ਮੋਰਿੰਡਾ 5 ਜਨਵਰੀ ( ਭਟੋਆ)
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖਕੇ ਸੁਝਾਅ ਦਿੱਤਾ ਹੈ ਕਿ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਜਿਸ ਵਿੱਚ ਸਤਿਕਾਰਯੋਗ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ,ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਬਹੁਤ ਸਾਰੇ ਪਵਿੱਤਰ ਅਸਥਾਨ ਗੁਰਦੁਆਰੇ ਹਨ, ਸਿੱਖ ਧਰਮ ਵਿੱਚ ਭਾਵੇ ਹਰੇਕ ਉਹ ਅਸਥਾਨ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਬੇਹੱਦ ਮਹੱਤਵਪੂਰਨ ਹੈ ਪਰ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਭ ਤੋ ਜਿਆਦਾ ਸਿੱਖ ਸ਼ਰਧਾਲੂਆਂ ਲਈ ਮਹੱਤਵਪੂਰਨ ਪਵਿੱਤਰ ਸਥਾਨ ਹੈ ਜਿਥੇ ਵਿਸ਼ਵ ਭਰ ਤੋ ਲੱਖਾਂ ਸੰਗਤਾਂ ਹਰ ਦਿਨ ਦਰਸ਼ਨ ਕਰਨ ਆਉਦੀਆਂ ਹਨ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੇ ਕਿਹਾ ਹੈ ਕਿ ਮੀਡੀਆ ਸਰਵੇਖਣ ਮੁਤਾਬਿਕ
ਸਾਲ 2024 ਵਿੱਚ ਪੂਰੇ ਸਾਲ ਦੌਰਾਨ , ਦੁਨੀਆ ਭਰ ਤੋਂ ਪੰਜ ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਅਸਥਾਨ (ਸੱਚਖੰਡ ਹਰਮਿੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਵਿੱਚ ਮੱਥਾ ਟੇਕਿਆ ਅਤੇ 31 ਦਸਬੰਰ 2024 ਦੇ ਅਖੀਰਲੇ ਦਿਨ ਅਤੇ ਨਵੇਂ ਸਾਲ 2025 ਦੇ ਪਹਿਲੇ ਦਿਨ ‘ਤੇ ਮੀਡੀਆ ਰਿਪੋਰਟਾਂ ਮੁਤਾਬਿਕ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ ਪੰਜ ਲੱਖ ਸੀ। ਸ਼ਰਧਾਲੂਆਂ ਦੀ ਇੰਨੀ ਵੱਡੀ ਗਿਣਤੀ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕੀਤੀ ਜਾ ਰਹੀ ਸੁਰੱਖਿਆ ਜਾਂਚ ਬਿਲਕੁੱਲ ਨਾ ਕਾਫ਼ੀ ਹੈ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖ ਕੌਮ ਦੀ ਪਾਰਲੀਮੈਂਟ ਹੈ ਨੂੰ ਤੁਰੰਤ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪੂਰਨ ਰੂਪ ਵਿੱਚ ਸੁਰੱਖਿਆਂ ਪ੍ਰਬੰਧ ਕਰਨ ਲਈ ਆਪਣੀ ਟਾਸਕ ਫੋਰਸ ਚਾਰਾ ਡਿਊੜੀਆਂ ਤੇ ਪੇਸ਼ੇਵਰਾਨਾ ਤਰੀਕੇ ਨਾਲ ਅਤਿ ਆਧੁਨਿਕ ਤਕਨੀਕ ਨਾਲ ਜਾਂਚ ਮਸ਼ੀਨਾਂ ਲਗਾਕੇ ਬੜੇ ਹੀ ਸਤਿਕਾਰ ਨਾਲ ਸ਼ਰਧਾਲੂਆਂ ਦੇ ਸਮਾਨ ਦੀ ਜਾਂਚ ਕਰਨ ਲਈ ਸਰਲ ਤਰੀਕਾ ਲੱਭਣਾ ਚਾਹੀਦਾ ਹੈ ।
ਦੁਨੀਆ ਭਰ ਵਿੱਚ ਵੈਟੀਕਨ ਸਿਟੀ (ਰੋਮ, ਇਟਲੀ), ਅਯੁੱਧਿਆ ਵਿੱਚ ਰਾਮ ਮੰਦਰ ਅਤੇ ਮੱਕਾ (ਸਾਊਦੀ ਅਰਬ) ਸਮੇਤ ਹੋਰ ਧਰਮਾਂ ਦੇ ਪਵਿੱਤਰ ਅਸਥਾਨਾਂ ਵਿੱਚ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਹਨ ਜਦੋਂ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਜਿਹੀ ਕੋਈ ਸੁਰੱਖਿਆ ਜਾਂਚ ਨਹੀਂ ਹੈ। ਐਂਟਰੀ ਪੁਆਇੰਟਾਂ ‘ਤੇ ਸੁਰੱਖਿਆ ਜਾਂਚ (ਮੈਟਲ ਡਿਟੈਕਟਰ ਅਤੇ ਫ੍ਰੀਸਕਿੰਗ) ਦੇ ਨਾਲ ਕੰਪਲੈਕਸ ਦੇ ਬਾਹਰਲੇ ਗੇਟਾਂ ਵਿੱਚ ਕੁੱਝ ਦੂਰੀ ਤੇ ਢੁੱਕਵੇਂ ਸੁਰੱਖਿਆਂ ਪ੍ਰਬੰਧ ਸ਼ਰਧਾਲੂਆਂ ਦੀ ਸੁਰੱਖਿਆ ਲਈ ਲਾਜ਼ਮੀ ਕਰਨ ਲਈ ਸਮੁੱਚੀਆਂ ਸਿੱਖ ਜਥੇਬੰਦੀਆ, ਸੰਪਰਦਾਵਾਂ, ਵਿਦਵਾਨ ਪੁਰਸ਼ਾਂ ਦੀ ਸਾਝੀ ਰਾਇ ਲੈਕੇ ਇਸ ਪਾਸੇ ਗੰਭੀਰਤਾਪੂਰਵਕ ਕਦਮ ਚੁੱਕਣ ਦੀ ਬੇਹੱਦ ਲੋੜ ਹੈ । ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਪੰਜ ਤਖਤ ਸਾਹਿਬਾਨ ਦੇ ਕੰਪਲੈਕਸ ਅੰਦਰ ਤੰਬਾਕੂ ਬੀੜੀ ਅਤੇ ਸ਼ੱਕੀ ਪਦਾਰਥਾਂ ਖਿਲਾਫ ਸਖ਼ਤੀ ਨਾਲ ਕਦਮ ਚੁੱਕਣ ਲਈ ਕੋਈ ਠੋਸ ਉਪਾਅ ਕਰਨ ਦੀ ਬੇਹੱਦ ਲੋੜ ਹੈ ਅਕਸਰ ਹੀ ਦੂਜੇ ਰਾਜਾਂ ਤੋ ਅਲੱਗ ਅਲੱਗ ਧਰਮਾਂ ਦੇ ਨਾਲ ਸਬੰਧਿਤ ਸ਼ਰਧਾਲੂ ਅਣਜਾਣੇ ਜਾ ਗਲਤੀ ਨਾਲ ਇਸ ਤਰਾਂ ਦੀਆ ਵਸਤੂਆਂ ਆਪਣੀਆ ਜੇਬਾਂ ਜਾ ਗੱਠੜੀਆ ਕਿੱਟਾ ਵਿੱਚ ਲੈਕੇ ਮੱਥਾ ਟੇਕਣ ਆ ਜਾਦੇ ਹਨ ਉਹਨਾਂ ਦੀ ਨਿਮਰਤਾਪੂਰਵਕ ਇੱਜਤ ਸਤਿਕਾਰ ਨਾਲ ਚੈਕਿੰਗ ਕਰਨੀ ਕੋਈ ਗਲਤੀ ਨਹੀ ਬਲਕਿ ਸੁਰੱਖਿਆ ਪੱਖੋ ਠੀਕ ਰਹੇਗੀ । ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ ਢੀਗਰਾ ਨੇ ਕਿਹਾ ਕਿ
ਦੁਨੀਆ ਵਿੱਚ ਵਾਪਰ ਰਹੀਆ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆ ਸਿਰ ਫਿਰੇ ਲੋਕਾਂ ਦੇ ਗਲਤ ਮਨਸੂਬਿਆ ਨੂੰ ਠੱਲ ਪਾਉਣ ਲਈ ਸਾਨੂੰ ਹਰ ਪੱਖੋ ਸੁਚੇਤ ਰਹਿਣਾ ਬੇਹੱਦ ਜਰੂਰੀ ਹੈ ।ਵਿਸ਼ਵ ਦੇ ਕਈ ਦੇਸ਼ਾਂ ਵਿੱਚ ਹੁਣ ਤੱਕ ਅਨੇਕਾਂ ਘਟਨਾਵਾਂ ਵਾਪਰ ਚੁੱਕੀਆ ਹਨ ਤੇ ਵਾਪਰ ਰਹੀਆ ਹਨ । ਜਿਥੇ ਸੈਂਕੜੇ ਆਮ ਲੋਕਾਂ ਦਾ ਬੇਹੱਦ ਜਾਨੀ ਨੁਕਸਾਨ ਹੋਇਆ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਸ ਕਰਦੀ ਹੈ ਕਿ ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਡੇ ਉਪਰੋਕਤ ਸੁਝਾਵਾਂ ਦੀ ਰੋਸ਼ਨੀ ਵਿੱਚ ਆਪਣੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬੁਲਾਕੇ ਜਰੂਰ ਠੋਸ ਉਪਰਾਲੇ ਕਰੋਗੇ ।