ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ‘ਬੁੱਢੇ ਦਰਿਆ’ ਅਤੇ 225 ਐਮ.ਐਲ.ਡੀ. ਐਸ.ਟੀ.ਪੀ. ਦਾ ਕੀਤਾ ਦੌਰਾ

ਪੰਜਾਬ

ਪੇਡਾ ਅਧਿਕਾਰੀਆਂ ਨੂੰ ਗੋਬਰ ਦੇ ਢੁਕਵੇਂ ਨਿਪਟਾਰੇ ਲਈ ਬਾਇਓਗੈਸ ਪਲਾਂਟ ਸਥਾਪਤ ਕਰਨ ਲਈ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਲੁਧਿਆਣਾ/ਚੰਡੀਗੜ੍ਹ, 29 ਦਸੰਬਰ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ‘ਬੁੱਢੇ ਦਰਿਆ’ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਬੁੱਢੇ ਦਰਿਆ’ ਅਤੇ 225 ਐਮ.ਐਲ.ਡੀ. ਜਮਾਲਪੁਰ ਐੱਸ.ਟੀ.ਪੀ (ਤਾਜਪੁਰ ਰੋਡ) ‘ਤੇ ਐਤਵਾਰ ਨੂੰ ਦੌਰਾ ਕੀਤਾ।

ਇਸ ਮੌਕੇ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ; ਡਾਇਰੈਕਟਰ, ਸਥਾਨਕ ਸਰਕਾਰਾਂ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ; ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਮੁੱਖ ਇੰਜਨੀਅਰ ਰਵਿੰਦਰ ਗਰਗ, ਲੁਧਿਆਣਾ ਦੇ ਪੀ.ਪੀ.ਸੀ.ਬੀ ਦੇ ਚੀਫ ਇੰਜਨੀਅਰ ਆਰ ਕੇ ਰੱਤੜਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ (ਪੀ.ਡਬਲਿਊ.ਐਸ.ਐਸ.ਬੀ) ਦੇ ਇੰਜਨੀਅਰ ਇਨ ਚੀਫ਼ ਮੁਕੇਸ਼ ਗਰਗ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

‘ਬੁੱਢੇ ਦਰਿਆ’ ਵਿੱਚ ਡੰਪ ਕੀਤੇ ਜਾ ਰਹੇ ਗੋਬਰ ਦੀ ਸਮੱਸਿਆ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਪੇਡਾ ਅਧਿਕਾਰੀਆਂ ਨੂੰ ਗੋਬਰ ਦੇ ਢੁਕਵੇਂ ਨਿਪਟਾਰੇ ਲਈ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਬਾਇਓ ਗੈਸ ਪਲਾਂਟ ਸਥਾਪਤ ਕਰਨ ਦੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਇੱਕ ਬਾਇਓਗੈਸ ਪਲਾਂਟ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਇੱਕ ਵਾਧੂ ਪਲਾਂਟ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਸਥਾਪਿਤ ਕੀਤਾ ਜਾਣਾ ਹੈ ਜਿੱਥੇ ਗੋਬਰ ਦੀ ਵਰਤੋਂ ਬਾਇਓ ਗੈਸ ਪੈਦਾ ਕਰਨ ਲਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡੇਅਰੀ ਕੰਪਲੈਕਸਾਂ ਤੋਂ ਗੋਬਰ ਨੂੰ ਚੁੱਕਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਨਿਯੁਕਤ ਕਰਨ ਅਤੇ ਪੇਡਾ ਦੁਆਰਾ ਬਾਇਓਗੈਸ ਪਲਾਂਟਾਂ ਨੂੰ ਚਾਲੂ ਕਰਨ ਤੱਕ ਨਿਰਧਾਰਤ ਕੀਤੇ ਪੁਆਇੰਟਾਂ ‘ਤੇ ਡੰਪ ਕਰਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਅਰੀ ਯੂਨਿਟਾਂ ਤੋਂ ਗੋਬਰ ਨੂੰ ਚੁੱਕਣ ਅਤੇ ਦੋ ਨਿਰਧਾਰਤ ਪੁਆਇੰਟਾਂ ‘ਤੇ ਡੰਪ ਕਰਨ ਲਈ ਨਗਰ ਨਿਗਮ ਦੀ ਮਸ਼ੀਨਰੀ ਅਤੇ ਮੈਨ ਪਾਵਰ ਪਹਿਲਾਂ ਹੀ ਤਾਇਨਾਤ ਕੀਤੀ ਜਾ ਚੁੱਕੀ ਹੈ। ਹੁਣ ਇਸ ਲਈ ਠੇਕੇਦਾਰਾਂ ਨੂੰ ਨਿਯੁਕਤ ਕਰਨ ਲਈ ਟੈਂਡਰ ਜਾਰੀ ਕੀਤੇ ਜਾਣਗੇ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਐਮ.ਪੀ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ (ਪੀ.ਪੀ.ਸੀ.ਬੀ) ਦੇ ਅਧਿਕਾਰੀਆਂ ਨੂੰ ਡਾਇੰਗ ਇੰਡਸਟਰੀ ਸੀ.ਈ.ਟੀ.ਪੀਜ਼ ਅਤੇ ਨਗਰ ਨਿਗਮ ਦੇ ਐਸ.ਟੀ.ਪੀਜ਼ ਦੇ ਕੰਮਕਾਜ ਦੀ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੀ.ਪੀ.ਸੀ.ਬੀ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕਦਮ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਇਲੈਕਟ੍ਰੋਪਲੇਟਿੰਗ ਉਦਯੋਗ ਦਾ ਗੰਦਾ ਪਾਣੀ ਸੀਵਰੇਜ ਲਾਈਨਾਂ ਵਿੱਚ ਡੰਪ ਨਾ ਹੋਵੇ।

ਇਸ ਤੋਂ ਇਲਾਵਾ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਬੁੱਢੇ ਦਰਿਆ ਦੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਠੇਕੇਦਾਰ ਨੂੰ ਗਊਸ਼ਾਲਾ ਪੁਆਇੰਟ ਤੋਂ ਐਸ.ਟੀ.ਪੀ ਜਮਾਲਪੁਰ ਤੱਕ ਸੀਵਰੇਜ ਦੇ ਪਾਣੀ ਨੂੰ ਪੰਪ ਕਰਨ ਲਈ ਆਰਜ਼ੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਜਦੋਂ ਤੱਕ ਗਊਸ਼ਾਲਾ ਵਾਲੀ ਥਾਂ ‘ਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਸਥਾਪਿਤ ਨਹੀਂ ਹੋ ਜਾਂਦਾ। ਗਊਸ਼ਾਲਾ ਆਈ.ਪੀ.ਐਸ ਸਥਾਪਤ ਕਰਨ ਦਾ ਪ੍ਰੋਜੈਕਟ ਚੱਲ ਰਹੇ ਅਦਾਲਤੀ ਕੇਸ ਕਾਰਨ ਪੈਂਡਿੰਗ ਹੈ। ਠੇਕੇਦਾਰ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਦੋਵੇਂ ਡੇਅਰੀ ਕੰਪਲੈਕਸਾਂ ਵਿੱਚ ਡੇਅਰੀ ਯੂਨਿਟਾਂ ਦੇ ਕੁਨੈਕਸ਼ਨਾਂ ਨੂੰ ਸਹੀ ਢੰਗ ਨਾਲ ਟੈਪ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡੇਅਰੀਆਂ ਦਾ ਕੂੜਾ ‘ਬੁੱਢੇ ਦਰਿਆ’ ਵਿੱਚ ਨਾ ਜਾਵੇ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਉਦਯੋਗ ਜਾਂ ਕਿਸੇ ਹੋਰ ਖੇਤਰ ਦੇ ਵਿਰੁੱਧ ਨਹੀਂ ਹਨ ਪਰ ਕਿਸੇ ਨੂੰ ਵੀ ‘ਬੁੱਢੇ ਦਰਿਆ’ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੂਬਾ ਸਰਕਾਰ ‘ਬੁੱਢੇ ਦਰਿਆ’ ਨੂੰ ਸਾਫ਼ ਕਰਨ ਦੇ ਪ੍ਰੋਜੈਕਟ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦਾ ਸਾਥ ਦੇਣ ਅਤੇ ‘ਬੁੱਢੇ ਦਰਿਆ’ ਵਿੱਚ ਕੂੜਾ ਸੁੱਟਣਾ ਬੰਦ ਕਰਨ।

ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ‘ਬੁੱਢੇ ਦਰਿਆ’ ਨੂੰ ਮੁੜ ਸੁਰਜੀਤ ਕਰਨ ਲਈ ‘ਕਾਰ ਸੇਵਾ’ ਦਾ ਦੂਜਾ ਪੜਾਅ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ ਸਮੇਂ ਦੌਰਾਨ ਕੁਝ ਡੇਅਰੀ ਯੂਨਿਟਾਂ ਦੇ ਗੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨ ਵੀ ਕੱਟੇ ਗਏ ਹਨ।

ਸੰਸਦ ਮੈਂਬਰ ਸੀਚੇਵਾਲ ਨੇ ‘ਕਾਰ ਸੇਵਾ’ ਲਈ ‘ਬੁੱਢੇ ਦਰਿਆ’ ਵਾਲੀ ਥਾਂ ‘ਤੇ ਹੀ ਆਪਣਾ ਟੈਂਟ ਲਗਾ ਲਿਆ ਹੈ। ਸੰਸਦ ਮੈਂਬਰ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਬੁੱਢੇ ਦਰਿਆ ਦੀ ਸਫ਼ਾਈ ਲਈ ਸ਼ੁਰੂ ਕੀਤੀ ਗਈ ਇਸ ਲਹਿਰ ਦਾ ਹਿੱਸਾ ਬਣਨ ਲਈ ਅੱਗੇ ਆਉਣ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।