ਫਰੀਦਕੋਟ 4 ਜਨਵਰੀ 2025, ਦੇਸ਼ ਕਲਿੱਕ ਬਿਓਰੋ
ਮੌਸਮ ਵਿਚ ਆ ਰਹੇ ਬਦਲਾਅ ਨੂੰ ਮੁੱਖ ਰੱਖਦਿਆਂ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨਾ ਚਾਹੀਦਾ ਤਾਂ ਜੋਂ ਜੇਕਰ ਕਿਸੇ ਸਮੇਂ ਕੋਈ ਸਮੱਸਿਆ ਕਣਕ ਦੀ ਫ਼ਸਲ ਨੂੰ ਆਉਂਦੀ ਹੈ ਤਾਂ ਤੁਰੰਤ ਇਲਾਜ ਕਰਕੇ ਹੋਣ ਵਾਲੇ ਨੁਕਸਾਨ ਜੋਂ ਬਚਿਆ ਜਾ ਸਕੇ। ਇਹ ਵਿਚਾਰ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਬਲਾਕ ਫ਼ਰੀਦਕੋਟ ਦੇ ਪਿੰਡ ਨਥਨਵਾਲਾ ਵਿਚ ਕਿਸਾਨ ਗੁਰਵਿੰਦਰ ਸਿੰਘ ਦੀ ਕਣਕ ਦੀ ਫ਼ਸਲ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆ ਕਹੇ।
ਗੱਲਬਾਤ ਕਰਦਿਆ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮ ਵਿਚ ਆਈ ਤਬਦੀਲੀ ਕਣਕ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਹੈ ਅਤੇ ਪੈ ਰਹੀ ਠੰਡ ਕਣਕ ਦੀ ਫ਼ਸਲ ਦੀਆਂ ਸ਼ਾਖਾਵਾਂ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ ਜੋਂ ਪੈਦਾਵਾਰ ਵਧਣ ਦਾ ਕਰਨ ਬੰਦਿਆਂ ਹਨ। ਉਨਾਂ ਕਿਹਾ ਕਿ ਹੁਣ ਗੁਲਾਬੀ ਸੁੰਡੀ ਦਾ ਪ੍ਰਭਾਵ ਤਕਰੀਬਨ ਖਤਮ ਹੋ ਚੁੱਕਾ ਹੈ ਪ੍ਰੰਤੂ ਕਿਸਾਨਾਂ ਨੁੰ ਕਣਕ ਦੀ ਫ਼ਸਲ ਦੀਆਂ ਹੋਰ ਸਮੱਸਿਆਵਾਂ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਪ੍ਰਭਾਵਤ ਕਰਦੀ ਰਹੀ ਹੈ ਅਤੇ ਕਈ ਵਾਰ ਪੀਲੀ ਕੁੰਗੀ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਕਰ ਦਿੰਦੀ ਹੈ ਇਸ ਲਈ ਕਿਸਾਨਾਂ ਨੂੰ ਕਣਕ ਦੀ ਪੀਲੀ ਕੁੰਗੀ ਪ੍ਰਤੀ ਸੁਚੇਤ ਹੋਣਾ ਚਾਹੀਦਾ । ਉਨ੍ਹਾਂ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੀਲੀ ਕੁੰਗੀ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਸੁੰਘੜ ਜਾਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਲੀ ਕੁੰਗੀ ਦੇ ਪੀਲੇ ਕਣ ,ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ਤੇ ਵੀ ਲੱਗ ਜਾਂਦੇ ਹਨ,ਜੋ ਬਿਮਾਰੀ ਦੇ ਅਗਾਂਹ ਫੈਲਣ ਵਿੱਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਣਕ ਦੀ ਫ਼ਸਲ ਵਾਲੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਗ੍ਰਾਮ ਟੈਬੂਕੋਨਾਜ਼ੋਲ 25 ਡਬਲਯੂ ਜੀ ਜਾਂ 120 ਗ੍ਰਾਮ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 75 ਡਬਲਯੂ ਜੀ ਜਾਂ 200 ਮਿਲੀਲਿਟਰ ਪਾਈਰੈਕਲੋਸਟ੍ਰੋਬਿਨ+ਇਪੋਕਸੀਕੋਨਾਜ਼ੋਲ 18.3 ਐਸ ਈ ਜਾਂ 200 ਮਿਲੀਲਿਟਰ ਐਜ਼ੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ 320 ਐਸ ਸੀ) ਜਾਂ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ 25 ਈ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਉਨ੍ਹਾਂ ਕਿਹਾ ਕਿ ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਅ 15 ਦਿਨ ਦੇ ਵਕਫੇ ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਕਣਕ ਦੀ ਫਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾੳ ਸ਼ੁਰੂ ਕਰ ਦਿੰਦੇ ਹਨ ,ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ । ਡਾਕਟਰ ਰਾਜਵੀਰ ਸਿੰਘ ਨੇ ਕਿਹਾ ਕਿ ਕਣਕ ਦੀ ਇਸ ਬਿਮਾਰੀ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਫੋਨ ਨੰ. 1800 180 1551 ਤੇ ਮੋਬਾਇਲ ਰਾਹੀਂ ਅਤੇ ਲੈਂਡ ਲਾਈਨ ਤੋਂ 1551 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਪੀਲੀ ਕੁੰਗੀ ਬਿਮਾਰੀ ਨੁੰ ਪੰਜਾਬ ਵਿੱਚ ਵਧਣ ਤੋਂ ਰੋਕਿਆ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।ਇਹ ਫੋਨ ਸੇਵਾ ਪੰਜਾਬ ਸਰਕਾਰ ਵੱਲੋਂ ਬਿੱਲਕੁੱਲ ਮੁਫਤ ਮੁਹੱਈਆ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਕਿ੍ਰਸ਼ੀ ਵਿਗਿਆਨ ਕੇਂਦਰ,ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਡਾਕਟਰ ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ , ਸੁਖਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਹੋਰ ਕਿਸਾਨ ਹਾਜ਼ਰ ਸਨ।