ਤਣਾਪੂਰਨ ਭੱਜ ਨੱਠ ਭਰੀ ਲਾਈਫ ਚ ਜਿੰਨਾ ਜ਼ਰੂਰੀ ਆਰਾਮ ਹੈ, ਉਸ ਤੋਂ ਕਿਤੇ ਵੱਧ ਜ਼ਰੂਰੀ ਹੈ ਪੋਸ਼ਟਿਕ ਆਹਾਰ l ਇਹੀ ਹੈ ਅਸਲ ਚ ਸਿਹਤ ਦਾ ਆਧਾਰ l ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦੁਰਲੱਭ ਚੀਜ਼ਾਂ ਖਾਂਦੇ ਹਾਂ ਤੇ ਬਹੁਤ ਮਹਿੰਗੀਆਂ ਹਨ l ਇਥੇ ਗੌਰ ਕਰੀਏ ਕਿ ਸਿਰਫ ਮਹਿੰਗੀਆਂ ਖੁਰਾਕੀ ਵਸਤਾਂ ਹੀ ਪੋਸ਼ਟਿਕ ਹੋਣ ਪ’ਸ਼ਣ ਨਾਲ ਭਰਪੂਰ ਹੋਣ, ਇਹ ਜ਼ਰੂਰੀ ਨਹੀਂ ਹੈ l ਸਸਤੀਆਂ ਖੁਰਾਕੀ ਵਸਤੂਆਂ ਵੀ ਮਹਿੰਗੀਆਂ ਤੋਂ ਕਿਤੇ ਵੱਧ ਪੋਸ਼ਟਿਕ ਤੇ ਸਿਹਤ ਨਾਲ ਭਰਪੂਰ ਹੋ ਸਕਦੀਆਂ ਹਨ l ਬੱਸ ਜ਼ਰੂਰੀ ਹੈ ਕਿ ਕਿਹੜੇ ਭੋਜਨ/ਡਾਇਟ ਚ ਕਿੰਨਾ ਪੋਸ਼ਣ ਹੈ l ਅਸਲ ਚ ਨਿਊਟ੍ਰਿਸ਼ਣ (ਪੋਸ਼ਣ) ਹੈ ਕੀ ? ਤੇ ਸਿਹਤ ਦੇ ਮੁੱਖ ਸਿਧਾਂਤ ਕੀ ਹਨ ?
ਡਾ ਅਜੀਤਪਾਲ ਸਿੰਘ ਐਮ ਡੀ
ਪੋਸ਼ਣ :
ਆਪ ਦੀ ਖੁਰਾਕ ਯਾਨੀ ਭੋਜਨ ਚ ਸੰਤੁਲਿਤ ਖੁਰਾਕ (balanced diet) ਬਹੁਤ ਜ਼ਰੂਰੀ ਹੈ ਤੇ ਉਸ ਚ ਤਾਕਤ (ਪੋਸ਼ਣ) ਹੋਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ l ਕੀ ਆਪ ਜਾਣਦੇ ਹੋ ਕਿ ਪੋਸ਼ਣ ਦੇ ਸਹੀ ਅਰਥ ਕੀ ਹਨ ਜਾਂ ਪੋਸ਼ਟਿਕ ਖੁਰਾਕ ਦਾ ਕੀ ਮਤਲਬ ਹੈ ? ਜੇ ਨਹੀਂ ਜਾਣਦੇ ਤਾਂ ਆਓ ਜਾਣੀਏ l ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪੋਸ਼ਣ/ਖੁਰਾਕ ਤੋਂ ਮਤਲਬ ਹੈ ਜੋ ਅਸੀਂ ਖਾ ਰਹੇ ਹਾਂ l ਉਹਨਾਂ ਨੂੰ ਛੱਡ ਕੇ ਰਸਾਇਣਾਂ ਤੋਂ ਬਣੇ ਭੋਜਨ ਦੀ ਵਰਤੋਂ ਕਰਨੀ ਜਦ ਕਿ ਅਜਿਹਾ ਕੁੱਝ ਹੈ ਨਹੀਂ l ਅਸਲ ਚ ਸਹੀ ਖਾਣਾ ਲੈਣ ਦਾ ਵਿਗਿਆਨ ਹੀ ਪੋਸ਼ਣ ਹੈ l ਅਸੀਂ ਜੋ ਖਾ ਰਹੇ ਹਾਂ ਉਸ ਵਿੱਚ ਕੀ ਕੀ ਪੋਸ਼ਟਿਕ ਤੱਤ ਹਨ, ਜੋ ਸਿਹਤ ਚ ਸੁਧਾਰ ਲਿਆਉਣ ਦੇ ਨਾਲ ਹੀ ਸਾਨੂੰ ਹੋਣ ਵਾਲੀਆਂ ਕੁੱਝ ਬਿਮਾਰੀਆਂ ਤੋਂ ਸੁਰੱਖਿਆ ਦਿੰਦੇ ਹਨ l ਨਾਲ ਹੀ ਇਹ ਖੁਰਾਕੀ ਤੱਤ ਸਾਨੂੰ ਹੋਣ ਵਾਲੀਆਂ ਕੁੱਝ ਬਿਮਾਰੀਆਂ ਤੋਂ ਸੁਰੱਖਿਆ ਦਿੰਦੇ ਹਨ l ਸਾਨੂੰ ਊਰਜਾ ਦਿੰਦੇ ਹਨ l ਨਾਲ ਉਹ ਖੁਰਾਕੀ ਤੱਤ ਸਾਨੂੰ ਕਿੰਨੀ ਮਾਤਰਾ ਚ ਤੇ ਕਦੋਂ ਕਦੋਂ ਤੇ ਕਿਹੜੇ ਪਦਾਰਥਾਂ ਨਾਲ ਮਿਲ ਕੇ ਖਾਣੇ ਚਾਹੀਦੇ ਹਨ ਆਦਿ ਦੇ ਵਿਸ਼ੇ ਵਿੱਚ ਜਾਣਕਾਰੀ ਹੋਣਾ ਆਦਿ ਸਭ ਕੁੱਝ ਪੋਸ਼ਣ ਵਿਗਿਆਨ ਦੇ ਤਹਿਤ ਆਉਂਦਾ ਹੈ l ਸਾਨੂੰ ਜੋ ਸਿਹਤ ਸਬੰਧੀ ਦਿਕਤਾਂ ਆਉਦੀਆਂ ਹਨ,ਉਹ ਸਾਨੂੰ ਖਾਣ ਕਰਕੇ ਨਹੀਂ ਬਲਕਿ ਲੋੜ ਤੋਂ ਵੱਧ ਖਾਣ ਕਰਕੇ ਹੁੰਦੀਆਂ ਹਨ l ਇਸ ਲਈ ਅਸੀਂ ਆਪਣੇ ਰੋਜ਼ਾਨਾਂ ਦੇ ਡਾਈਟ ਰੁਟੀਨ ਚ ਥੋੜੀ ਬਹੁਤੀ.ਤਬਦੀਲੀ ਕਰਕੇ ਸੰਤੁਲਿਤ ਯਾਨੀ ਪੋਸ਼ਟਿਕ ਤੇ ਸਿਹਤਮੰਦ ਖੁਰਾਕ/ ਡਾਈਟ ਪਾ ਸਕਦੇ ਹਾਂ l
ਪੋਸ਼ਣ/ਤਾਕਤ ਨਾਲ ਭਰਪੂਰ ਆਹਾਰ :
ਸਾਨੂੰ ਸਭ ਤੋਂ ਵੱਧ ਸਾਬਤ ਅਨਾਜ,ਤਾਜੇ ਤੇ ਮੌਸਮੀ ਫਲ ਸਬਜੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ l ਮੌਸਮੀ ਫਲ ਤੇ ਸਬਜੀਆਂ ਸਰੀਰ ਦੀਆਂ ਸਾਰੀਆਂ ਲੋੜਾਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਦੀਆਂ ਹਨ ਅਤੇ ਕੋਲਡ ਸਟੋਰੇਜ ਦੇ ਫਲਾਂ ਦੇ ਮੁਕਾਬਲੇ ਬਹੁਤ ਜਿਆਦਾ ਊਰਜਾ ਦੇਣ ਵਾਲੀਆਂ ਤੇ ਹੈਲਦੀ ਹੁੰਦੀਆਂ ਹਨ l ਸਾਡਾ ਭੋਜਨ ਮੁੱਖ ਤੌਰ ਤੇ ਕਾਰਬੋਹਾਈਡਰੇਟ,ਪ੍ਰੋਟੀਨ ਅਤੇ ਚਰਬੀ ਤੋਂ ਮਿਲ ਕੇ ਬਣਦਾ ਹੈ। ਸੰਤੁਲਿਤ ਡਾਇਟ ਵਿੱਚ 45 ਤੋਂ 65 ਫੀਸਦੀ ਕਾਰਬੋਹਾਈਡਰੇਟ,20 ਤੋਂ 35 ਫੀਸਦੀ ਫੈਟ/ਚਰਬੀ ਤੇ 10 ਤੋਂ 30 ਫੀਸਦੀ ਪ੍ਰੋਟੀਨ ਹੋਣੀ ਲਾਜਮੀ ਹੈ l ਇਹਨਾਂ ਤਿੰਨਾਂ ਦਾ ਜੋੜ ਜੇ ਭੁਜਨ ਚ ਹੈ ਤਾਂ ਉਹ ਭੋਜਨ ਸਰੀਰ ਦੀ ਊਰਜਾ ਬਣਾਈ ਰੱਖਣ ਦੀ ਲੋੜ ਪੂਰੀ ਕਰਦਾ ਹੈ l ਤਰਲ ਖੁਰਾਕ ਜਿਵੇਂ ਪਾਣੀ ਨਾਲ ਹੀ ਹਮੇਸ਼ਾ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪੇਟ ਅੰਦਰ ਸਾਫ ਰਹਿੰਦਾ ਹੈ ਤੇ ਕਬਜ਼ ਨਹੀਂ ਹੁੰਦੀ l
ਅਨਾਜ : ਅਨਾਜ ਚ ਕਾਰਬੋਹਾਈਡਰੇਟ,ਫਾਈਬਰ,ਥੋੜੀ ਪ੍ਰੋਟੀਨ, ਕੁੱਝ ਫੈਟ ਤੇ ਕਲੈਸਟ੍ਰੋਲ ਹੁੰਦਾ ਹੈ l ਇਸ ਨੂੰ ਆਦਰਸ਼ ਭੋਜਨ ਕਹਿੰਦੇ ਹਨ l ਕਣਕ,ਜਵਾਰ,ਬਾਜਰਾ,ਮੱਕਾ,ਜੌਅ ਆਦਿ ਦੇ ਮਿਕਸ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ l ਇਸ ਚ ਛੋਲੇ ਤੇ ਸੋਇਆਬੀਨ ਵੀ ਮਿਲਾਓ ਬੇਹਤਰ ਹੋਵੇਗਾ। ਇਹ ਮੋਟਾਪਾ,ਡਾਇਬਟੀਜ,ਕਿਡਨੀ ਜਾਂ ਦਿਲ ਦੇ ਰੋਗ ਹਾਈਕਲੈਸਟਰੋਲ,ਹਾਈ ਬਲੱਡ ਪ੍ਰੈਸ਼ਰ,ਪੇਟ ਦੀਆਂ ਸਮੱਸਿਆਵਾਂ,ਕਬਜ਼ਾ ਆਦਿ ਚ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੈ l
ਦਾਲ, ਮੇਵੇ, ਮਾਸ : ਦਾਲਾਂ ਤੇ ਡਰਾਈ ਫਰੂਟਸ ਪ੍ਰੋਟੀਨ ਦੇ ਬੇਹਤਰ ਸਰੋਤ ਹੁੰਦੇ ਹਨ l ਅਨਾਜ ਚ ਅਮਾਇਨੋਇਸਡ ਦੀ ਘੱਟ ਹੁੰਦੀ ਹੈ,ਜਿਸ ਦੀ ਪੂਰਤੀ ਦਾਲ ਤੇ ਡਰਾਈ ਫਰੂਟ ਤੋਂ ਹੋ ਸਕਦੀ ਹੈ l ਕਈ ਲੋਕ ਮਾਸਾਹਾਰੀ ਹਨ ਤਾਂ ਉਹ ਦਾਲ ਦੀ ਤਾਂ ਮਾਸ, ਚਿਕਨ, ਮੱਛੀ, ਮੀਟ, ਅੰਡਾ ਆਦਿ ਖਾ ਸਕਦੇ ਹਨ l ਪਰ ਧਿਆਨ ਰਹੇ ਕਿ ਮਾਸ ਜਿਆਦਾ ਚਰਬੀ ਵਾਲਾ ਨਾ ਹੋਵੇ l ਮੱਛੀ ਤੇ ਚਿਕਨ ਪ੍ਰੋਟੀਨ ਦੇ ਬਿਹਤਰ ਸਰੋਤ ਹਨ l ਮੱਛੀਆਂ ਚ ਸੈਚੂਰੇਟਡ ਫੇਟ ਘੱਟ ਹੁੰਦਾ ਹੈ ਤੇ ਕੁਝ ਮੱਛੀਆਂ ਚ ਫਾਇਦੇਮੰਦ ਫੈਟੀ ਐਸਿਡਜ਼ ਵੀ ਹੁੰਦੇ ਹਨ l
ਹਰੀਆਂ ਸਬਜੀਆਂ ਤੇ ਫਲ :
