸ ਦੀ ਸ਼ਿਕਾਇਤ ਕਿੱਥੇ ਕਰਨੀ ਹੈ?
ਕਿਹਾ 24 ਤੋਂ 28 ਘੰਟਿਆਂ ਦੇ ਅੰਦਰ ਡਿਜੀਟਲ ਗ੍ਰਿਫਤਾਰੀ ਦੀ ਸ਼ਿਕਾਇਤ ਦਰਜ ਕਰਨ ਨਾਲ ਧੋਖਾਧੜੀ ਕੀਤੀ ਗਈ ਰਕਮ ਵਾਪਸ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਭ ਤੋਂ ਪਹਿਲਾਂ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ 1930 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰੋ।
ਫਿਰ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ https://cybercrime.gov.in/ ‘ਤੇ ਆਪਣੀ ਸ਼ਿਕਾਇਤ ਦਰਜ ਕਰੋ।
ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ‘ਤੇ ਜਾਓ ਅਤੇ ਤੁਹਾਡੇ ਨਾਲ ਹੋਈ ਧੋਖਾਧੜੀ ਬਾਰੇ ਲਿਖਤੀ ਸ਼ਿਕਾਇਤ ਦਰਜ ਕਰੋ।
ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਫੰਡਾਂ ਨੂੰ ਬਲੌਕ ਕਰਨ ਲਈ ਕਹੋ। ,ਅਤੇ ਜਿਸ ਅਕਾਊਂਟ ਵਿੱਚ ਪੈਸੇ ਪਹੁੰਚੇ ਹਨ ਉਸ ਨੂੰ ਫਰੀਜ਼ ਕਰਵਾਇਆ ਜਾਵੇ ਤਾਂ ਕਿ ਸਕੈਮ ਕਰਨ ਵਾਲਾ ਵਿਅਕਤੀ ਪੈਸੇ ਕਢਵਾ ਨਾ ਸਕੇ।