ਲੁਧਿਆਣਾ, 31 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਅਧਿਆਪਕਾ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਾਲ ਹੀ ਚੁੰਨੀ ਨਾਲ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ। ਅੱਜ ਇੱਕ ਹਫ਼ਤੇ ਬਾਅਦ ਪੁਲੀਸ ਨੇ ਮਹਿਲਾ ਅਧਿਆਪਕ ਦੀ ਸ਼ਿਕਾਇਤ ’ਤੇ ਸਕੂਲ ਮੁਖੀ, ਪ੍ਰਿੰਸੀਪਲ ਅਤੇ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਘਟਨਾ ਹਲਵਾਰਾ ਦੇ ਪੱਖੋਵਾਲ ਦੀ ਹੈ। ਮੁਲਜ਼ਮਾਂ ਦੀ ਪਛਾਣ ਪ੍ਰਿੰਸੀਪਲ ਮਨਜੀਤ ਕੌਰ, ਪ੍ਰਧਾਨ ਭੁਪਿੰਦਰ ਸਿੰਘ ਅਤੇ ਮੈਡਮ ਰੁਪਿੰਦਰਜੀਤ ਕੌਰ ਵਜੋਂ ਹੋਈ ਹੈ। ਥਾਣਾ ਸੁਧਾਰ ਦੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਸਿਮਰਨਜੀਤ ਕੌਰ ਵਾਸੀ ਪਿੰਡ ਟੂਸਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਹ ਪੱਖੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਸੀਟੂ ਗਰੁੱਪ ਨੇ ਪੀੜਤ ਮਹਿਲਾ ਅਧਿਆਪਕ ਦੇ ਹੱਕ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

Published on: ਦਸੰਬਰ 31, 2024 5:24 ਬਾਃ ਦੁਃ