ਸਬਜ਼ੀਆਂ ਚ ਖਣਿਜ,ਲਵਨ,ਵਿਟਾਮਿਨ,ਆਇਰਨ, ਫਾਇਬਰ ਤੇ ਕੁਝ ਮਾਤਰਾ ਚ ਪ੍ਰੋਟੀਨ ਹੁੰਦੇ ਹਨ l ਕਾਰਬੋਹਾਈਡਰੇਟ ਤੇ ਕੈਲਸ਼ੀਅਮ ਵੀ ਬਹੁਤ ਸਾਰੀਆਂ ਸਬਜੀਆਂ ਤੇ ਫਲਾਂ ਚ ਹੁੰਦੇ ਹਨ,ਜੋ ਸਾਡੇ ਭੋਜਨ ਨੂੰ ਸੰਪੂਰਨ ਬਣਾਉਂਦੇ ਹਨ l ਹਰੀਆਂ ਸਬਜੀਆਂ ਤੇ ਸਾਰਾ ਹਮੇਸ਼ਾ ਮੌਸਮ ਤੇ ਰੁੱਤ ਮੁਤਾਬਿਕ ਕੀਮਤ ਹੀ ਵਰਤਣੇ ਚਾਹੀਦੇ ਹਨ l ਇਹਨਾਂ ਨੂੰ ਸਲਾਦ ਜਾਂ ਤਰਕਾਰੀ,ਸੂਪ ਜਾਂ ਜੂਸਾਂ ਆਦਿ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ l ਇਹਨਾਂ ਦੀ ਵਰਤੋਂ ਨਾਲ ਡਾਇਬਟੀਜ਼,ਪੇਟ ਦੇ ਰੋਗਾਂ,ਕਬਜ਼,ਹਾਈ ਬਲੱਡ ਪ੍ਰੈਸ਼ਰ,ਹਾਈ ਕੋਲੇਸਟਰੋਲ,ਕੈਂਸਰ,ਜੋੜਾਂ ਦੇ ਦਰਦ,ਸਿਰ ਦਰਦ,ਦਮਾ, ਲਕਵਾ, ਮੋਟਾਪਾ ਆਦਿ ਦੇ ਰੋਗਾਂ ਚ ਫਾਇਦਾ ਹੁੰਦਾ ਹੈ।
ਡੇਅਰੀ ਵਸਤਾਂ ਤੇ ਮਿਠਾਈਆਂ :
ਦੁੱਧ,ਮਖਣ,ਪਨੀਰ/ਚੀਜ਼,ਦਹੀਂ ਤੇ ਦੂਜੀਆਂ ਡੇਅਰੀ ਵਸਤਾਂ ਪ੍ਰੋਟੀਨ ਤੇ ਬੇਹਤਰ ਸਰੋਤ ਹਨ l ਇਹਨਾਂ ਚ ਕੈਲਸ਼ੀਅਮ,ਫਾਸਫੋਰਸ,ਵਿਟਾਮਨ-ਡੀ ਵੀ ਹੁੰਦਾ ਹੈ l ਸੰਤੁਲਿਤ ਭੋਜਨ ਦਾ ਇਹ ਜਰੂਰੀ ਹਿੱਸਾ ਹਨ ਪਰ ਇਹਨਾਂ ਨੂੰ ਵੀ ਇੱਕ ਕੰਟਰੋਲ ਮਾਤਰਾ ਚ ਹੀ ਖਾਣਾ ਚਾਹੀਦਾ ਹੈ l ਸੁਬਾਹ ਨਾਸ਼ਤੇ ਚ ਦੁੱਧ,ਚੀਜ਼ ਤੇ ਮੱਖਣ ਦੀ ਵਰਤੋਂ ਕਰੋ l ਦੁਪਹਿਰ ਵੇਲੇ ਭੋਜਨ ਨਾਲ ਦਹੀਂ,ਮੱਠਾ ਲੈਣਾ ਚਾਹੀਦਾ ਹੈ ਤੇ ਰਾਤ ਨੂੰ ਦੁੱਧ ਜਰੂਰ ਪੀਓ ਤਾਂ ਕਿ ਪੇਟ ਸਾਫ ਰਹੇ l ਮਿਠਾਈਆਂ ਤੇ ਮਿੱਠੇ ਪਦਾਰਥ ਘੱਟ ਤੋਂ ਘੱਟ ਮਾਤਰਾ ਚ ਲੈਣੇ ਚਾਹੀਦੇ ਹਨ l ਪੂਰੇ ਦਿਨ ਚ ਸ਼ਰੀਰ ਤੇ ਭੋਜਨ ਚ ਸ਼ੱਕਰ ਦੀ ਮਾਤਰਾ ਤਿੰਨ ਚਾਰ ਚਮਚ ਬਹੁਤ ਹੈ l ਇਸ ਦੀ ਵੱਧ ਨਹੀਂ ਲੈਣਾ ਚਾਹੀਦਾ l
ਆਪ ਦਾ ਬ੍ਰੇਕਫਾਸਟ ਕਿਹੋ ਜਿਹਾ ਹੋਵੇ ?
