ਅਸ਼ੀਰਵਾਦ ਸਕੀਮ ਤਹਿਤ 45083 ਲਾਭਪਾਤਰੀਆਂ ਨੂੰ 229.93 ਕਰੋੜ ਰੁਪਏ ਦੀ ਰਾਸ਼ੀ ਵੰਡੀਦੇ ਦਿੱਤੇ ਕਰਜੇ
ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਲ 2024 ਦੌਰਾਨ ਵੱਡੇ ਉਪਰਾਲੇ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦਾ ਵਿਦਿਅਕ, ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਵੱਖ ਵੱਖ ਸਕੀਮਾਂ ਲਾਗੂ ਕੀਤੀਆਂ।
ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਟੂਡੈਂਟਸ ਸਕੀਮ ਤਹਿਤ ਸਾਲ 2024-25 ਲਈ ਵਿਦਿਆਰਥੀਆਂ ਦੇ ਵਜ਼ੀਫੇ ਲਈ 245.00 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਾਲ 2017-18 ਤੋਂ 2019-20 ਦੀ ਬਕਾਇਆ ਫੀਸ ਲਈ 40 ਫੀਸਦੀ ਦੀ ਅਦਾਇਗੀ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ 92.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਸਰਕਾਰੀ ਸੰਸਥਾਵਾਂ ਅਤੇ ਪੰਜਾਬ ਰਾਜ ਦੇ ਵਿਦਿਆਰਥੀ ਜੋ ਕਿ ਹੋਰ ਰਾਜਾਂ ਦੀਆਂ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਹਨ, ਨੂੰ ਅਦਾਇਗੀ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2024-25 ਅਧੀਨ ਸਕਾਲਰਸ਼ਿਪ ਸਕੀਮ ਅਧੀਨ 2 ਲੱਖ 60 ਹਜ਼ਾਰ ਵਿਦਿਆਰਥੀਆਂ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਪੋਰਟਲ ਤੇ 2 ਲੱਖ 38 ਹਜ਼ਾਰ ਦੇ ਕਰੀਬ ਵਿਦਿਆਰਥੀ ਇਸ ਸਕੀਮ ਅਧੀਨ ਨਵੇਂ ਰਜਿਸਟਰਡ ਹੋਏ ਹਨ।
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ 29411 ਲਾਭਪਾਤਰੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 15672 ਲਾਭਪਾਤਰੀਆਂ ਕੁੱਲ 45083 ਲਾਭਪਾਤਰੀਆਂ ਨੂੰ 229.93 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅਸ਼ੀਰਵਾਦ ਸਕੀਮ ਨੂੰ ਹੋਰ ਸੁਖਾਲਾ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਇਸ ਸਕੀਮ ਅਧੀਨ ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਗਰੀਬ ਪਰਿਵਾਰ ਘਰੋ ਹੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ http://ashirwad.punjab.gov.in ਪੋਰਟਲ ਤੇ ਅਪਲਾਈ ਕਰ ਸਕਦੇ ਹਨ।
ਮੰਤਰੀ ਨੇ ਦੱਸਿਆ ਕਿ ਸਾਲ 2024-25 ਦੌਰਾਨ ਜ਼ਿਲ੍ਹਾ ਤਰਨਤਾਰਨ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕਰਨ ਲਈ 593.69 ਲੱਖ ਰੁਪਏ ਅਤੇ ਛੇ ਜ਼ਿਲ੍ਹਿਆਂ ਵਿੱਚ ਡਾ. ਬੀ.ਆਰ.ਅੰਬੇਡਕਰ ਭਵਨਾਂ ਦੀ ਮੁਰੰਮਤ ਲਈ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲੀ ਤੋਂ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਮੁਫ਼ਤ ਪਾਠ ਪੁਸਤਕਾਂ ਦੀ ਸਪਲਾਈ ਸਕੀਮ ਅਧੀਨ ਸਰਕਾਰ ਵੱਲੋਂ 39.69 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਰਾਹੀਂ ਅਨੁਸੂਚਿਤ ਜਾਤੀ ਭਾਈਚਾਰਿਆਂ ਦੇ ਜੀਵਨ ਵਿੱਚ ਨਵੇਂ ਬਦਲਾਅ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਦੇ ਆਦਰਸ਼ ਗ੍ਰਾਮ ਕੰਪੋਨੈਂਟ ਤਹਿਤ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ ਕੇਂਦਰੀ ਹਿੱਸੇ ਵਜੋਂ ਪ੍ਰਾਪਤ ਹੋਏ 39.98 ਕਰੋੜ ਰੁਪਏ ਜ਼ਾਰੀ ਕਰ ਦਿੱਤੇ ਗਏ ਹਨ।
ਮੰਤਰੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਅਨੁਸੂਚਿਤ ਜਾਤੀਆਂ ਦੇ 382 ਲਾਭਪਾਤਰੀਆਂ ਨੂੰ ਸੈਲਫ ਇੰਪਲਾਈਮੈਂਟ ਸਕੀਮਾਂ ਅਧੀਨ 6.62 ਕਰੋੜ ਰੁਪਏ ਦੇ ਕਰਜੇ ਸਮੇਤ ਸਬਸਿਡੀ ਦੀ ਰਕਮ ਵੰਡੀ ਗਈ। ਪੰਜਾਬ ਪੱਛੜੀਆਂ ਸ਼੍ਰੇਣੀਆਂ ਤੇ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸੈਲਫ ਇੰਪਲਾਈਮੈਂਟ ਸਕੀਮਾਂ ਅਧੀਨ 87 ਲਾਭਪਾਤਰੀਆਂ ਨੂੰ 2.36 ਕਰੋੜ ਰੁਪਏ ਦੇ ਕਰਜੇ ਦੀ ਰਕਮ ਵੰਡੀ ਗਈ।