ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਗ੍ਰੰਥੀਆਂ ਸਿੰਘਾਂ ਅਤੇ ਪੁਜਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕਰਦਾ ਹਾਂ। ਇਸ ਯੋਜਨਾ ਦੇ ਤਹਿਤ ਮੰਦਰਾਂ ਵਿੱਚ ਭਗਵਾਨ ਦੀ ਪੂਜਾ ਕਰਨ ਵਾਲੇ, ਲੋਕਾਂ ਨੂੰ ਪੂਜਾ ਕਰਵਾਉਣ ਵਾਲੇ ਪੁਜਾਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਸਿੰਘਾਂ ਨੂੰ ਹਰ ਮਹੀਨੇ ਸਨਮਾਨ ਰਾਸ਼ੀ ਦੇਣ ਦਾ ਪ੍ਰਬੰਧ ਹੈ। ਪੁਜਾਰੀ ਸਾਡੇ ਸੁਖ ਦੁੱਖ ਵਿੱਚ ਕੰਮ ਆਉਂਦੇ ਹਨ। ਵਿਆਹ ਹੋਵੇ, ਬੱਚੇ ਦਾ ਜਨਮ ਦਿਨ ਹੋਵੇ, ਕੋਈ ਖੁਸ਼ੀ ਦਾ ਮੌਕੇ ਹੋਵੇ ਜਾਂ ਕਿਸੇ ਦੀ ਮੌਤ ਹੋ ਜਾਵੇ, ਹਰ ਸਮੇਂ ਸਾਡੇ ਨਾਲ ਰਹਿੰਦੇ ਹਨ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰ ਮਹੀਨੇ ਮੰਦਰ ਦੇ ਪੁਜਾਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਸਿੰਘਾਂ ਨੂੰ 18000 ਰੁਪਏ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ। ਇਸ ਯੋਜਨਾ ਲਈ ਕੱਲ੍ਹ ਤੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ।