ਚੰਡੀਗੜ੍ਹ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਨਵੇਂ ਸਾਲ ਦੇ ਸ਼ੁਰੂਆਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਹਿਲੀ ਕਾਨਫਰੰਸ ਕੀਤੀ ਗਈ। ਮੁੱਖ ਮੰਤਰੀ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇਂਦਰ ਦੀ ਭਾਜਪਾ ਸਰਕਾਰ ਉਤੇ ਵੱਡੇ ਹਮਲੇ ਬੋਲੇ। ਮੁੱਖ ਮੰਤਰੀ ਨੇ ਕਿਹਾ ਕਿ ਫਰਵਰੀ ਤੋਂ ਸ਼ੰਭੂ ਤੇ ਖਨੌਰੀ ਉਤੇ ਕਿਸਾਨੀ ਮੋਰਚੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਧਿਰਾਂ ਹਨ ਜਿੰਨਾਂ ਨਾਲ ਮੋਰਚਾ ਲਗਾਉਣ ਤੋਂ ਪਹਿਲਾਂ ਕੇਂਦਰੀ ਮੰਤਰੀ ਦੀ ਰਾਤ ਨੂੰ ਕਈ ਕਈ ਘੰਟੇ ਚੰਡੀਗੜ੍ਹ ਵਿੱਚ ਮੀਟਿੰਗ ਹੋਈ। ਫੈਸਲਾ ਕੇਂਦਰ ਸਰਕਾਰ ਨੇ ਕਰਨਾ, ਮੈਂ ਸਿਰਫ ਬ੍ਰਿਜ ਵਜੋਂ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਮੰਗਾਂ ਸਾਰੀਆਂ ਕੇਂਦਰ ਨਾਲ ਸਬੰਧਤ ਹਨ। ਇਸ ਤੋਂ ਬਾਅਦ ਚੋਣ ਜ਼ਬਤਾ ਲੱਗ ਗਿਆ, ਤੇ ਮੋਦੀ ਜੀ ਫਿਰ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕੋਈ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 38ਵਾਂ ਦਿਨ ਹੋ ਗਿਆ ਹੈ, ਅਸੀਂ ਕਈ ਵਾਰ ਕੇਂਦਰ ਨਾਲ ਗੱਲ ਕਰ ਚੁੱਕੇ ਹਨ ਕਿ ਮੰਗਾਂ ਕੇਂਦਰ ਨਾਲ ਸਬੰਧਤ ਹਨ ਤੁਸੀਂ ਗੱਲ ਕਰੋ, ਪਰ ਕੇਂਦਰ ਸਰਕਾਰ ਗੱਲਬਾਤ ਸੱਦਾ ਪੱਤਰ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਣ ਲਈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਾਂ। ਹਰ ਸਮੇਂ ਕਰੀਬ 50 ਡਾਕਟਰ ਉਥੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਚਾਹੁੰਦਾ ਹੈ ਕਿ ਡੱਲੇਵਾਲ ਸਾਹਿਬ ਨੂੰ ਉਥੋਂ ਚੁੱਕ ਕੇ ਲੈ ਜਾਓ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਗੱਲਬਾਤ ਸਿਰੇ ਚੜ੍ਹੇਗੀ ਜੇਕਰ ਕੇਂਦਰ ਉਨ੍ਹਾਂ ਨਾਲ ਗੱਲ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਨੇ ਜਿੰਨਾਂ ਕਾਨੂੰਨਾਂ ਨੂੰ ਵਾਪਸ ਲਿਆ ਸੀ, ਹੁਣ ਉਨ੍ਹਾਂ ਨੂੰ ਹੀ ਹੋਰ ਤਰੀਕੇ ਨਾਲ ਲੈ ਕੇ ਆ ਰਹੇ ਹਨ। ਇਨ੍ਹਾਂ ਕਾਨੂੰਨਾਂ ਨੂੰ ਪੰਜਾਬ ਨਹੀਂ ਸਵੀਕਾਰ ਕਰੇਗਾ। ਮੁੱਖ ਮੰਤਰੀ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕੀਤੀ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ, ਕੋਈ ਨੁਕਸਾਨ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖੋ।
ਉਨ੍ਹਾਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਫੈਸਲੇ ਨਾ ਲੈਣ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ। ਪੰਜਾਬ ਬੰਦ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਕ ਦਿਨ ਦਾ ਪੰਜਾਬ ਨੂੰ 100 ਕਰੋੜ ਰੁਪਏ ਦਾ ਘਾਟਾ ਪਿਆ ਹੈ, ਇਸ ਨਾਲ ਕੇਂਦਰ ਨੂੰ ਕੋਈ ਫਰਕ ਨਹੀਂ ਪਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਗੱਲਬਾਤ ਕਰਨ ਲਈ ਰਾਹ ਖੋਲ੍ਹੇ। ਜਿੱਦ ਨਾਲ ਮਸਲੇ ਵਿਗੜ ਜਾਂਦੇ ਹਨ।