ਕੋਈ ਡੁੱਬੀ, ਕੋਈ ਬਚੀ ਕੋਈ ਫਸੀ ਮੰਝਧਾਰ
ਸੁਖਦੇਵ ਸਿੰਘ ਪਟਵਾਰੀ
ਚੰਡੀਗੜ੍ਹ, 31 ਦਸੰਬਰ: ਸਾਲ 2024 ਨੇ ਖਤਮ ਹੋਣ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੇ ਧਮਾਕੇ ਕਰਕੇ ਕਈ ਪਾਰਟੀਆਂ ਨੂੰ ਡੂੰਘੇ ਟੋਇਆਂ ਵਿੱਚ, ਕਈਆਂ ਨੂੰ ਔਜੜ ਰਾਹਾਂ ‘ਤੇ ਅਤੇ ਕਈਆਂ ਨੂੰ ਵਿੰਗ ਵਲੇਵੇਂ ਪਾਉਂਦਿਆਂ ਸੜਕ ‘ਤੇ ਚਾੜ੍ਹਿਆ ਹੈ।
ਇਸ ਸਾਲ ਨੇ ਸਿਆਸੀ ਖੇਤਰ ਵਿੱਚ ਸਭ ਤੋਂ ਵੱਧ ਸੱਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਾਰੀ ਜੋ 4 ਜੂਨ 2024 ਨੂੰ ਆਏ ਪਾਰਲੀਮੈਂਟ ਦੇ ਨਤੀਜਿਆਂ ‘ਚ ਹਰ ਸਮੇਂ ਪਹਿਲੀ ਜਾਂ ਦੂਜੀ ਪੁਜ਼ੀਸ਼ਨ ਤੋਂ ਆਖਰੀ ਪੁਜ਼ੀਸ਼ਨ ‘ਤੇ ਆ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਨੂੰ ਉੱਪਰ ਹੇਠਾਂ ਡਿੱਕ ਡੋਲੇ ਖਵਾਉਂਦਿਆਂ ਫਿਰ ਵੀ ਸੜਕ ‘ਤੇ ਹੀ ਰੱਖਦਾ ਰਿਹਾ। ਸਾਲ ਦੇ ਮੱਧ ਵਿੱਚ ਕਾਂਗਰਸ ਨੂੰ ਵੱਡੀਆਂ ਆਸਾਂ ਜਗਾਈਆਂ ਪਰ ਸਾਲ ਦੇ ਆਖਰ ਤੱਕ ਫਿਰ ਪਾਰਟੀ ਨੂੰ ਸਖਤ ਮਿਹਨਤ ਕਰਨ ਦਾ ਸੰਕੇਤ ਦੇ ਗਿਆ। ਭਾਜਪਾ, ਜਿਸ ਨੂੰ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਸ਼ਹਿਰੀ ਕਾਡਰ ਦਾ ਵੱਡਾ ਇਜ਼ਾਫਾ ਹੋਣ ਦਾ ਭਰਮ ਬਣਿਆਂ ਸੀ, ਬਾਅਦ ਦੀਆਂ ਦੋ ਵਿਧਾਨ ਸਭਾਈ ਚੋਣਾਂ ਤੇ ਦੋ ਲੋਕਲ ਬਾਡੀ ਚੋਣਾ (ਪੰਚਾਇਤਾਂ ਤੇ ਮਿਉਂਸਪਲਟੀਆਂ) ‘ਚ ਫਿਰ ਗੋਤਾ ਖਵਾ ਗਿਆ।
ਪਿਛਲਾ ਸਾਲ 4 ਜੂਨ ਨੂੰ ਆਏ ਲੋਕ ਸਭਾ ਨਤੀਜਿਆਂ ‘ਚ ਪੰਜਾਬ ਕਾਂਗਰਸ ਨੂੰ 7, ਆਮ ਆਦਮੀ ਪਾਰਟੀ ਨੂੰ 3, ਅਕਾਲੀ ਦਲ ਨੂੰ 1, ਅਤੇ ਦੋ ਆਜ਼ਾਦ ਉਮੀਦਵਾਰਾਂ ਨੂੰ 1-1 ਸੀਟ ਦੇ ਕੇ ਕਈ ਸੰਕੇਤ ਦੇ ਗਿਆ। ਜਿੱਥੇ ਕਾਂਗਰਸ ਵਿੱਚ ਸਾਲ 2027 ‘ਚ ਆਪਣੀ ਸਰਕਾਰ ਬਣਾਉਣ ਦੀ ਲਾਲਸਾ ਪ੍ਰਬਲ ਹੋਈ, ਉੱਥੇ ਆਮ ਆਦਮੀ ਪਾਰਟੀ ਨੂੰ ਬਿਜਲੀ ਬਿੱਲ ਦੀ ਮੁਆਫੀ ਤੇ ਪੰਜਾਬ ‘ਚ ਨਵੀਂ ਸਰਕਾਰੀ ਭਰਤੀ ਦੇ ਸਿਰ ‘ਤੇ ਹੀ ਜ਼ਿਆਦਾ ਕੁਝ ਨਾ ਚੱਲਣ ਦਾ ਸੰਕੇਤ ਦੇ ਦਿੱਤਾ।
ਦੂਜੇ ਪਾਸੇ ਭਾਜਪਾ ਨੂੰ ਭਾਵੇਂ ਕੋਈ ਸੀਟ ਨਹੀਂ ਆਈ ਪਰ ਪਾਰਟੀ ਨੂੰ ਤੀਜੀ ਪੁਜ਼ੀਸ਼ਨ ਮਿਲਣ ਕਾਰਨ ਜਿੱਥੇ ਇਸ ‘ਚ ਅਕਾਲੀ ਦਲ ਨਾਲੋਂ ਵੱਡੀ ਪਾਰਟੀ ਹੋਣ ਦਾ ਭਰਮ ਪੈਦਾ ਹੋਇਆ ਉੱਥੇ ਇਹ ਅਹਿਸਾਸ ਵੀ ਹੋ ਗਿਆ ਕਿ ਭਾਜਪਾ ਇਕੱਲੀ ਨੂੰ ਪੰਜਾਬ ‘ਚ ਕੁਝ ਵੀ ਪੱਲੇ ਪੈਣ ਵਾਲਾ ਨਹੀਂ। ਇੱਕ ਸੀਟ ਲੈਣ ਦੇ ਬਾਵਜੂਦ ਸਭ ਤੋਂ ਮਾੜੀ ਹਾਲਤ ਅਕਾਲੀ ਦਲ ਦੀ ਹੋਈ ਜਿਸ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਣ ਨਾਲ ਦੋ ਆਜ਼ਾਦ ਰੈਡੀਕਲ ਸਿੱਖ ਵੀ ਜਿੱਤ ਗਏ। ਇਨ੍ਹਾਂ ਦੇ ਮੁਕਾਬਲੇ ‘ਤੇ ਖੜੇ ਅਕਾਲੀ ਉਮੀਦਵਾਰਾਂ ਦੀ ਬਹੁਤ ਬੁਰੀ ਹਾਲਤ ਰਹੀ। ਆਜ਼ਾਦ ਉਮੀਦਵਾਰਾਂ ਦਾ ਜਿੱਤਣਾ ਇਕੱਲਾ ਅਕਾਲੀ ਦਲ ਲਈ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਲਈ ਵੀ ਸੁਨੇਹਾ ਸੀ ਕਿ ਹੁਣ ਉਸ ਵੱਲ ਲੋਕਾਂ ਦਾ ਪਹਿਲਾਂ ਵਾਲਾ ਝੁਕਾਅ ਨਹੀਂ ਰਿਹਾ।
ਪਾਰਲੀਮੈਂਟ ਦੀਆਂ ਚੋਣਾਂ ਤੋਂ ਡੇਢ ਮਹੀਨਾ ਬਾਅਦ 13 ਜੁਲਾਈ ਨੂੰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਆਈ ਜਿੱਥੇ ਆਮ ਆਦਮੀ ਪਾਰਟੀ ਨੇ 54.98 ਫੀਸਦੀ ਵੋਟਾਂ ਲੈ ਕੇ ਆਪਣੀ ਖਰਾਬ ਹੋਈ ਪੜ੍ਹਤ ਮੁੜ ਬਹਾਲੀ ਵੱਲ ਪਹਿਲਾ ਕਦਮ ਪੁੱਟਿਆ। ਇਸ ਚੋਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੋਰਦਾਰ ਹਿੰਮਤ ਨਾਲ ਉਹ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੁਆਰਾ 39 ਫੀਸਦੀ ਵੋਟਾਂ ਨਾਲ ਜਿੱਤੀ ਪਾਰਲੀਮੈਂਟ ਦੀ ਸੀਟ ਦੀ ਗਰਦ ਹਟਾ ਦਿੱਤੀ ਤੇ ਆਪ ਵਿੱਚ ਹਿੰਮਤ ਕਰਨ ਨਾਲ ਲੋਕਾਂ ਦਾ ਵਿਸ਼ਵਾਸ਼ ਜਿ਼ਤਣ ਦਾ ਹੌਸਲਾ ਪੈਦਾ ਕੀਤਾ। ਇਸ ਚੋਣ ‘ਚ ਆਪ ਨੂੰ 57246 ਵੋਟਾਂ, ਭਾਜਪਾ ਨੂੰ 17921, ਕਾਂਗਰਸ ਨੂੰ 16757, ਅਕਾਲੀ ਦਲ ਨੂੰ 1242 ਤੇ ਬਸਪਾ ਨੂੰ 734 ਵੋਟਾਂ ਮਿਲੀਆਂ ਸਨ। ਨਤੀਜਿਆਂ ਨੇ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਹੋਣ ਦਾ ਭਰਮ ਤੋੜ ਦਿੱਤਾ।
ਜਲੰਧਰ ਜ਼ਿਮਨੀ ਚੋਣ ਤੋਂ ਤਿੰਨ ਮਹੀਨੇ ਬਾਅਦ ਪੰਜਾਬ ਦੀਆਂ ਪੰਚਾਇਤੀ ਚੋਣਾ 15 ਅਕਤੂਬਰ 2024 ਨੂੰ ਆ ਗਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲੀ। ਕਾਂਗਰਸ ਤੇ ਅਕਾਲੀ ਦਲ ਨੇ ਚੋਣਾਂ ‘ਚ ਵੱਡੀ ਹੇਰਾਫੇਰੀ ਦੇ ਦੋਸ਼ਾਂ ਦੇ ਨਾਲ ਨਾਲ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਪਰ ਨਾ ਅਦਾਲਤਾਂ ਨੇ ਤੇ ਨਾ ਨਤੀਜਿਆਂ ਨੇ ਇਨ੍ਹਾਂ ਪਾਰਟੀਆਂ ਦਾ ਸਾਥ ਦਿੱਤਾ। ਇਨ੍ਹਾਂ ਨਤੀਜਿਆਂ ਨੇ ਮੁੜ ਆਮ ਆਦਮੀ ਪਾਰਟੀ ਦੀ ਖੁੱਸੀ ਹੋਈ ਭੱਲ ਕਾਫੀ ਹੱਦ ਤੱਕ ਫਿਰ ਬਣਾ ਦਿੱਤੀ।
ਪੰਚਾਇਤੀ ਚੋਣਾਂ ਤੋਂ ਮਹੀਨਾ ਬਾਅਦ ਹੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਆ ਗਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਆਪਣੀ ਪੁਰਾਣੀ ਸ਼ਾਨ ਬਹਾਲ ਕਰਨ ਦਾ ਪਰਚਮ ਲਹਿਰਾ ਦਿੱਤਾ ਤੇ ਪਾਰਟੀ ਨੇ 4 ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੇ ਗੜ੍ਹ ਬਰਨਾਲਾ ‘ਚ ਕਾਂਗਰਸ ਜਿੱਤ ਪਈ। ਇੱਥੇ ਕਾਂਗਰਸ ਦੀ ਜਿੱਤ ਦਾ ਕਾਰਨ ਆਮ ਆਦਮੀ ਪਾਰਟੀ ਦਾ ਬਾਗੀ ਉਮੀਦਵਾਰ ਬਣਿਆਂ। ਜਿ਼ਥੇ ਅਕਾਲੀ ਦਲ ਨੇ ਇਨ੍ਹਾਂ ਚੋਣਾਂ ‘ਚੋਂ ਬਾਹਰ ਰਹਿ ਕੇ ਆਪਣਾ ਰਹਿੰਦਾ ਖੂੰਹਦਾ ਆਧਾਰ ਵੀ ਗੁਆ ਲਿਆ ਉੱਥੇ ਭਾਜਪਾ ਲਈ ਵੀ ਕੋਈ ਬਹੁਤਾ ਹੁੰਗਾਰਾ ਨਾ ਮਿਲਿਆ।
ਫਿਰ ਮਹੀਨੇ ਬਾਅਦ 5 ਕਾਰਪੋਰੇਸ਼ਨਾਂ ਤੇ 44 ਮਿੳਬਂਸਪਲਟੀਆਂ ਦੀਆਂ 21 ਦਸੰਬਰ ਨੂੰ ਚੋਣਾਂ ‘ਚ ਫਿਰ ਆਮ ਆਦਮੀ ਪਾਰਟੀ ਲਗਭਗ 55ਫੀਸਦੀ ਸੀਟਾਂ ‘ਤੇ ਕਾਬਜ਼ ਹੋ ਗਈ ਜਦੋਂ ਕਿ ਭਾਜਪਾ ਸਭ ਥਾਂ ਤੇ ਪਛੜ ਗਈ। ਪੰਜ ਕਾਰਪੋਰੇਸ਼ਨਾਂ ‘ਚ ਤਿੰਨ ‘ਤੇ ਆਪ ਵੱਧ ਸੀਟਾਂ ਲੈ ਲਈ ਜਦੋਂ ਕਿ ਦੋ ਤੇ ਕਾਂਗਰਸ ਨੇ ਵੱਧ ਸੀਟਾਂ ਜਿੱਤ ਕੇ ਦੂਜੇ ਦਰਜੇ ਦੀ ਪਾਰਟੀ ਹੋਣ ਦਾ ਰੁਤਬਾ ਹਾਸਲ ਕੀਤਾ।
ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ 2024 ਦਾ ਸਾਲ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਮਾੜਾ ਰਿਹਾ। ਜਿੱਥੇ ਪਾਰਟੀ ਸਿਆਸੀ ਖੇਤਰ ‘ਚ ਪਛੜੀ ਰਹੀ ਉੱਥੇ ਪਾਰਟੀ ਪੱਧਰ ‘ਤੇ ਵੀ ਟੁੱਟ ਖਿੰਡਾਅ ਦਾ ਸ਼ਿਕਾਰ ਹੋ ਗਈ। ਅਕਾਲ ਤਖਤ ਤੋਂ ਪਾਰਟੀ ਦੇ ਪ੍ਰਧਾਨ ਸਮੇਤ ਵੱਡੇ ਨੇਤਾਵਾਂ ਨੂੰ ਤਲਬ ਕਰਕੇ ਮੁਆਫੀ ਮੰਗਵਾਈ ਗਈ। ਅੱਜ ਵੀ ਪਾਰਟੀ ਤੇ ਇਸਦੀ ਧਾਰਮਿਕ ਬਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰੂਨੀ ਟਕਰਾਵਾਂ ਤੇ ਵਿਰੋਧਾਂ ਦਾ ਸ਼ਿਕਾਰ ਹੈ। ਭਾਜਪਾ ਦੀ ਸ਼ਹਿਰੀ ਵੋਟ ਬੈਂਕ ‘ਤੇ ਕਬਜ਼ੇ ਦੀ ਗੱਲ ਵੀ ਖੋਖਲੀ ਸਾਬਿਤ ਹੋਈ ਜਦੋਂ ਕਿ ਕਾਗਰਸ ਪਾਰਟੀ ਆਪਣੀ ਸਥਾਨਿਕ ਲੀਡਰਸ਼ਿਪ ਦੇ ਟਕਰਾਵਾਂ ਕਾਰਨ ਅੱਗੇ ਜਾਂਦੀ ਜਾਂਦੀ ਦੂਜੇ ਨੰਬਰ ‘ਤੇ ਆ ਟਿਕੀ।