ਸੁਖਦੇਵ ਸਿੰਘ ਪਟਵਾਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ‘ਤੇ ਬੈਠੇ ਹਨ। ਅੱਜ ਉਨ੍ਹਾਂ ਦੇ ਵਰਤ ਦਾ 34ਵਾਂ ਦਿਨ ਹੈ। ਜਿਉਂ ਜਿਉਂ ਦਿਨ ਗੁਜ਼ਰਦਾ ਹੈ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿੱਚ ਬੇਚੈਨੀ ਵੱਧਦੀ ਜਾ ਰਹੀ ਹੈ। ਇਸ ਦੇ ਕਈ ਕਾਰਨ ਹਨ। ਮੋਦੀ ਸਰਕਾਰ ਲਈ ਹੁਣ ਨੇੜ ਭਵਿੱਖ ਵਿੱਚ ਕੋਈ ਚੋਣ ਨਹੀਂ, ਜਿਸ ਕਾਰਨ ਉਹ ਕਿਸਾਨ ਮਸਲਿਆਂ ਬਾਰੇ ਬੇਫਿਕਰ ਤੇ ਮੈਂ ਨਾ ਮਾਨੂੰ ਦੀ ਸਥਿੱਤੀ ਵਿੱਚ ਚੱਲ ਰਹੀ ਹੈ। ਦੂਜਾ ਸਮੁੱਚੀਆਂ ਕਿਸਾਨ ਯੂਨੀਅਨਾਂ ਦੀ ਅਗਵਾਈ ‘ਚ ਲੱਗੇ ਦਿੱਲੀ ਕਿਸਾਨ ਮੋਰਚੇ ਦੇ ਉਲਟ ਹੁਣ ਬਹੁਤੀਆਂ ਕਿਸਾਨ ਯੂਨੀਅਨਾਂ ਇਸ ਸੰਭੂ ਤੇ ਖਨੌਰੀ ਮੋਰਚੇ ਤੋਂ ਬਾਹਰ ਹਨ। ਮੰਗਾਂ ‘ਤੇ ਸਾਰੀਆਂ ਯੂਨੀਅਨਾਂ ਦੀ ਸਹਿਮਤੀ ਹੈ ਪਰ ਮੰਗਾਂ ਮਨਾਉਣ ਦੇ ਢੰਗ ਅਲੱਗ ਅਲੱਗ ਹਨ। ਹਾਲਾਂਕਿ ਦਿੱਲੀ ਮੋਰਚੇ ਦਾ ਤਜ਼ਰਬਾ ਵੀ ਇਸੇ ਤਰ੍ਹਾਂ ਦਾ ਸੀ। ਕਿਉਂਕਿ ਸਾਰਿਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਨਹੀਂ ਸੀ ਮਿੱਥਿਆ ਪਰ ਜਦੋਂ ਕਿਸਾਨਾਂ ਦੇ ਜੱਥੇ ਦਿੱਲੀ ਵੱਲ ਰਵਾਨਾ ਹੋ ਗਏ (ਕੁਝ ਜਥੇਬੰਦੀਆਂ ਦੇ ਫੈਸਲੇ ਅਨੁਸਾਰ) ਤਾਂ ਸਭ ਨੂੰ ਦਿੱਲੀ ਵੱਲ ਕੂਚ ਕਰਨਾ ਪਿਆ। ਅੰਤ ਕਿਸਾਨਾਂ ਦੇ ਦਬਾਅ ਹੇਠ ਵੱਡੇ ਛੋਟੇ ਫਰਕ ਮਿਟਾ ਕੇ ਸਾਂਝੀਆਂ ਮੰਗਾਂ, ਨਿਸ਼ਾਨਾ ਤਹਿ ਕਰਕੇ ਇੱਕਜੁੱਟ ਹੋ ਗਏ ਅਤੇ ਹੈਂਕੜਬਾਜ਼ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ। ਮੋਰਚੇ ਤੋਂ ਵਾਪਸੀ ਦੀ ਦੇਰ ਸੀ ਕਿ ਸਾਰੀਆਂ ਕਿਸਾਨ ਯੂਨੀਅਨਾਂ ਮੁੜ ਅਲੱਗ ਅਲੱਗ ਵਿੱਖਰ ਗਈਆਂ। ਮੋਦੀ ਸਰਕਾਰ ਵੱਲੋਂ ਮੰਗਾਂ ਤਾਂ ਕੀ ਮੰਨਣੀਆਂ ਸੀ ਸਗੋਂ ਮਜ਼ਬੂਰੀ ਵਸ ਵਾਪਸ ਲਏ ਕਾਲੇ ਕਾਨੂੰਨ ਵੀ ਹੁਣ ਨਵੇਂ ਰੂਪ ‘ਚ ਲਾਗੂ ਕਰਨ ਲਈ ਰਾਜਾਂ ਨੂੰ ਪ੍ਰਵਾਨ ਕਰਕੇ ਭੇਜਣ ਲਈ ਹੁਕਮ ਕਰ ਦਿੱਤੇ ਗਏ। (ਖੇਤੀ ਮੰਡੀਕਰਣ ਕੌਮੀ ਢਾਂਚੇ ਦਾ ਖਰੜਾ) ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਇਸ ਖਤਰੇ ਨੂੰ ਭਾਂਪ ਹੀ ਨਹੀਂ ਰਹੀਆਂ ਸਗੋਂ ਅਮਲ ‘ਚ ਮਹਿਸੂਸ ਕਰ ਰਹੀਆਂ ਹਨ, ਪਰ ਹਾਊਮੇ ਦੀ ਬੀਮਾਰੀ ਉਨ੍ਹਾਂ ਨੂੰ ਸਾਂਝੇ ਕਦਮ ਪੁੱਟਣ ਲਈ ਅੱਗੇ ਨਹੀਂ ਵੱਧਣ ਦਿੰਦੀ।
ਪਰ ਹੁਣ ਡੱਲੇਵਾਲ ਦੇ ਮਰਨ ਵਰਤ ਨੇ ਕਿਸਾਨ ਲੀਡਰਸ਼ਿਪ ਨੂੰ ਪਾਸੇ ਛੱਡਦਿਆਂ ਆਮ ਕਿਸਾਨਾਂ ‘ਚ ਹਮਦਰਦੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਤੇ ਉਸ ਦੀ ਜਾਨ ਬਚਾਉਣ ਲਈ ਕੁਝ ਕਰਨ ਦੀ ਗੱਲ ਕਿਸਾਨ ਜਥੇਬੰਦੀਆਂ ਦੇ ਗਲ ਫਾਹੀ ਵਾਂਗ ਪੈ ਰਹੀ ਹੈ।
ਆਮ ਕਿਹਾ ਜਾਂਦਾ ਹੈ ਕਿ ਸਿੱਖੀ ‘ਚ ਮਰਨ ਵਰਤ ਦੀ ਕੋਈ ਰਵਾਇਤ ਨਹੀਂ ਹੈ ਪਰ ਪੰਜਾਬ ਵਿੱਚ ਬਹੁਤੇ ਸਿੱਖਾਂ ਨੇ ਮਰਨ ਵਰਤ ਰੱਖ ਕੇ ਮੰਗਾਂ ਮਨਾਉਣ ਦਾ ਗਾਂਧੀਵਾਦੀ ਰਾਹ ਅਪਣਾਇਆ ਹੈ। ਇਹ ਢੰਗ ਆਜ਼ਾਦੀ ਸੰਘਰਸ਼ ਦੌਰਾਨ ਤੇ ਉਸ ਤੋਂ ਬਾਅਦ ਦੋਵੇਂ ਸਮਿਆਂ ‘ਚ ਵਰਤਿਆ ਗਿਆ ਹੈ। ਪੰਜਾਬ ਵਿੱਚ ਜਿੰਨੇ ਵੀ ਮਰਨ ਵਰਤ ਰੱਖੇ ਗਏ ਹਨ ਉਹ ਸਿਆਸੀ ਲੀਡਰਾਂ ਵੱਲੋਂ ਸਿਆਸੀ ਮੰਗਾਂ ਲਈ ਰੱਖੇ ਗਏ ਸਨ। ਪਰ ਇਹ ਪਹਿਲਾ ਮਰਨ ਵਰਤ ਹੈ ਜੋ ਕਿਸੇ ਵਿਸ਼ੇਸ਼ ਤਬਕੇ ਦੀਆਂ ਵਿਸ਼ੇਸ਼ ਮੰਗਾਂ ਦੀ ਪੂਰਤੀ ਲਈ ਰੱਖਿਆ ਗਿਆ ਹੈ। ਮਰਨ ਵਰਤ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ 11 ਜੂਨ 1929 ਨੂੰ ਮੀਆਂ ਵਾਲੀ ਜੇਲ੍ਹ ਲਾਹੌਰ ਵਿੱਚ ਕੀਤੀ ਜੋ ਜੇਲ੍ਹ ਵਿੱਚ ਸਿਆਸੀ ਕੈਦੀਆਂ ਦੀਆਂ ਸਹੂਲਤਾਂ ਲਈ ਸੀ। ਇਸ ਵਰਤ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਜਤਿੰਦਰ ਨਾਥ ਦਾਸ 63 ਦਿਨ ਬਾਅਦ 13 ਸਤੰਬਰ 1929 ਨੂੰ ਸ਼ਹੀਦ ਹੋ ਗਿਆ। ਪਰ ਭਗਤ ਸਿੰਘ ਵੱਲੋਂ 116 ਦਿਨ ਬਾਅਦ ਆਪਣੇ ਪਿਤਾ ਜੀ ਦੀ ਅਪੀਲ ਉੱਤੇ 5 ਅਕਤੂਬਰ 1929 ਨੂੰ ਮਰਨ ਵਰਤ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਆਜ਼ਾਦੀ ਮਿਲਣ ਬਾਅਦ ਪੰਜਾਬੀ ਸੂਬੇ ਦੀ ਕਾਇਮੀ ਲਈ ਮਾਸਟਰ ਤਾਰਾ ਸਿੰਘ ਨੇ 15 ਅਗਸਤ 1961 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਰਨ ਵਰਤ ਰੱਖਿਆ ਪਰ ਪੰਡਿਤ ਨਹਿਰੂ ਦੇ ਭਰੋਸੇ ਉੱਤੇ 48 ਦਿਨ ਬਾਅਦ ਉਨ੍ਹਾਂ ਵੀ ਮਰਨ ਵਰਤ ਛੱਡ ਦਿੱਤਾ। ਭਾਵੇਂ ਸੰਤ ਫਤਿਹ ਸਿੰਘ ਵੱਲੋਂ ਵੀ 18 ਦਸੰਬਰ 1960 ਨੂੰ ਪੰਜਾਬੀ ਸੂਬੇ ਦੀ ਕਾਇਮੀ ਲਈ ਮਰਨ ਵਰਤ ਰੱਖਿਆ ਗਿਆ ਸੀ ਪਰ ਥੋੜੇ ਸਮੇਂ ਬਾਅਦ ਇਹ ਵੀ ਤੋੜ ਦਿੱਤਾ ਗਿਆ। ਇਸ ਕੁਤਾਹੀ ਵਾਸਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਛਰ ਸਿੰਘ ਵੱਲੋਂ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨੂੰ 29 ਨਵੰਬਰ 1961 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਮਨ ਕਰਕੇ ਤਨਖਾਹ ਲਈ ਗਈ।
ਸੰਤ ਫਤਿਹ ਸਿੰਘ ਨੇ ਫਿਰ 17 ਦਸੰਬਰ 1966 ਨੂੰ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ‘ਅਗਨੀ ਕੁੰਡ‘ ਬਣਾ ਕੇ 10 ਦਿਨਾਂ ਵਿੱਚ ਮੰਗਾਂ ਨਾ ਮੰਨਣ ‘ਤੇ ਸਵੈ ਅਗਨ ਭੇਂਟ ਹੋਣ (self immolation) ਦਾ ਐਲਾਨ ਕਰ ਦਿੱਤਾ ਪਰ 27 ਦਸੰਬਰ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੇ ਭਰੋਸੇ ‘ਤੇ ਅਗਨ ਭੇਂਟ ਦਾ ਪ੍ਰੋਗਰਾਮ ਛੱਡ ਦਿੱਤਾ। ਸੰਤ ਫਤਿਹ ਸਿੰਘ ਵੱਲੋ ਅਰਦਾਸ ਕਰਕੇ ਤੋੜਣ ਦੇ ਮਸਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਰਹੇ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਕਰਨ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ। 84 ਸਾਲਾ ਫੇਰੂਮਾਨ ਨੂੰ 12 ਅਗਸਤ 1969 ਨੂੰ ਪੁਲਿਸ ਨੇ ਫੜ ਕੇ ਅੰਮ੍ਰਿਤਸਰ ਜੇਲ੍ਹ ਵਿੱਚ ਸੁੱਟ ਦਿੱਤਾ ਪਰ ਉਹ ਜੇਲ੍ਹ ਵਿੱਚ ਹੀ 15 ਅਗਸਤ 1969 ਤੋਂ 27 ਅਕਤੂਬਰ 1969 ਤੱਕ 74 ਦਿਨ ਮਰਨ ਵਰਤ ਉਪਰੰਤ ਸ਼ਹੀਦ ਹੋ ਗਏ। ਫਿਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ 82 ਸਾਲਾ ਬਾਬਾ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨ ਵਰਤ ਰੱਖ ਦਿੱਤਾ, ਜਿਨ੍ਹਾਂ ਨੂੰ ਇੱਥੋਂ ਚੁੱਕ ਕੇ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਉਨ੍ਹਾਂ ਨੂੰ 16 ਜਨਵਰੀ 2015 ਤੋਂ 14 ਜਨਵਰੀ 2023 ਤੱਕ ਨੱਕ ਰਾਹੀਂ ਟਿਊਬ ਲਾ ਕੇ ਖੁਰਾਕ ਦਿੱਤੀ ਗਈ। ਉਨ੍ਹਾਂ ਨੇ 90ਵੇਂ ਦਿਨ ‘ਤੇ ਜਗਤਾਰ ਸਿੰਘ ਹਵਾਰਾ ਦੀ ਅਪੀਲ ‘ਤੇ ਭੁੱਖ ਹੜਤਾਲ ਛੱਡ ਦਿੱਤੀ।
ਹੁਣ ਕਿਸਾਨ ਮੰਗਾਂ ਜਿਨ੍ਹਾਂ ਵਿੱਚ ਐਮ ਐਸ ਪੀ ਨੂੰ ਕਾਨੂੰਨੀ ਰੂਪ ‘ਚ ਲਾਗੂ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਊਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ 2024 ਤੋਂ ਮਰਨ ਵਰਤ ਸ਼ੁਰੂ ਕਰ ਦਿਤਾ ਹੈ ਜੋ ਅੱਜ 34ਵੇਂ ਦਿਨ ‘ਚ ਦਾਖਲ ਹੋ ਗਿਆ ਹੈ।ਸ. ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਰੱਖਣ ਤੋਂ ਬਾਅਦ ਖਿਲਰੀਆਂ ਹੋਈਆਂ ਕਿਸਾਨ ਯੂਨੀਅਨਾਂ ਤੇ ਬੇਲਾਗ ਹੋਈਆਂ ਸਿਆਸੀ ਪਾਰਟੀਆਂ ਨੂੰ ਖਨੌਰੀ ਬਾਰਡਰ ਯਾਦ ਆਉਣ ਲੱਗਾ ਹੈ। ਕਿਸਾਨ ਯੂਨੀਅਨਾਂ ਦਾ ਕਾਡਰ ਆਪਣੀਆਂ ਆਪਣੀਆਂ ਲੀਡਰਸ਼ਿਪਾਂ ਨੂੰ ਘੋਲਾਂ ‘ਚ ਸ਼ਾਮਲ ਹੋਣ ਲਈ ਤੇ ਡੱਲੇਵਾਲ ਦੀ ਜਾਨ ਬਚਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਡੱਲੇਵਾਲ-ਪੰਧੇਰ ਗੱਠਜੋੜ ਨੇ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਪਾਸੇ ਛੱਡਦਿਆਂ ਮੋਰਚਾ ਸ਼ੁਰੂ ਕੀਤਾ ਸੀ, ਜਿਸਨੂੰ ਸਰਕਾਰ ਨੇ ਭੋਰਾ ਭਰ ਵੀ ਨਹੀਂ ਗੌਲਿਆ। ਦਿੱਲੀ ਨੂੰ ਪੈਦਲ ਜਾਣ ਵਾਲੇ ਕਿਸਾਨ ਜੱਥਿਆਂ ਦਾ ਹਰਿਆਣਾ ਪੁਲਿਸ ਨੇ ਅੱਥਰੂਗੈਸ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਅਜੇ ਤੱਕ ਡੱਲੇਵਾਲ ਦੀਆਂ ਚਿੱਠੀਆਂ ਦਾ ਜਵਾਬ ਦੇਣ ਦੀ ਹਿਕਾਮਤ ਨਹੀਂ ਕੀਤੀ। ਇੱਥੋਂ ਤੱਕ ਕਿ ਸਰਕਾਰ ਨੇ ਅਜੇ ਤੱਕ ਕਿਸਾਨਾਂ ਨਾਲ ਰਸਮੀ ਮੀਟਿੰਗ ਕਰਨ ਦੀ ਭੋਰਾ ਭਰ ਵੀ ਗੱਲ ਨਹੀਂ ਕੀਤੀ। ਅਦਾਲਤਾਂ ਵੀ ਡੱਲੇਵਾਲ ਦੀ ਭਾਸ਼ਾ ‘ਚ “ਕੇਂਦਰ ਦੀ ਗੱਲ ਕਰ ਰਹੀਆਂ ਹਨ। ਕੇਂਦਰ ਨੂੰ ਮੰਗਾਂ ਮੰਨਣ ਦੀ ਥਾਂ ਉਸਦੀ ਭੁੱਖ ਹੜਤਾਲ ਤੜਵਾਉਣ ਲਈ ਕਹਿ ਰਹੀਆਂ ਹਨ”। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਅਦਾਲਤ ਦੀ ਹੁਕਮ ਅਦੂਲੀ( ਹੱਤਕ ਇੱਜਤ) ਕਰਨ ਦਾ ਐਲਾਨ ਕਰਦਿਆਂ ਅਗਲੀ ਤਾਰੀਖ ‘ਤੇ ਤਿਆਰ ਰਹਿਣ ਦਾ ਆਦੇਸ਼ ਦੇ ਦਿੱਤਾ ਹੈ। ਉੱਧਰ ਸੰਯੁਕਤ ਕਿਸਾਨ ਮੋਰਚੇ (ਗੈਰ ਸਿਆਸੀ) ਨੇ 30 ਦਸੰਬਰ ਨੂੰ ਪੰਜਾਬ ਬੰਦ ਤੇ 4 ਜਨਵਰੀ ਨੂੰ ਖਨੌਰੀ ਬਾਰਡਰ ‘ਤੇ ਸਾਰੇ ਦੇਸ਼ ਤੋਂ ਇਕੱਠ ਕਰਨ ਦਾ ਸੱਦਾ ਦਿੱਤਾ ਹੈ। ਮੋਦੀ ਸਰਕਾਰ ਅਜੇ ਕਿਸਾਨਾਂ ਦੇ ਭੈਅ ਤੋਂ ਬੇਖੌਫ ਉਨ੍ਹਾਂ ਨੂੰ ਅਣਗੌਲਿਆਂ ਕਰਕੇ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਦੀ ਵਿਉਂਤ ਬਣਾ ਰਹੀ ਹੈ। ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਸਰਕਾਰ ਆਪਣੀ ਹੇਠੀ ਦਾ ਬਦਲਾ ਲੈਣ ਲਈ ਤੇ ਕਾਰਪੋਰੇਟਾਂ ਲਈ ਖੇਤੀ ਨੂੰ ਹੜੱਪਣ ਦਾ ਰਾਹ ਖੋਹਲਣ ਲਈ ਮੁੜ ਕਾਹਲੀ ਵਿੱਚ ਹੈ। ਉਹ ਕਿਸਾਨਾਂ ਦੇ ਖਿੰਡਾਅ ਨੂੰ ਗਣੀਮਤ ਮੌਕਾ ਜਾਣ ਕੇ ਸੂਬਾ ਸਰਕਾਰਾਂ ਨੂੰ ਖੇਤੀ ਮਾਰਕੀਟਿੰਗ ਦਾ ਨਵਾਂ ਖਰੜਾ ਭੇਜ ਕੇ ਪਾਸ ਕਰਵਾਉਣਾ ਚਾਹੁੰਦੀ ਹੈ।
ਹੁਣ ਬਾਜ਼ੀ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਦੇ ਹੱਥ ‘ਚ ਹੈ। ਉਹ ਚਾਹੁਣ, ਮੋਦੀ ਸਰਕਾਰ ਨੂੰ ਦਿੱਲੀ ਮੋਰਚੇ ਦੀ ਤਰ੍ਹਾਂ ਉਲਟੀ ਬਾਜ਼ੀ ਵੀ ਲਗਾ ਸਕਦੀਆਂ ਹਨ ਅਤੇ ਆਪਣੀ ਹਾਊਮੈਂ ਨੂੰ ਪੱਠੇ ਪਾਉਣ ਲਈ ਖਿੰਡਾਅ ਮੁਖੀ ਵਰਤਾਰੇ ਨੂੰ ਹੋਰ ਹਵਾ ਦੇ ਕੇ ਸਰਕਾਰ ਲਈ ਕਾਲੇ ਕਾਨੂੰਨਾਂ ਨੂੰ ਨਵੇਂ ਰੂਪ ‘ਚ ਲਿਆਉਣ ਲਈ ਰਾਹ ਵੀ ਖੋਲ੍ਹ ਸਕਦੀਆਂ ਹਨ। ਡੱਲੇਵਾਲ ਅੱਜ ਤੱਕ ਆਪਣੇ ਸੰਕਲਪ ‘ਤੇ ਦ੍ਰਿੜ ਹਨ। ਉਹ ਕਹਿ ਰਹੇ ਹਨ ਕਿ ਜਾਂ ਤਾਂ ਸਰਕਾਰ ਐਮ ਐਸ ਪੀ ਨੂੰ ਕਾਨੂੰਨੀ ਰੂਪ ਦੇਵੇ ਨਹੀਂ ਮੇਰੀ ਜਾਨ ਲੈ ਲਵੇ।
ਹੁਣ ਸਭ ਤੋਂ ਗੰਭੀਰ ਸਵਾਲ ਇਹ ਖੜਾ ਹੋ ਗਿਆ ਹੈ ਕਿ ਜੇਕਰ ਸਰਕਾਰ ਨਹੀਂ ਮੰਨਦੀ ਤੇ ਡੱਲੇਵਾਲ ਸ਼ਹੀਦੀ ਪਾ ਜਾਂਦੇ ਹਨ ਤਾਂ ਅੱਗੇ ਕੀ ਹੋਵੇਗਾ? ਕੀ ਕਿਸਾਨ ਚੁੱਪ ਚਾਪ ਇਹ ਸਹਿਣ ਕਰ ਲੈਣਗੇ ਜਾਂ ਇਹ ਅੱਗ ਹੋਰ ਭੜਕ ਜਾਵੇਗੀ? ਇਹ ਸਵਾਲ ਕਿਸਾਨਾਂ ਦੇ ਨਾਲ ਸਰਕਾਰਾਂ ਨੂੰ ਵੀ ਬੇਚੈਨ ਕਰ ਰਿਹਾ ਹੈ। ਪਰ ਕਿਸਾਨ ਲੀਡਰਸ਼ਿਪ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਦੀ ਹਾਊਮੈਂ ਕਾਰਨ ਅੱਜ ਇਹ ਘੋਲ ਫੇਲ੍ਹ ਹੋ ਗਿਆ ਤਾਂ ਪੰਜਾਬ ਦੀ ਕਿਸਾਨੀ ਲੰਬਾ ਸੰਤਾਪ ਭੋਗਣ ਲਈ ਸੰਤਾਪੀ ਜਾਵੇਗੀ।