ਮੋਹਾਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ :
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਪਿਛਲੇ ਇੱਕ ਸਾਲ ਤੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਚੱਲ ਰਿਹਾ ਹੈ। ਜਿੱਥੇ ਆਏ ਦਿਨ ਪੁਲਿਸ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਤੋਂ ਦੁਖੀ ਐਸਸੀ ਬੀਸੀ ਸਮਾਜ ਦੇ ਪੀੜਿਤ ਪਰਿਵਾਰ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚ ਰਹੇ ਹਨ। ਅੱਜ ਐਸਸੀ ਬੀਸੀ ਮੋਰਚੇ ਤੇ ਪਿੰਡ ਕੁੰਭੜਾ ਵਿੱਚ ਪਿਛਲੇ ਦਿਨੀਂ ਮਿਤੀ 13 ਨਵੰਬਰ 2024 ਨੂੰ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਹੋਏ ਦੋ ਨੌਜਵਾਨਾਂ ਦਮਨਪ੍ਰੀਤ ਤੇ ਦਿਲਪ੍ਰੀਤ ਦੇ ਮਾਪੇ ਪਹੁੰਚੇ। ਉਨ੍ਹਾਂ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਮਨਪ੍ਰੀਤ ਦੀ ਮ੍ਰਿਤਕ ਦੇ ਰੱਖ ਕੇ ਤਿੰਨ ਦਿਨ ਏਅਰਪੋਰਟ ਰੋਡ ਮੋਹਾਲੀ ਜਾਮ ਕੀਤਾ ਗਿਆ ਸੀ। ਜਿੱਥੇ ਮੋਹਾਲੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ, ਐਸਐਸਪੀ ਮੋਹਾਲੀ, ਐਸਡੀਐਮ ਮੋਹਾਲੀ ਤੇ ਹੋਰ ਉੱਚ ਅਧਿਕਾਰੀ ਪਹੁੰਚੇ ਸਨ। ਜਿਨਾਂ ਅੱਗੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨੂੰ ਇੱਕ ਇੱਕ ਕਰੋੜ ਰੁਪਏ ਮਾਲੀ ਮੱਦਦ, ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਇੱਕ-ਇੱਕ ਸਰਕਾਰੀ ਨੌਕਰੀ ਦੇਣ, ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਪ੍ਰਵਾਸੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ ਕੱਟਣ ਦੀ ਮੰਗ ਕੀਤੀ ਸੀ। ਮੌਕੇ ਆਏ ਉੱਚ ਅਧਿਕਾਰੀਆਂ ਨੇ ਸਭ ਕੁਝ ਮੰਨਦੇ ਹੋਏ ਧਰਨਾ ਚੁਕਵਾਇਆ ਤੇ ਦੋਨੋਂ ਨੌਜਵਾਨਾਂ ਦੇ ਸੰਸਕਾਰ ਕਰਵਾਏ। ਜਿਸ ਵਿੱਚ ਡੀਐਸਪੀ ਹਰਸਿਮਰਨ ਸਿੰਘ ਬੱਲ ਤੇ ਐਸਐਚਓ ਰੁਪਿੰਦਰ ਸਿੰਘ ਥਾਣਾ ਫੇਸ 8 ਨੇ ਦੋਨੋਂ ਪਰਿਵਾਰਾਂ ਤੇ ਇਲਾਕੇ ਦੇ ਮੋਹਤਬਰ ਲੋਕਾਂ ਨੂੰ ਗੁਮਰਾਹ ਕੀਤਾ। ਉਨਾਂ ਨੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਬਜਾਏ ਪਰਿਵਾਰਾਂ ਦੇ ਦੋ ਹਮਦਰਦ ਵਿਅਕਤੀਆਂ ਪਰਮਿੰਦਰ ਸਿੰਘ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਕੁੰਭੜਾ ਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਹੈ। ਜਿਸ ਕਰਕੇ ਮਿਤੀ 9/12/2024 ਨੂੰ ਐਸਐਸਪੀ ਦਫਤਰ ਮੋਹਾਲੀ ਦਾ ਘੇਰਾਓ ਕੀਤਾ ਗਿਆ ਸੀ। ਜਿੱਥੇ ਏਡੀਸੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਇੱਕ ਹਫਤੇ ਦਾ ਸਮਾਂ ਮੰਗਿਆ। ਪਰ 20 ਦਿਨ ਬੀਤ ਜਾਣ ਬਾਅਦ ਵੀ ਕੋਈ ਇਨ੍ਹਾਂ ਦੋਨੋਂ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਨਹੀਂ ਹੋਈ, ਨਾ ਪੀੜਿਤ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ, ਨਾ ਨਜਾਇਜ਼ ਦਰਜ ਕੀਤੇ ਪਰਚੇ ਰੱਦ ਕੀਤੇ ਹਨ ਅਤੇ ਨਾ ਆਜ਼ਾਦ ਘੁੰਮ ਰਹੇ ਦੋ ਕਾਤਲਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਅੱਜ ਦੁਖੀ ਹੋਏ ਦੋਨੋਂ ਪਰਿਵਾਰਾਂ ਨੇ ਫੇਸ 7 ਦੀਆਂ ਲਾਈਟਾਂ ਤੇ ਇੱਕ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੋਰਚੇ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਡੀਐਸਪੀ ਹਰਸਿਮਰਨ ਸਿੰਘ ਬੱਲ ਅਤੇ ਥਾਣਾ ਫੇਸ 8 ਦੇ ਐਸਐਚਓ ਰੁਪਿੰਦਰ ਸਿੰਘ ਦੀ ਇਹ ਪਹਿਲੀ ਵਧੀਕੀ ਨਹੀ ਹੈ। ਪਹਿਲਾਂ ਵੀ ਜਾਅਲੀ ਜਾਤੀ ਸਰਟੀਫਿਕੇਟਾਂ ਨੂੰ ਲੈ ਕੇ ‘ਰਿਜਰਵੇਸ਼ਨ ਚੋਰ ਫੜੋ ਮੋਰਚੇ’ ਤੇ ਇੱਕ ਧਰਨੇ ਦੌਰਾਨ ਮੇਰੇ ਅਤੇ ਮੇਰੀ ਪਤਨੀ ਗੁਰਨਾਮ ਕੌਰ ਦੇ ਖਿਲਾਫ ਮਿਤੀ 28/02/2024 ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਸੀ। ਜਿਸ ਦੀ ਇਨਕੁਆਰੀ ਐਸਪੀ ਹਰਵੀਰ ਸਿੰਘ ਅਟਵਾਲ ਨੇ ਪਿਛਲੇ 10 ਮਹੀਨਿਆਂ ਤੋਂ ਰੋਕੀ ਹੋਈ ਹੈ। ਦੂਸਰਾ ਕਤਲ ਹੋਏ ਦੋ ਨੌਜਵਾਨਾਂ ਦੇ ਪੀੜਿਤ ਪਰਿਵਾਰਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਂਦੇ ਕਰੀਬ ਡੇਢ ਮਹੀਨਾ ਬੀਤ ਗਿਆ ਹੈ। ਪਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਅੱਜ ਦੁਖੀ ਹੋਏ ਦੋਨੋਂ ਪਰਿਵਾਰ ਐਸਸੀ ਬੀਸੀ ਮੋਰਚੇ ਤੇ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਹਨ ਤੇ ਅਸੀਂ ਸਰਕਾਰ ਤੇ ਪੁਲਿਸ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਹਾਲੇ ਵੀ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਇੱਕ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਸਮੇਂ ਧਰਨਾਕਾਰੀਆਂ ਨੇ ਇੱਕ ਲਿਖਤੀ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜਿਆ। ਜਿਸ ਵਿੱਚ ਉਪਰੋਕਤ ਸਾਰੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪ੍ਰਸ਼ਾਸਨ ਵੱਲੋਂ ਇਹ ਮੰਗ ਪੱਤਰ ਲੈਣ ਲਈ ਐਸ ਡੀ ਐਮ ਮੋਹਾਲੀ ਦਮਨਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਇਹ ਮੰਗ ਪੱਤਰ ਕੇਂਦਰੀ ਗ੍ਰਹਿ ਮੰਤਰੀ ਤੱਕ ਜਲਦ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਰੋਸ ਪ੍ਰਦਰਸ਼ਨ ਵਿੱਚ ਪੀੜਤ ਪਰਿਵਾਰਾਂ ਦੇ ਮੈਂਬਰ ਸੋਨੀਆ ਰਾਣੀ, ਬਲਵਿੰਦਰ ਸਿੰਘ, ਪਿਆਰੀ, ਮਮਤਾ, ਸੁਰਿੰਦਰ ਸਿੰਘ ਛਿੰਦਾ, ਅਤੇ ਮੋਰਚੇ ਦੇ ਆਗੂ ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਪ੍ਰਿੰਸੀਪਲ ਬਨਵਾਰੀ ਲਾਲ, ਜੈ ਸਿੰਘ ਬਾੜਾ, ਲਖਵੀਰ ਸਿੰਘ ਰੁਪਾਲਹੇੜੀ, ਬਿਕਰਮਜੀਤ ਸਿੰਘ ਪੰਚ, ਹਰਨੇਕ ਸਿੰਘ ਮਲੋਆ, ਹਜ਼ਾਰਾਂ ਸਿੰਘ ਸਾਬਕਾ ਸਰਪੰਚ, ਨੰਬਰਦਾਰ ਬਲਵਿੰਦਰ ਸਿੰਘ, ਮਨਜੀਤ ਸਿੰਘ ਮੇਵਾ, ਸਤੀਸ਼ ਕੁਮਾਰ, ਸੁਰਿੰਦਰ ਸਿੰਘ ਕੰਡਾਲਾ, ਰਿਸ਼ੀਰਾਜ ਮਹਾਰ, ਸਰਪੰਚ ਬਲਵਿੰਦਰ ਸਿੰਘ ਮੱਕੜਿਆ, ਪਰਮਜੀਤ ਸਿੰਘ, ਅਜੈਬ ਸਿੰਘ, ਗੁਰਪਾਲ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਹੋਏ।