ਹਜ਼ਾਰ ਤੋਂ ਵੱਧ ਵਾਹਨ ਫਸੇ, ਕਈ ਰਾਸ਼ਟਰੀ ਮਾਰਗ ਬੰਦ, ਅਟਲ ਸੁਰੰਗ ‘ਚ ਆਵਾਜਾਈ ਰੋਕੀ
ਨਵੀਂ ਦਿੱਲੀ, 29 ਦਸੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਸਾਲ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ।
ਹਿਮਾਚਲ ਪ੍ਰਦੇਸ਼ ‘ਚ ਸ਼ਨੀਵਾਰ ਰਾਤ ਨੂੰ ਬਰਫੀਲਾ ਤੂਫਾਨ ਆਇਆ। ਰੋਹਤਾਂਗ ਦੇ ਉੱਤਰੀ ਅਤੇ ਦੱਖਣੀ ਧਰੁਵ ‘ਤੇ 24 ਘੰਟਿਆਂ ਦੇ ਅੰਦਰ 3 ਫੁੱਟ ਤੋਂ ਜ਼ਿਆਦਾ ਬਰਫ ਜਮ੍ਹਾ ਹੋ ਗਈ ਹੈ। ਅਟਲ ਸੁਰੰਗ ‘ਚ ਆਵਾਜਾਈ ਰੋਕ ਦਿੱਤੀ ਗਈ ਹੈ।
ਹਿਮਾਚਲ ‘ਚ ਪਿਛਲੇ 24 ਘੰਟਿਆਂ ਤੋਂ ਬਰਫਬਾਰੀ ਅਤੇ ਬਾਰਿਸ਼ ਦੋਵੇਂ ਹੀ ਜਾਰੀ ਹਨ। ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ। ਧਰਮਸ਼ਾਲਾ ਸਮੇਤ ਹੋਰ ਪਹਾੜੀ ਖੇਤਰਾਂ ਵਿੱਚ ਤਾਪਮਾਨ 0 ਤੋਂ 1 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ 8 ਇੰਚ, ਗੰਦਰਬਲ ‘ਚ 7 ਇੰਚ, ਸੋਨਮਰਗ ‘ਚ 8 ਇੰਚ ਬਰਫਬਾਰੀ ਹੋਈ ਹੈ। ਜਦਕਿ ਪਹਿਲਗਾਮ ‘ਚ 18 ਇੰਚ ਬਰਫ ਪਈ ਹੈ। ਸ੍ਰੀਨਗਰ-ਜੰਮੂ ਹਾਈਵੇਅ ਵੀ ਬੰਦ ਹੈ। ਇੱਥੇ 1200 ਤੋਂ ਵੱਧ ਵਾਹਨ ਫਸੇ ਹੋਏ ਹਨ। ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਇਕ ਵੀ ਫਲਾਈਟ ਨਹੀਂ ਉਡਾਈ ਗਈ। ਰੇਲਵੇ ਆਵਾਜਾਈ ਵੀ ਪ੍ਰਭਾਵਿਤ ਰਹੀ।
ਉਤਰਾਖੰਡ ਦੇ ਪਹਾੜਾਂ ‘ਚ ਲਗਾਤਾਰ ਬਰਫਬਾਰੀ ਅਤੇ ਬਾਰਿਸ਼ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਚੀਨ ਸਰਹੱਦ ਨੂੰ ਜੋੜਨ ਵਾਲਾ ਜੋਸ਼ੀਮਠ-ਨੀਤੀ ਰਾਸ਼ਟਰੀ ਰਾਜਮਾਰਗ ਵੀ ਸੁਰੈਥੋਥਾ ਤੋਂ ਅੱਗੇ ਬੰਦ ਹੈ।
ਕੇਦਾਰਨਾਥ ਅਤੇ ਬਦਰੀਨਾਥ ਨੂੰ ਜੋੜਨ ਵਾਲੇ ਚਮੋਲੀ-ਕੁੰਡ ਰਾਸ਼ਟਰੀ ਰਾਜਮਾਰਗ ਨੂੰ ਧੋਤੀਧਰ ਅਤੇ ਮੱਕੂ ਮੋੜ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਹੈ। ਕਰਨਾਪ੍ਰਯਾਗ ਜ਼ਿਲ੍ਹੇ ਦੇ 50 ਤੋਂ ਵੱਧ ਪਿੰਡਾਂ ਵਿੱਚ ਬਿਜਲੀ ਬੰਦ ਹੈ।