ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਅੰਦੋਲਨ ਦੇ ਸਮਰਥਨ ‘ਚ ਕਿਸਾਨਾਂ ਨੇ ਅੱਜ ਸੋਮਵਾਰ ਨੂੰ ਪੰਜਾਬ ਬੰਦ ਰੱਖਿਆ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨ 140 ਥਾਵਾਂ ‘ਤੇ ਹਾਈਵੇਅ ਅਤੇ ਰੇਲਵੇ ਟਰੈਕ ‘ਤੇ ਬੈਠੇ ਰਹੇ। ਇਸ ਦੌਰਾਨ ਅੰਮ੍ਰਿਤਸਰ-ਜਲੰਧਰ-ਪਾਣੀਪਤ-ਦਿੱਲੀ ਅਤੇ ਅੰਮ੍ਰਿਤਸਰ-ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਸਾਰੀਆਂ ਯੂਨੀਵਰਸਿਟੀਆਂ ਨੇ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਕਿਸੇ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜਬੂਰ ਨਹੀਂ ਕੀਤਾ। ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨਾਂ, ਜਥੇਬੰਦੀਆਂ ਅਤੇ ਯੂਨੀਅਨਾਂ ਦਾ ਸਮਰਥਨ ਪ੍ਰਾਪਤ ਹੋਇਆ। ਕਰੀਬ 270 ਥਾਵਾਂ ‘ਤੇ ਪ੍ਰਦਰਸ਼ਨ ਹੋਏ।
ਕਿਸਾਨਾਂ ਦੀ ਹੜਤਾਲ ਕਾਰਨ ਰੇਲਵੇ ਨੇ ਵੰਦੇ ਭਾਰਤ ਸਮੇਤ 163 ਟਰੇਨਾਂ ਰੱਦ ਕਰ ਦਿੱਤੀਆਂ। ਪੰਜਾਬ ਤੋਂ 8 ਰਾਜਾਂ ਨੂੰ 576 ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਵੀ ਬੰਦ ਰਹੀਆਂ। ਹਰਿਆਣਾ ਤੇ ਹਿਮਾਚਲ ਸਮੇਤ ਹੋਰਨਾਂ ਸੂਬਿਆਂ ਦੀਆਂ ਬੱਸਾਂ ਵੀ ਪੰਜਾਬ ਨਹੀਂ ਆਈਆਂ।
ਇਸ ਤੋਂ ਇਲਾਵਾ ਗੈਸ ਅਤੇ ਪੈਟਰੋਲ ਪੰਪ ਦੇ ਨਾਲ-ਨਾਲ ਬਾਜ਼ਾਰ ਵੀ ਬੰਦ ਰਹੇ। ਹਾਲਾਂਕਿ ਲੁਧਿਆਣਾ ਦਾ ਮਸ਼ਹੂਰ ਚੌੜਾ ਬਾਜ਼ਾਰ ਖੁੱਲ੍ਹਾ ਰਿਹਾ। ਇੱਥੇ ਦੁਕਾਨਾਂ ਬੰਦ ਕਰਵਾਉਣ ਆਏ ਕਿਸਾਨਾਂ ਦੀ ਦੁਕਾਨਦਾਰਾਂ ਨਾਲ ਬਹਿਸ ਹੋ ਗਈ।