ਮਾਨਸਾ/ਬੁਢਲਾਡਾ, 02 ਜਨਵਰੀ : ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਪ੍ਰੇਰਿਤ ਕਰਦੇ ਹੋਏ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਨੌਜਵਾਨ ਹੀ ਸੂਬੇ ਨੂੰ ਤਰੱਕੀ ਦੇ ਨਵੇਂ ਮੰਜਿਲਾਂ ਤੱਕ ਲਿਜਾ ਸਕਦੇ ਹਨ। ਉਨ੍ਹਾਂ ਨੇ ਪਿੰਡ ਕਿਸ਼ਨਗੜ੍ਹ ਸੱਦਾ ਸਿੰਘ ਵਾਲਾ ਵਿਖੇ ਪਹੁੰਚ ਕੇ ਇਸ ਸੋਚ ਦਾ ਪ੍ਰਗਟਾਵਾ ਕੀਤਾ।
ਪਿੰਡ ਪਹੁੰਚਣ ’ਤੇ ਡਿਪਟੀ ਸਪੀਕਰ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਜ ਸੇਵੀ ਅਤੇ ਐਨ.ਆਰ.ਆਈ. ਸ਼੍ਰੀ ਲਵਪ੍ਰੀਤ ਸਿੰਘ, ਜੋ ਕਿ ਆਸਟਰੇਲੀਆ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੀ ਸੇਵਾ ਕਰ ਰਹੇ ਹਨ, ਵੱਲੋਂ ਉਨ੍ਹਾਂ ਦਾ ਖਾਸ ਤੌਰ ’ਤੇ ਸਨਮਾਨ ਕੀਤਾ ਗਿਆ। ਡਿਪਟੀ ਸਪੀਕਰ ਨੇ ਸ਼੍ਰੀ ਲਵਪ੍ਰੀਤ ਸਿੰਘ ਦੇ ਸੇਵਾ ਭਾਵ ਨੂੰ ਸਰਾਹਿਆ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਤਰ੍ਹਾਂ ਸੇਵਾ ਦੇ ਕਾਰਜਾਂ ਵੱਲ ਮੋੜਨ ਦੀ ਅਪੀਲ ਕੀਤੀ।
ਇਸ ਮੌਕੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਸਹੂਲਤਾਂ ਲਈ ਪ੍ਰਤੀਬੱਧ ਹੈ ਅਤੇ ਇਸ ਲਈ ਵੱਖ-ਵੱਖ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ।
ਡਿਪਟੀ ਸਪੀਕਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਪਹੁੰਚ ਦੀ ਸਮਰੱਥਾ ਨੂੰ ਸਮਾਜ ਦੇ ਭਲਾਈ ਕਾਰਜਾਂ ਵੱਲ ਮੋੜਨ। ਉਨ੍ਹਾਂ ਕਿਹਾ ਕਿ ਪੰਜਾਬੀਅਤ ਅਤੇ ਪੰਜਾਬ ਦੀ ਧਰਤੀ ਦੀ ਸੇਵਾ ਕਰਨਾ ਸਿਰਫ ਇੱਕ ਸਨਮਾਨ ਨਹੀਂ, ਸਗੋਂ ਇਹ ਇੱਕ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਸੂਬੇ ਅਤੇ ਭਾਸ਼ਾ ਦੀ ਸੇਵਾ ਲਈ ਜੁਟਣ ਦਾ ਸੰਦੇਸ਼ ਦਿੱਤਾ।