ਮੋਹਾਲੀ, 31 ਦਸੰਬਰ 2024: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਅਧੀਨ ਪ੍ਰਾਪਤ ਹੋਈਆ ਸ਼ਕਤੀਆਂ ਦੀ ਵਰਤੋਂ ਕਰਦਿਆ ਜ਼ਿਲ੍ਹੇ ਵਿੱਚ ਸਥਿਤ ਕਲੱਬਾਂ, ਹੋਟਲਾਂ, ਢਾਬਿਆਂ, ਦੁਕਾਨਾ, ਸੜਕ ਤੇ ਖੜੀਆਂ ਰੇੜੀਆ-ਫੜੀਆਂ ਆਦਿ ਨੂੰ ਬੰਦ ਕਰਨ ਦਾ ਸਮਾਂ ਮਿਤੀ 31-12-2024 ਅਤੇ 01-01-2025 ਦੀ ਦਰਮਿਆਨੀ ਰਾਤ ਸਮਾਂ ਰਾਤ 1:00 ਵਜੇ ਤੱਕ ਨੀਯਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾ ਸਕੇ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2024 ਦੀ ਸ਼ਾਮ ਨੂੰ ਦੇਰ ਰਾਤ ਤੱਕ ਕਲੱਬਾਂ, ਹੋਟਲਾਂ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਆਦਿ ਖੁੱਲੀਆਂ ਰਹਿੰਦੀਆਂ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਹੁਕਮ ਲਾਗੂ ਕੀਤੇ ਗਏ ਹਨ।
ਐਸ ਐਸ ਪੀ, ਕਰ ਤੇ ਆਬਕਾਰੀ ਵਿਭਾਗ, ਐਸ ਡੀ ਐਮ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਸਬੰਧੀ ਮੁਕਾਮੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਹਾਲਾਤ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਜਾਰੀ ਕੀਤਾ ਜਾਂਦਾ ਹੈ । ਇਹ ਹੁਕਮ ਮਿਤੀ 31 ਦਸੰਬਰ ਤੋਂ 01 ਜਨਵਰੀ 2025 ਤੱਕ ਜ਼ਿਲ੍ਹੇ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਣਗੇ।