ਮੋਰਿੰਡਾ 4 ਜਨਵਰੀ ( ਭਟੋਆ )
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੇ ਪ੍ਰਬੰਧਕਾਂ ਵੱਲੋ ਡੇਰਾ ਕਾਰ ਸੇਵਾ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਤੋਂ ਸਾਂਝੇ ਤੌਰ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਵਰਨ ਸਿੰਘ ਬਿੱਟੂ ਅਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਤੇ ਹੈਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਅਤੇ ਨੇ ਦੱਸਿਆ ਕਿ ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਮਨੈਲੀ ਵੱਲੋ ਕੀਤੀ ਗਈ ਅਰਦਾਸ ਉਪਰੰਤ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਖਾਲਸਾ ਹੀ ਬਾਣੇ ਵਿੱਚ ਸਜੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਗਈ ਜਿਨਾਂ ਦੇ ਅੱਗੇ ਸਿੱਖ ਸੰਗਤਾਂ ਝਾੜੂ ਨਾਲ ਰਸਤਾ ਸਾਫ ਕਰਦੀਆਂ ਤੇ ਸਤਿਨਾਮ ਵਾਹਿਗੁਰੂ ਜਾਪ ਕਰਦੀਆਂ ਜਾ ਰਹੀਆਂ ਸਨ ਜਦ ਕਿ ਪਾਲਕੀ ਸਾਹਿਬ ਦੇ ਪਿੱਛੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਜਵੱਦੀ ਟਕਸਾਲ ਵਾਲਿਆਂ ਅਤੇ ਬੀਬੀਆਂ ਦੇ ਜਥੇ ਵੱਲੋਂ ਦਸਮ ਪਿਤਾ ਦੀ ਬਾਣੀ ਦੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਉਹਨਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੀ ਸਮਾਪਤ ਹੋਇਆ । ਸਾਰੇ ਰਸਤੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਜਿੱਥੇ ਸ਼ਾਨਦਾਰ ਸਵਾਗਤ ਕੀਤਾ ਗਿਆ, ਉੱਥੇ ਹੀ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਵੀ ਭੇਂਟ ਕੀਤੇ ਗਏ ਤੇ ਸੰਗਤ ਲਈ ਬਿਸਕੁਟ, ਤੇ ਪਕੌੜਿਆਂ ਦੇ ਲੰਗਰ ਲਗਾਏ ਗਏ ਸਨ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਗਮਨ ਪੁਰਬ ਸਬੰਧੀ ਦੋਨੋ ਗੁਰਦੁਆਰਾ ਸਾਹਿਬਾਨ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 6 ਜਨਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ ,ਜਿਸ ਉਪਰੰਤ ਗੁਰਦੁਆਰਾ ਸ਼ਹੀਦ ਗਜ ਸਾਹਿਬ ਵਿਖੇ ਭਾਈ ਸਾਹਿਬ ਸਿੰਘ ਹਜੂਰੀ ਰਾਗੀ ਅਤੇ ਅਤੇ ਭਾਈ ਕੁਲਵਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਅਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਭਾਈ ਹਰਵਿੰਦਰ ਸਿੰਘ ਜਵੱਦੀ ਟਕਸਾਲ ਵਾਲਿਆਂ , ਭਾਈ ਪ੍ਰਭਜੋਤ ਸਿੰਘ ਚੰਡੀਗੜ੍ਹ ਵਾਲਿਆ ਅਤੇ ਢਾਡੀ ਮਨਜੀਤ ਸਿੰਘ ਦੇ ਕਥਾ ਕੀਰਤਨੀ ਤੇ ਢਾਡੀ ਜਥਿਆਂ ਵੱਲੋ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ।