ਮੋਰਿੰਡਾ, 2 ਜਨਵਰੀ (ਭਟੋਆ)
ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਬੀਡੀਪੀਓ ਦਫਤਰ ਮੋਰਿੰਡਾ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 15 ਲੱਖ ਰੁਪਏ ਦੇੇ ਚੈੱਕ ਵੰਡੇ ਗਏ ।ਇਸ ਮੌਕੇ ਉਹਨਾਂ ਦੇ ਨਾਲ ਬੀਡੀਪੀਓ ਮੋਰਿੰਡਾ ਹਰਕੀਤ ਸਿੰਘ, ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਬੱਲਾਂ ਅਤੇ ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ ਵੀ ਹਾਜ਼ਰ ਸਨ।
ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਜਿਹੜੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ ਕੀਤੇ ਗਏ ਉਹਨਾਂ ਵਿੱਚ ਪਿੰਡ ਮਾਨਖੇੜੀ ਅਤੇ ਪਿੰਡ ਕਾਈਨੌਰ ਦੀ ਪੰਚਾਇਤ ਨੂੰ ਲੀਕੁਐਲਡ ਵੇਸਟ ਮੈਨੇਜਮੈਂਟ ਲਈ ਇਕ – ਇੱਕ ਲੱਖ ਰੁਪਏ, ਪਿੰਡ ਬਹਿਬਲਪੁਰ ਦੀ ਪੰਚਾਇਤ ਨੂੰ ਸੋਲਿਡ ਵੇਸਟ ਮੈਨੇਜਮੈਂਟ ਲਈ 2 ਲੱਖ ਰੁਪਏ, ਐਸ ਸੀ ਪਿੰਡਾਂ ਦੀ ਆਬਾਦੀ 50% ਤੋ ਵੱਧ ਦਾ ਆਧੁਨਿਕੀਕਰਨ ਅਤੇ ਸੁਧਾਰ ਲਈ ਪਿੰਡ ਕਾਂਝਲਾ ਨੂੰ 2 ਲੱਖ ਰੁਪਏ ਅਤੇ ਪਿੰਡ ਰਾਮਗੜ ਮੰਡਾਂ ਨੂੰ 1 ਲੱਖ ਰੁਪਏ, ਸਮਾਰਟ ਵਿਲੇਜ ਸਕੀਮ ਅਧੀਨ ਪਿੰਡ ਬੂਰਮਾਜਰਾ ਨੂੰ ਲਾਇਬਰੇਰੀ ਲਈ 2.5 ਲੱਖ ਰੁਪਏ, ਪਿੰਡ ਕਜੌਲੀ ਨੂੰ ਸਟ੍ਰੀਟ ਲਾਇਟ ਲਈ 50000/- ਰੁਪਏ ਅਤੇ ਪਿੰਡ ਦਤਾਰਪੁਰ ਦੀ ਪੰਚਾਇਤ ਨੂੰ ਸਮਾਰਟ ਵਿਲੇਜ ਸਕੀਮ ਅਧੀਨ ਰਿਵਾਰਡ ਮਨੀ ਵਜੋਂ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।
ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡਦਿਆਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਵਧੀਆ ਢੰਗ ਤੇ ਇਮਾਨਦਾਰੀ ਨਾਲ ਪਿੰਡਾਂ ਵਿੱਚ ਕੰਮ ਕਰ ਰਹੀਆਂ ਹਨ ਜਾਂ ਆਉਣ ਵਾਲੇ ਸਮੇ ਵਿੱਚ ਕਰਨਗੀਆਂ ਉਹਨਾਂ ਨੂੰ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗ੍ਰਾਂਟ ਦੇੇ ਚੈੱਕ ਦਿੱਤੇ ਜਾਣਗੇ। ਡਾ. ਚਰਨਜੀਤ ਸਿੰਘ ਨੇ ਪਿੰਡ ਦਤਾਰਪੁਰ ਦੀ ਪੰਚਾਇਤ ਵੱਲੋ ਵਧੀਆ ਢੰਗ ਨਾਲ ਕੰਮ ਕਰਾਉਣ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿੰਡ ਦਤਾਰਪੁਰ ਦੀ ਪੰਚਾਇਤ ਤੋਂ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਹਨਾਂ ਸਮੂਹ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਿਸ ਤਰਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ , ਗ੍ਰਾਮ ਪੰਚਾਇਤਾਂ ਵੀ ਉਸੇ ਤਰਾਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਕਰਵਾਉਣ ।ਉਹਨਾਂ ਇਹ ਵੀ ਦੱਸਿਆ ਕਿ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਵੱਖ-ਵੱਖ ਗਰੁੱਪ ਬਣਾ ਕੇ ਕੰਮ ਕਾਰ ਕਰਨ ਦੀ ਟ੍ਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪੰਚਾਇਤਾਂ ਵਧੀਆ ਢੰਗ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਪਿੰਡਾਂ ਦੀ ਤਰੱਕੀ ਕਰਕੇ ਆਪੋ ਆਪਣੇ ਪਿੰਡਾਂ ਦੀ ਪਿੰਡਾਂ ਦੀ ਨੁਹਾਰ ਬਦਲਣ ਲਈ ਬਿਹਤਰ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਪੰਚਾਇਤਾਂ ਨੂੰ ਵੀ ਵਿਕਾਸ ਕਾਰਜਾਂ ਲਈ ਚੈੱਕ ਵੰਡੇ ਜਾਣਗੇ। ਇਸ ਮੌਕੇ ਤੇ ਉਹਨਾਂ ਨੇ ਬੀਡੀਪੀਓ ਤੇ ਹੋਰ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਚੱਲ ਰਹੇ ਅਤੇ ਕਰਵਾਏ ਜਾਣੇ ਵਾਲੇ ਵਿਕਾਸ ਕਾਰਜਾਂ ਦੀ ਨਿਰੰਤਰ ਨਿਗਰਾਨੀ ਕਰਨ ਦੀ ਵੀ ਹਦਾਇਤ ਕੀਤੀ ਹੈ ।ਇਸ ਮੌਕੇ ‘ਤੇ ਉਹਨਾਂ ਦੇ ਨਾਲ ਪੀਏ ਸ੍ਰੀ ਚੰਦ, ਰਜਿੰਦਰ ਸਿੰਘ ਰਾਜਾ, ਰਾਜਵਿੰਦਰ ਸਿੰਘ ਰਾਜੂ ਕੰਗ, ਹਰਬੰਸ ਸਿੰਘ ਦਤਾਰਪੁਰ, ਜੇਈ ਨਰੇਸ਼ ਕੁਮਾਰ, ਸੈਕਟਰੀ ਬਹਾਦਰ ਸਿੰਘ ਤੇ ਸੁਖਜਿੰਦਰ ਪਾਲ ਸਿੰਘ ਬੰਟੀ, ਸਤਿੰਦਰ ਕੌਰ, ਸੁਪਰਡੈਂਟ ਪਰਮਜੀਤ ਕੌਰ, ਰਣਜੀਤ ਸਿੰਘ, ਟਰੇਨਰ ਪ੍ਰਦੀਪ ਸਿੰਘ ਆਦਿ ਵੀ ਹਾਜ਼ਰ ਸਨ।