ਕਿਹਾ:- ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਤੇ ਰਾਜਨੀਤੀ ਤੇ ਨਿਰਾਦਰੀ ਕਰਨਾ ਸ਼ਰਮਨਾਕ ਗੱਲ
ਪਟਿਆਲਾ, 30 ਦਸੰਬਰ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕੀਤੇ ਜਾਣ ਦਾ ਸਮਰਥਨ ਕਰਦਿਆਂ ਕਿਹਾ ਕਿ ਜਿਸ
ਕਿਸਾਨ ਨੇ ਹਿੰਦੁਸਤਾਨ ਨੂੰ ਅਨਸੰਕਟ ਵਿੱਚੋਂ ਕੱਢ ਕੇ ਜੋ ਅੰਨਦਾਤਾ ਬਣ ਕੇ ਉਬਰਿਆ, ਉਸ ਨੂੰ ਹੀ ਅੱਜ ਆਪਣੇ ਹੱਕਾਂ ਲਈ ਸੜਕਾਂ ਤੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਜਿਸ ਕਿਸਾਨ ਨੇ ਅੰਨ ਦੇ ਮੰਗਤੇ ਨੂੰ ਅੰਨਦਾਤਾ ਬਣਾਇਆ ਤੇ ਕਿਸਾਨ ਨੇ ਆਪਣੀ ਸਖਤ ਮਿਹਨਤ ਨਾਲ ਲੋੜ ਤੋਂ ਵੀ ਜਿਆਦਾ ਪੈਦਾਵਾਰ ਕਰ ਦਿੱਤੀ, ਉਨਾਂ ਦੀਆਂ ਮੰਗਾਂ ਨੂੰ ਹੀ ਸਰਕਾਰਾਂ ਵੱਲੋਂ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਇਹ ਸਾਰੀਆਂ ਮੰਗਾਂ ਉਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਹਨ, ਜਿਨਾਂ ਨੂੰ ਲਾਗੂ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਰੇਖਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਗਏ ਮਰਨ ਵਰਤ ਦੇ 35ਵੇਂ ਦਿਨ ਵਿੱਚ ਦਾਖਲ ਹੋ ਚੁੱਕੇ ਹਨ ਤੇ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਤੱਕ ਨਹੀਂ ਦੇਖਣ ਨੂੰ ਮਿਲ ਰਿਹਾ ।
ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਿਸਾਨਾਂ ਨੂੰ ਉਨਾਂ ਵੱਲੋਂ ਕੀਤੇ ਗਏ ਬੰਦ ਦੌਰਾਨ ਪੂਰਾ ਸਮਰਥਨ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਦਫਤਰ ਅਤੇ ਕਾਲਜ ਵਿਦਿਅਕ ਸੰਸਥਾਵਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਬੰਦ ਕੀਤੀਆਂ ਗਈਆਂ ਹਨ ਜਿੱਥੇ ਕਿਤੇ ਵੀ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪਾਣੀ ਦਾ ਵੀ ਸੇਵਾ ਵਜੋਂ ਪ੍ਰਬੰਧ ਕੀਤਾ ਜਾਂਦਾ ਹੈ ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਸ ਮਹਾਨ ਸ਼ਖਸੀਅਤ ਨੇ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਤੇ ਦੇਸ਼ ਨੂੰ ਦੁਨੀਆਂ ਦੀ ਪੰਜਵੀਂ ਆਰਥਿਕ ਸ਼ਕਤੀ ਬਣਾ ਕੇ ਉਭਾਰਿਆ, ਉਸ ਮਹਾਨ ਸ਼ਖਸੀਅਤ ਦੀ ਮੌਤ ਤੇ ਵੀ ਰਾਜਨੀਤੀ ਤੇ ਨਿਰਾਦਰੀ ਕੀਤੀ ਜਾ ਰਹੀ ਹੈ, ਜੋਕਿ ਅਫਸੋਸਦਾਇਕ ਅਤੇ ਦੁੱਖਦਾਇਕ ਇੱਕ ਗੱਲ ਹੈ ਤੇ ਅਜਿਹਾ ਕਰਨ ਨਾਲ ਡਾ. ਮਨਮੋਹਨ ਸਿੰਘ ਦੀ ਸਾਖ ਨੂੰ ਢਾਹ ਲੱਗੀ ਹੈ।
Published on: ਦਸੰਬਰ 30, 2024 6:09 ਬਾਃ ਦੁਃ