ਲਗਭਗ ਸਾਰੇ ਘਰਾਂ ਚ ਲੰਚ ਤੇ ਡਿਨਰ ਚ ਕੀ ਖਾਣਾ ਹੈ,ਇਸ ਬਾਰੇ ਬਹਿਸ ਤਾਂ ਚਲਦੀ ਹੀ ਰਹਿੰਦੀ ਹੈ ਪਰ ਬਰੇਕਫਾਸਟ ਬਾਰੇ ਉਹ ਭੁੱਲ ਹੀ ਜਾਂਦੇ ਹਨ l ਜਦ ਕਿ ਸਾਰੇ ਸਰੀਰ ਨੂੰ ਲੋੜੀਂਦੀ ਊਰਜਾ ਦੇਣ ਲਈ ਬਰੇਕਫਾਸਟ ਦਾ ਪੌਸ਼ਟਿਕ ਹੋਣਾ ਬੇਹੱਦ ਜਰੂਰੀ ਹੈ l ਰਾਤ ਦੇ ਡਿਨਰ ਪਿੱਛੋਂ 7-8 ਘੰਟੇ ਦੀ ਨੀਂਦ ਲਈ ਜਾਂਦੀ ਹੈ l ਉਸ ਤੋਂ ਜਾਗਣ ਪਿੱਛੋਂ ਤਿੰਨ-ਚਾਰ ਘੰਟੇ ਬਾਅਦ ਹੀ ਬਰੇਕਫਾਸਟ ਮਿਲਦਾ ਹੈ l ਯਾਨੀ ਪੂਰੇ 10-12 ਘੰਟੇ ਪਿੱਛੋਂ ਤਾਂ ਅਜਿਹੇ ਚ ਸ਼ਰੀਰ ਦੀ ਊਰਜਾ ਘਟ ਜਾਂਦੀ ਹੈ,ਜਿਸ ਨੂੰ ਦੁਬਾਰਾ ਚਾਰਜ ਕਰਨ ਲਈ ਬਰੇਕਫਾਸਟ ਲਿਆ ਜਾਂਦਾ ਹੈ l ਤਾਂ ਫਿਰ
ਕਿਹੋ ਜਿਹਾ ਹੋਵੇ ਬਰੇਕਫਾਸਟ ? ਸਰੀਰ ਨੂੰ ਫਿਟ ਰੱਖਣ ਲਈ ਤਨ,ਮਨ ਦੋਹਾਂ ਦਾ ਅਲਰਟ ਹੋਣਾ ਜਰੂਰੀ ਹੈ l ਇਸ ਦੇ ਲਈ ਲੋੜੀਂਦੀ ਊਰਜਾ ਦੀ ਲੋੜ ਹੈ,ਜੋ ਕਿ ਭੋਜਨ ਤੋਂ ਸਾਨੂੰ ਮਿਲਦੀ ਹੈ l ਜੇ ਸ਼ਰੀਰ ਨੂੰ ਤਾਜਾ ਐਨਰਜੀ/ਊਰਜਾ ਨਹੀਂ ਮਿਲੇਗੀ ਤਾਂ ਉਹ ਸ਼ਰੀਰ ਚ ਪਹਿਲਾਂ ਤੋਂ ਇਕੱਠੀ ਹੋਈ ਪਈ ਉਰਜਾ ਨੂੰ ਹਾਸਲ ਕਰਦਾ ਹੈ l ਇਸ ਨਾਲ ਸਰੀਰ ਤੇ ਲੋਡ ਪੈਂਦਾ ਹੈ ਤੇ ਮੈਟਾਬੋਲਿਜ਼ਮ ਰੇਟ (ਸਰੀਰ ਕੰਮ ਕਰਨ,ਇਥੋਂ ਤੱਕ ਕਿ ਸੌਣ,ਪੜਨ, ਬੈਠਣ,ਚਲਣ ਆਦਿ ਵਿੱਚ ਵੀ ਕਿੰਨੀਆਂ ਕੈਲਰੀਆਂ ਵਰਤਦਾ ਹੈ) ਘੱਟ ਹੋ ਜਾਂਦਾ ਹੈ l ਇਸ ਲਈ ਸਰੀਰ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਉਸ ਨੂੰ ਕੁਝ ਖਾਣਾ ਨਹੀਂ ਹਾਸਲ ਹੋ ਰਿਹਾ ਹੈ ਤੇ ਪਹਿਲਾਂ ਤੋਂ ਰਿਜ਼ਰਵ ਖਾਣਾ ਘੱਟ ਨਾ ਰਹਿ ਜਾਵੇ,ਇਸ ਲਈ ਉਹ ਮੈਟਾਬੋਲੀਜ਼ਮ ਰੇਟ ਘੱਟ ਕਰ ਦਿੰਦਾ ਹੈ l ਨਾਲ ਹੀ ਉਹ ਰਿਜਰਵ ਊਰਜਾ ਜੋ ਵੀ ਬਾਕੀ ਹਿਸਿਆਂ ਨੂੰ ਊਰਜਾ ਸਪਲਾਈ ਕਰਕੇ ਦਿਮਾਗ ਨੂੰ ਊਰਜਾ ਭੇਜਣੀ ਸ਼ੁਰੂ ਕਰ ਦਿੰਦਾ ਹੈ l ਇਸ ਨਾਲ ਥਕਾਵਟ ਹੋਣ ਲੱਗਦੀ ਹੈ, ਆਲਸ ਆਉਂਦਾ ਹੈ ਅਤੇ ਏਸਡ ਬਣਨ ਲੱਗਦਾ ਹੈ ਅਤੇ ਬਦਹਜਮੀ ਹੋ ਜਾਂਦੀ ਹੈ l ਇਸ ਲਈ ਸਾਡੇ ਨਾਸ਼ਤਾ ਪੌਸ਼ਟਿਕ ਹੋਣਾ ਚਾਹੀਦਾ ਹੈ l ਜੇ ਅਸੀਂ ਨਾਸ਼ਤਾ ਥੋੜੀ ਭਾਰੀ ਤੇ ਪੌਸ਼ਟਿਕ ਲੈਂਦੇ ਹਾਂ ਤਾਂ ਲੰਚ ਭਾਵੇ ਅਸੀਂ ਨਾ ਵੀ ਕਰੀਏ ਤਾਂ ਵੀ ਸਾਡੀ ਊਰਜਾ ਬਣੀ ਰਹਿੰਦੀ ਹੈ। ਹੈਲਦੀ ਨਾਸ਼ਤਾ ਹਮੇਸ਼ਾ ਤਾਜਾ ਹੋਣਾ ਚਾਹੀਦਾ ਹੈ l ਰਾਤ ਦਾ ਬੇਹਾ ਖਾਣਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਸਮੇਂ ਪੇਟ ਸਾਫ ਹੁੰਦਾ ਹੈ ਤੇ ਭੋਜਨ ਜਜ਼ਬ ਕਰਨ ਦੀ ਸਮਰੱਥਾ ਵੱਧ ਹੁੰਦੀ ਹੈ। ਇਸ ਲਈ ਇਥੇ ਬੇਹਾ ਖਾਣਾ ਨੁਕਸਾਨ ਕਰੇਗਾ l ਨਾਸ਼ਤਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ,ਜਿਸ ਵਿੱਚ -ਖਣਿਜ,ਲਵਣ,ਵਿਟਾਮਿਨ,ਪ੍ਰੋਟੀਨ,ਫਾਇਬਰ,ਆਇਰਨ,ਕਾਰਬੋਹਾਈਡਰੇਟ,ਕੈਲਸ਼ੀਅਮ,ਫੈਟ ਕੇ ਆਦਿ ਲੋੜੀਂਦੀ ਮਾਤਰਾ ਚ ਹੋਣ l
