ਮੋਗਾ: 2 ਜਨਵਰੀ, ਦੇਸ਼ ਕਲਿੱਕ ਬਿਓਰੋ
ਲੋਕ ਸੰਗਰਾਮ ਮੋਰਚਾ ਦੇ ਪ੍ਰੈਸ ਸਕੱਤਰ ਪਰਮਜੀਤ ਜੀਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਮੋਗਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ 5 ਜਨਵਰੀ ਨੂੰ ਟੀਚਰ ਹੋਮ ਰਾਮਪੁਰਾ ਵਿਖੇ ਲੋਕ ਸੰਗਰਾਮ ਮੋਰਚੇ ਦੀ ਬਦਵੀ ਮੀਟਿੰਗ ਕੀਤੀ ਜਾਵੇਗੀ। ਹਮ ਖਿਆਲ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਵਿੱਚ ਸੱਦਿਆ ਜਾਵੇਗਾ
ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਬ੍ਰਾਹਮਣੀ ਹਿੰਦੂਤਵ ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਭਾਰਤ ਵਿੱਚ ਚੱਲ ਰਹੇ ਅੰਦੋਲਨ ਤੇ ਫਾਸ਼ੀ ਹਮਲਾ ਵਿੱਢਿਆ ਹੋਇਆ ਹੈ।
ਆਦਿਵਾਸੀ ਖੇਤਰਾਂ ਚ ਲੋਕਾਂ ਦੀਆਂ ਜਮੀਨਾਂ ਜਬਰੀ ਜਬਤ ਕੀਤੀਆਂ ਜਾ ਰਹੀਆਂ ਹਨ । ਧਰਤੀ ਥੱਲੇ ਦੱਬੇ ਪਏ ਖਜ਼ਾਨਿਆਂ ਨੂੰ ਸਾਮਰਾਜੀਆਂ ਨੂੰ ਸਸਤੇ ਵਿੱਚ ਲੁਟਾਇਆ ਜਾ ਰਿਹਾ ਹੈ । ਉਸ ਖਜਾਨੇ ਨੂੰ ਉਥੋਂ ਕੱਢਣ ਦੇ ਲਈ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਮੂਲ ਨਿਵਾਸੀ ਕਹਿ ਰਹੇ ਹਨ ਕਿ ਪਿੰਡ ਦੀ ਗ੍ਰਾਮ ਸਭਾ ਦੀ ਰਾਏ ਲੈਕੇ ਹੀ ਸੜਕਾਂ ਬਣਾਈਆਂ ਜਾਣ। ਮੂਲ ਨਿਵਾਸੀਆਂ ਦੇ ਕਾਨੂੰਨੀ ਘੋਲ ਲੜ ਰਹੀਆਂ ਸੰਸਥਾਵਾਂ ਨੂੰ, ਪਾਬੰਦੀ ਲਾ ਕੇ ਸੰਘਰਸ਼ ਤੋਂ ਰੋਕਿਆ ਜਾ ਰਿਹਾ ਹੈ। ਲੋਕਾਂ ਤੇ ਫੌਜਾਂ ਚਾੜ ਕੇ ਮੂਲ ਨਿਵਾਸੀ ਵਸਿੰਦਿਆਂ ਨੂੰ ਉਜਾੜਿਆ ਜਾ ਰਿਹਾ ਹੈ। ਹਿੰਦੂਤਵ ਫਾਸੀਵਾਦੀ ਮੋਦੀ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖਿਲਾਫ ਜੰਗ ਵਿੱਢ ਰੱਖੀ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਪੁਲਿਸ , ਹਵਾਈ ਫ਼ੌਜ ਤੇ ਅਰਧ ਸੈਨਿਕ ਬਲ ਝੋਕੇ ਹੋਏ ਹਨ। ਵਿਰੋਧ ਕਰਨ ਵਾਲਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਅਤੇ ਫੜ ਫੜ ਕੇ ਜ਼ੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ। ਬੱਚਿਆਂ ਤੇ ਔਰਤਾਂ ਨਾਲ ਅੰਤਾਂ ਦਾ ਜਬਰ ਹੋ ਰਿਹਾ ਹੈ।
ਉਹਨਾਂ ਤੇ ਹੋ ਰਹੇ ਜਬਰ ਬਾਰੇ ਬਾਹਰੋਂ ਆਵਾਜ਼ ਉਠਾਉਣ ਵਾਲੇ ਸੰਘਰਸ਼ਸ਼ੀਲ ਆਗੂਆਂ ਨੂੰ ਚੁੱਪ ਕਰਾਉਣ ਲਈ ਵਿਸ਼ੇਸ਼ ਤੌਰ ਤੇ ਗਠਤ ਕੀਤੀ ਐਨਆਈਏ ਨੂੰ ਬਹੁਤ ਸਾਰੇ ਅਧਿਕਾਰ ਅਤੇ ਪਾਵਰਾਂ ਦੇ ਦਿੱਤੀਆਂ ਹਨ। ਉਹ ਕਿਤੇ ਵੀ ਕੋਈ ਝੂਠੀ ਐਫਆਈਆਰ ਦਰਜ ਕਰਕੇ, ਕਿਸੇ ਵੀ ਸੂਬੇ ਵਿੱਚ ਲੋਕਲ ਪ੍ਰਸ਼ਾਸਨ ਨੂੰ ਦੱਸੇ ਬਿਨਾਂ, ਕਿਸੇ ਨੂੰ ਵੀ ਗਿਰਫਤਾਰ ਕਰਕੇ ਲਿਜਾ ਸਕਦੀ ਹੈ ਅਤੇ ਸਾਲਾਂ ਬੱਧੀ ਜੇਲ ਵਿੱਚ ਰੱਖ ਸਕਦੀ ਹੈ। ਯੂਏਪੀਏ ਕਾਲੇ ਕਾਨੂੰਨ ਦੀ ਖੁੱਲ ਕੇ ਦੁਰਵਰਤੋਂ ਹੋ ਰਹੀ ਹੈ। ਸੰਨ 2000 ਦੇ ਵਿੱਚ ਭੀਮਾਕੋਰੇਗਾਉਂ ਇੱਕ ਐਫ ਆਈਆਰ ਦਰਜ ਕੀਤੀ। ਅੱਜ ਤੱਕ ਜਿਹੜੇ ਬੁੱਧੀਜੀਵੀ ਫੜੇ ਸਨ, ਜੇਲਾਂ ਵਿੱਚ ਰੁਲ ਰਹੇ ਹਨ। ਕਈਆਂ ਦੀ ਤਾਂ ਜੇਲ ਵਿੱਚ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਹੁਣ ਲਖਨਊ ਦੇ ਵਿੱਚ ਇੱਕ ਝੂਠੀ ਐਫ ਆਈਆਰ , ਮਨਘਰੰਤ ਨਾਵਾਂ ਤੋਂ ਦਰਜ ਕੀਤੀ ਹੈ। ਉਸ ਦੇ ਸਬੰਧ ਦੇ ਵਿੱਚ ਯੂਪੀ , ਉੱਤਰਾਖੰਡ ,ਦਿੱਲੀ , ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਆਦਿ ਥਾਵਾਂ ਤੇ ਛਾਪੇਮਾਰੀ ਹੋ ਰਹੀ ਹੈ। ਮੋਹਾਲੀ ਤੋਂ ਅਜੇ ਕੁਮਾਰ ਵਕੀਲ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ, ਜੋ ਲਖਨਉ ਜੇਲ ਵਿੱਚ ਹੈ। ਪੰਜਾਬ ਵਿੱਚ ਰਾਮਪੁਰਾ ਵਿਖੇ ਕਿਸਾਨ ਆਗੂ ਸੁਖਵਿੰਦਰ ਕੌਰ ਅਤੇ ਗੰਧੜ ਦੇ ਵਿੱਚ ਵਿਦਿਆਰਥੀ ਆਗੂ ਰਵਿੰਦਰ ਕੌਰ ਦੇ ਘਰੇ ਛਾਪੇਮਾਰੀ ਕੀਤੀ ਗਈ। ਪੰਜਾਬ ਵਿੱਚ ਐਨਆਈਏ ਦੇ ਛਾਪਿਆਂ ਦੇ ਖਿਲਾਫ ਕ੍ਰਾਂਤੀਕਾਰੀ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਇਸ ਵਿਰੋਧ ਕਰਕੇ, ਉਹਨਾਂ ਨੂੰ ਪਿੱਛੇ ਵੀ ਹਟਣਾ ਪਿਆ ਹੈ। ਲੋਕ ਸੰਗਰਾਮ ਮੋਰਚਾ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਐਨਆਈ ਦੇ ਇਹਨਾਂ ਛਾਪਿਆਂ ਦੇ ਖਿਲਾਫ ਇੱਕਮੁੱਟ ਹੋਕੇ, ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।