-ਨਾਸ਼ਤੇ ਚ ਕਾਰਬੋਹਾਈਡਰੇਟ,ਫੈਟ ਤੇ ਪ੍ਰੋਟੀਨ ਤਿੰਨੋ ਹੋਣੇ ਚਾਹੀਦੇ ਹਨ l ਬਾਕੀ ਤੱਤ ਤੁਸੀਂ ਲੰਚ ਦੇ ਡਿਨਰ ਤੋਂ ਹਾਸਲ ਕਰ ਸਕਦੇ ਹੋ ਤਾਂ ਬਹੁਤ ਅੱਛਾ ਹੈ l ਸਿਹਤ ਲਈ ਆਪ ਦਲੀਆ,ਦਾਣੇ ਤੇ ਕੰਪਲੈਕਸ ਕਾਰਬੋਹਾਈਡਰੇਟ ਲਵੋ ਕਿਉਂਕਿ ਇਹ ਸਰੀਰ ਚ ਹੌਲੀ ਹੌਲੀ ਸ਼ੁਗਰ ਰਲੀਜ਼ ਕਰਦੇ ਹਨ l ਨਾਲ ਬਦਾਮ ਮਿਕਸ ਦੁਧ,ਪਨੀਰ ਪੁੰਗਰੀਆਂ ਦਾਲਾਂ (ਚਨਾ,ਸੋਇਆਬੀਨ,ਲੋਬੀਆ,ਮੋਠ ਆਦਿ) ਦੀ ਚਾਟ ਜਾਂ ਸਲਾਦ ਬਣਾਓ ਤੇ ਖਾਓ l ਜੂਸ (ਅਨਾਰ,ਸੰਤਰਾ,ਅਨਾਨਾਸ,ਸੇਬ ਆਦਿ ਦਾ) ਇਹ ਨਾਸ਼ਤੇ ਨੂੰ ਹੈਲਦੀ ਤੇ ਭਾਰਾ ਬਣਾਉਂਦੇ ਹਨ,ਜੋ ਸ਼ਰੀਰ ਨੂੰ ਊਰਜਾ ਦਿੰਦੇ ਹਨ l
–ਉਬਲੇ ਅੰਡੇ ਜਾਂ ਆਮਲੇਟ ਨਾਲ ਦੋ ਬ੍ਰੈਡ ਸਲਾਈਸ ਲਵੋ (ਜੇ ਤੁਸੀਂ ਅੰਡਾ ਖਾਂਦੇ ਹੋ) l ਨਾਸ਼ਤੇ ਚ ਚਾਹ ਨਾ ਪੀਓ l ਮੱਠਾ,ਦੁੱਧ ਤੇ ਫਰੂਟ ਜੂਸ,ਸਬਜੀਆਂ ਦਾ ਜੂਸ ਜਾਂ ਸੂਪ ਲਵੋ l
ਬ੍ਰੇਕਫਾਸਟ (ਨਾਸ਼ਤੇ) ‘ਚ ਨਾ ਖਾਣ ਯੋਗ ਵਸਤਾਂ :
- ਬਰੇਕਫਾਸਟ ਦੇ ਨਾਲ ਨਾਲ ਚਾਹ ਨਾ ਪੀਓ l ਚਾਹ ਚ ਟੈਨਿਨ ਤੇ ਕੈਫੀਨ ਹੁੰਦੇ ਹਨ ਜੋ ਪੌਸ਼ਟਿਕ ਤੱਤਾਂ (ਕੈਲਸ਼ੀਅਮ ਤੇ ਆਇਰਨ) ਨੂੰ ਸ਼ਰੀਰ ਤੇ ਜਜ਼ਬ ਨਹੀਂ ਹੋਣ ਦਿੰਦੇ l ਜੇ ਤੁਸੀਂ ਚਾਹ ਦੇ ਸ਼ੋਕੀਨ ਹੋ ਤਾਂ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਪੀ ਲਵੋ l
-ਨਾਸ਼ਤਾ ਹਲਕੇ ਮਿਰਚ ਮਸਾਲੇ ਵਾਲਾ ਹੋਵੇ ਤਾਂ ਕਿ ਜਲਦੀ ਪਚ ਸਕੇ l ਸਵੇਰ ਸਮੇਂ ਕਦੀ ਮਾਸ,ਮੀਟ,ਮੱਛੀ,ਚਿਕਨ,ਮਟਨ ਆਦਿ ਨਾ ਖਾਓ ਕਿਉਂਕਿ ਇਹਨਾਂ ਚ ਤੇਲ ਦੀ ਮਾਤਰਾ ਵੱਧ ਹੁੰਦੀ ਹੈ ਤੇ ਮਸਾਲੇ ਵੀ ਬਹੁਤ ਪੈਂਦੇ ਹਨ l ਇਸ ਕਰਕੇ ਦੇਰ ਨਾਲ ਪਚਦੇ ਹਨ l ਗੈਸ ਤੇ ਤੇਜਾਬ ਬਣਾਉਂਦੇ ਹਨ ਤੇ ਪੇਟ ਭਾਰੀ ਕਰਦੇ ਹਨ l
-ਸਾਡੇ ਸ਼ਰੀਰ ਦਾ ਪਾਚਣ ਤਾਪਮਾਨ ਕਰੀਬ 37 ਡਿਗਰੀ ਹੁੰਦਾ ਹੈ,ਇਸ ਕਰਕੇ ਨਾਸ਼ਤੇ ਚ ਫਰਿਜ਼ ਤੋਂ ਕੱਢਿਆ ਠੰਡਾ ਪਦਾਰਥ ਨਹੀਂ ਖਾਣਾ ਚਾਹੀਦਾ l ਨਿਊਡੋਲਸ (ਚੌਮਿਨ,ਮੈਗੀ),ਪਿਆਜ,ਬਰਗਰ,ਸਮੋਸੇ ਨਾਸਤਾ ਨਹੀ ਹਨ l ਇਹਨਾਂ ਨੂੰ ਨਾਸ਼ਤੇ ਵਜੋਂ ਖਾਣ ਤੋਂ ਬਚੋ l ਕਸਰਤ ਕਰਨ ਤੋਂ ਅੱਧਾ ਘੰਟੇ ਪਿੱਛੋਂ ਹੀ ਬਰੇਕਫਾਸਟ ਕਰਨਾ ਚਾਹੀਦਾ ਹੈ l ਨਾਸ਼ਤੇ ਤੋਂ ਚਾਰ ਪੰਜ ਘੰਟੇ ਪਿੱਛੋਂ ਹੀ ਲੰਚ ਲੈਣਾ ਚਾਹੀਦਾ ਹੈ l ਸ਼ੂਗਰ/ਡਾਇਬਟੀਜ਼ ਮਰੀਜਾਂ ਵਿੱਚ ਹਲਕਾ ਫੁਲਕਾ ਨਾਸ਼ਤਾ ਭੁੱਜੇ ਛੋਲੇ, ਫਲ ਆਦਿ ਲੈ ਸਕਦੇ ਹੋ l
- ਦੁੱਧ ਦੇ ਨਾਲ ਦਹੀ ਨਾ ਲਓ l ਤਲਿਆ ਭੁੰਨਿਆ ਖੱਟਾ ਨਮਕੀਨ ਵੀ ਨਾ ਖਾਓ l
-ਮੱਛੀ ਨਾਲ ਦੁੱਧ ਦਹੀ ਨਾ ਖਾਓ l
-ਫਲ ਹਮੇਸ਼ਾ ਭੋਜਨ ਤੋਂ ਪਹਿਲਾਂ ਖਾਓ,ਖਾਣੇ ਦੇ ਨਾਲ ਨਹੀਂ ਜਾਂ ਖਾਣੇ ਤੋਂ ਪਿੱਛੋਂ ਨਹੀਂ l
-ਮਿਠੇ ਤੇ ਖੱਟੇ ਫਲ ਇਕੱਠੇ ਨਾ ਖਾਓ l
-ਘਿਓ,ਮੱਖਣ,ਤੇਲ ਨੂੰ ਪਨੀਰ,ਅੰਡਾ,ਮੀਟ ਵਰਗੇ ਭਾਰੀ ਪ੍ਰੋਟੀਨ ਨੂੰ ਜਿਆਦਾ ਸਟਾਰਚ ਵਾਲੇ ਪਦਾਰਥਾਂ ਦੇ ਨਾਲ ਨਾ ਖਾਓ l
-ਫਲ ਖਾ ਰਹੇ ਹੋ ਤਾਂ ਉਸ ਉਪਰ ਪਾਣੀ ਨਹੀਂ ਪੀਣਾ ਚਾਹੀਦਾ l
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301