ਸੁਖਵਿੰਦਰਜੀਤ ਸਿੰਘ ਮਨੌਲੀ
ਓਲੰਪਿਕ ਖੇਡਾਂ ਪੈਰਿਸ-2024: ਪੈਰਿਸ-2024 ਓਲੰਪਿਕ ਖੇਡਾਂ ’ਚ ਕੁੱਲ ਆਲਮ ਦੇ 206 ਦੇਸ਼ਾਂ ਦੇ ਅਥਲੀਟਾਂ ਵਲੋਂ ਖੇਡ ਮੈਦਾਨਾਂ ’ਚ 34 ਖੇਡ ਇਵੈਂਟਾਂ ’ਚ ਗੋਲਡ, ਸਿਲਵਰ ਤੇ ਤਾਂਬੇ ਦੇ ਤਗਮੇ ਜਿੱਤਣ ਲਈ ਖੂਨ-ਪਸੀਨਾ ਇਕ ਕੀਤਾ ਗਿਆ। ਅਮਰੀਕਾ ਦੇ ਖਿਡਾਰੀਆਂ ਨੇ 34 ਜਦੋਂਕਿ ਚੀਨ ਵਲੋਂ 33 ਖੇਡ ਵੰਨਗੀਆਂ ’ਚ ਆਪਣੇ ਅਥਲੀਟਾਂ ਨੂੰ ਖੇਡ ਮੈਦਾਨਾਂ ’ਚ ਉਤਾਰਿਆ ਗਿਆ। ਅਮਰੀਕਾ ਦੇ ਅਥਲੀਟਾਂ ਵਲੋਂ 40 ਗੋਲਡ, 44 ਸਿਲਵਰ ਤੇ 42 ਤਾਂਬੇ ਦੇ ਤਗਮੇ (ਕੁੱਲ 126 ਮੈਡਲ) ਜਿੱਤਣ ਸਦਕਾ ਤਗਮਿਆਂ ਦੀ ਸੂਚੀ ’ਚ ‘ਟਾਪ’ ਸਥਾਨ ਹਾਸਲ ਕੀਤਾ ਗਿਆ ਜਦੋਂਕਿ ਚੀਨ ਦੇ ਅਥਲੀਟਾਂ ਵਲੋਂ 40 ਸੋਨੇ ਦੇ, 27 ਚਾਂਦੀ ਤੇ 24 ਤਾਂਬੇ ਦੇ ਤਗਮਿਆਂ ਨਾਲ ਦੂਜਾ ਸਥਾਨ ਹਾਸਲ ਕਰਕੇ ਕੁੱਲ 91 ਮੈਡਲ ਦੇਸ਼ ਦੀ ਝੋਲੀ ’ਚ ਪਾਏ ਗਏ। ਪੈਰਿਸ ਓਲੰਪਿਕ ’ਚ 84 ਦੇਸ਼ਾਂ ਦੇ ਅਥਲੀਟਾਂ ਨੂੰ ਇਕ-ਇਕ ਗੋਲਡ ਮੈਡਲ ਜਿੱਤਿਆ ਗਿਆ ਹੈ। ਪੈਰਿਸ ’ਚ 329 ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ ਦਿੱਤੇ ਗਏ, ਜਿਸ ’ਚ 24 ਫੀਸਦੀ ਹਿੱਸੇਦਾਰੀ ਭਾਵ 80 ਸੋਨ ਤਗਮੇ ਅਮਰੀਕਾ ਤੇ ਚੀਨ ਦੇ ਅਥਲੀਟਾਂ ਵਲੋਂ ਆਪਣੇ ਗਲੇ ਦਾ ਸ਼ਿੰਗਾਰ ਬਣਾਏ ਗਏ ਹਨ। ਫਰਾਂਸ ਓਲੰਪਿਕ ’ਚ ਜੇਤੂ ਪਲੇਅਰਾਂ ਨੂੰ ਦਿੱਤੇ ਗਏ 1044 ਸੋਨੇ, ਚਾਂਦੀ ਤੇ ਤਾਂਬੇ ਦੇ ਤਗਮਿਆਂ ’ਚੋਂ 217 ਤਗਮੇ ਭਾਵ 21 ਫੀਸਦੀ ਮੈਡਲ ਅਮਰੀਕਾ ਤੇ ਚੀਨ ਦੇ ਅਥਲੀਟਾਂ ਦੇ ਹਿੱਸੇ ਆਏ ਹਨ। ਪੈਰਿਸ ਮੈਡਲ ਸੂਚੀ ’ਚ ਟਾਪ ਕਰਨ ਵਾਲੇ ਅਮਰੀਕਾ ਦੇ ਖਿਡਾਰੀਆਂ ਵਲੋਂ 14 ਖੇਡ ਵੰਨਗੀਆਂ ’ਚ 40 ਗੋਲਡ ਮੈਡਲ ਜਿੱਤੇ ਗਏ ਹਨ। ਟੋਕੀਓ ਓਲੰਪਿਕ ’ਚ ਅਮਰੀਕਾ ਵਲੋਂ 39 ਸੋਨ ਮੈਡਲ ਜਦੋਂਕਿ ਪੈਰਿਸ ਓਲੰਪਿਕ ’ਚ 40 ਮੈਡਲਾਂ ’ਤੇ ਆਪਣੇ ਨਾਮ ਲਿਖੇ ਗਏ ਹਨ। ਅਮੀਰਕਾ ਨੂੰ 40 ਸੋਨ ਤਗਮਿਆਂ ’ਚੋਂ 25 ਭਾਵ 62.05 ਫੀਸਦੀ ਗੋਲਡ ਮੈਡਲ ਮਹਿਲਾਵਾਂ ਵਲੋਂ ਜਿੱਤਣ ਦਾ ਕਰਿਸ਼ਮਾ ਕੀਤਾ ਗਿਆ ਹੈ। ਇਹੀ ਨਹੀਂ ਅਮਰੀਕਾ ਮਹਿਲਾਵਾਂ ਪੈਰਿਸ ਓਲੰਪਿਕ ’ਚ ਜਿੱਤੇ ਕੁੱਲ 126 ਤਗਮਿਆਂ ’ਚੋਂ 67 ਮੈਡਲ ਭਾਵ 53.17 ਫੀਸਦੀ ਤਗਮੇ ਮਹਿਲਾਵਾਂ ਵਲੋਂ ਹਾਸਲ ਕੀਤੇ ਗਏ ਹਨ। ਚੀਨ ਦੇ ਅਥਲੀਟਾਂ ਵਲੋਂ ਟੋਕੀਓ ਓਲੰਪਿਕ (88 ਮੈਡਲਾਂ) ਤੋਂ 3 ਤਗਮੇ ਜ਼ਿਆਦਾ ਜਿੱਤੇ ਗਏ ਹਨ। ਚੀਨ ਵਲੋਂ ਜਿੱਤੇ ਗਏ 40 ਸੋਨ ਤਗਮਿਆਂ ’ਚੋਂ 20 ਗੋਲਡ ਮੈਡਲਾਂ (50 ਫੀਸਦੀ) ’ਤੇ ਮਹਿਲਾ ਖਿਡਾਰੀਆਂ ਵਲੋਂ ਆਪਣੇ ਨਾਮ ਕਰਨ ਤੋਂ ਇਲਾਵਾ ਬਾਕੀ 51 ਸਿਲਵਰ ਤੇ ਤਾਂਬੇ ਦੇ ਮੈਡਲਾਂ ’ਚ ਵੀ 56.04 ਫੀਸਦੀ ਹਿੱਸੇਦਾਰੀ ਚੀਨੀ ਮਹਿਲਾ ਖਿਡਾਰੀਆਂ ਦੀ ਰਹੀ ਹੈ। ਅਮਰੀਕਾ ਵਲੋਂ ਟੋਕੀਓ-2020 ਓਲੰਪਿਕ ’ਚ ਜਿੱਤੇ (39) ਸੋਨ ਤਗਮਿਆਂ ਤੋਂ ਇਕ ਗੋਲਡ ਮੈਡਲ ਵੱਧ (40) ਤਗਮੇ ਹਾਸਲ ਕੀਤੇ ਗਏ। ਪੈਰਿਸ ਓਲੰਪਿਕ ਖੇਡਣ ਵਾਲੇ 206 ਦੇਸ਼ਾਂ ’ਚੋਂ 5 ਦੇਸ਼ਾਂ ਸੇਂਟ ਲੂਸੀਆ, ਡੋਮੀਨਿਕਾ, ਕੇਪ ਵੇਡਰੇ, ਅਲਬਾਨੀਆ ਤੇ ਰਿਫੀਊਜ਼ੀ ਓਲੰਪਿਕ ਟੀਮ ਵਲੋਂ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਮੈਡਲ ਜਿੱਤਿਆ ਗਿਆ ਹੈ। ਸੇਂਟ ਲੂਸੀਆ ਤੇ ਡੋਮੀਨਿਕਾ ਵਲੋਂ ਸੋਨ ਤਗਮੇ ਜਿੱਤੇ ਗਏ ਜਦੋਂਕਿ ਬਾਕੀ ਤਿੰਨ ਦੇਸ਼ਾਂ ਵਲੋਂ ਤਾਂਬੇ ਦੇ ਤਗਮੇ ਹਾਸਲ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਲੰਡਨ-2012 ਓਲੰਪਿਕ ’ਚ ਤਗਮੇ ਜਿੱਤਣ ਵਾਲੇ ਗਵਾਟੇਮਾਲਾ ਤੇ ਬੋਤਸਵਾਨਾ ਦੇ ਅਥਲੀਟਾਂ ਵਲੋਂ ਪੈਰਿਸ ਓਲੰਪਿਕ ’ਚ ਸੋਨ ਤਗਮਿਆਂ ਨਾਲ ਹੱਥ ਮਿਲਾਇਆ ਗਿਆ।
ਪੈਰਿਸ ਓਲੰਪਿਕ ’ਚ ਭਾਰਤੀ ਖਿਡਾਰੀਆਂ ਦੀ ਕਾਰਗੁਜ਼ਾਰੀ: ਪੈਰਿਸ ਓਲੰਪਿਕ ’ਚ ਇੰਡੀਆ ਦੇ 117 ਖਿਡਾਰੀਆਂ ਦੇ ਵੱਡੇ ਦਸਤੇ ਨਾਲ 140 ਮੈਂਬਰੀ ਸਪੋਰਟਿੰਗ ਸਟਾਫ ਵੱਖਰਾ ਸੀ। ਭਾਰਤੀ ਅਥਲੀਟਾਂ ਵਲੋਂ 16 ਖੇਡ ਵੰਨਗੀਆਂ ਹਾਕੀ, ਬੈਡਮਿੰਟਨ, ਟੇਬਲ ਟੈਨਿਸ, ਗੋਲਫ, ਕੁਸ਼ਤੀ, ਤੀਰਅੰਦਾਜ਼ੀ, ਰੋਇੰਗ, ਤੈਰਾਕੀ, ਸ਼ੂਟਿੰਗ, ਘੋੜ ਸਵਾਰੀ, ਮੁੱਕੇਬਾਜ਼ੀ, ਜੂਡੋ, ਸੇਲਿੰਗ, ਟੈਨਿਸ, ਅਥਲੈਟਿਕਸ ਤੇ ਵੇਟ ਲਿਫਟਿੰਗ ’ਚ ਤਗਮੇ ਜਿੱਤਣ ਲਈ ਜ਼ੋਰ-ਅਜ਼ਮਾਈ ਕੀਤੀ ਗਈ ਸੀ। ਪੈਰਿਸ ਓਲੰਪਿਕ ’ਚ ਦੇਸ਼ ਦੇ ਅਥਲੀਟਾਂ ਦੀ ਕਾਰਗੁਜ਼ਾਰੀ ਸਾਹਮਣੇ ਹੈ, ਜਿਨ੍ਹਾਂ ਵਲੋਂ 1 ਸਿਲਵਰ ਤੇ 5 ਤਾਂਬੇ ਦੇ ਤਗਮੇ ਜਿੱਤਣ ਸਦਕਾ ਤਗਮੇ ਸੂਚੀ ’ਚ ਇੰਡੀਆ ਦਾ 65ਵਾਂ ਰੈਂਕ ਆਇਆ ਹੈ। ਭਾਰਤ ਦੇ 117 ਪਲੇਅਰਾਂ ਵਲੋਂ ਜਿੱਥੇ 6 ਤਗਮੇ ਜਿੱਤੇ ਗਏ ਹਨ ਉੱਥੇ ਪੈਰਿਸ ਓਲੰਪਿਕ ਖੇਡਣ ਆਏ ਛੋਟੇ ਦੇਸ਼ਾਂ ਦੇ ਗਿਣਤੀ ਦੇ ਅਥਲੀਟਾਂ ਵਲੋਂ ਜਿਵੇਂ ਸੇਂਟ ਲੂਸੀਆ ਦੇ 4 ਖਿਡਾਰੀਆ ਵਲੋਂ ਦੋ ਤਗਮੇ (ਇਕ ਗੋਲਡ ਤੇ ਇਕ ਚਾਂਦੀ ਦਾ), ਕਿਰਗਿਜ਼ਸਤਾਨ ਦੇ 16 ਖਿਡਾਰੀਆਂ ਵਲੋਂ 6 ਤਗਮੇ, ਨਾਰਥ ਕੋਰੀਆ ਦੇ 16 ਅਥਲੀਟਾਂ ਵਲੋਂ 6 ਤਗਮੇ, ਗਰੇਨਾਡਾ ਦੇ 6 ਖਿਡਾਰੀਆਂ ਵਲੋਂ 2 ਤਗਮੇ, ਬਹਿਰੀਨ ਦੇ 13 ਪਲੇਅਰਾਂ ਵਲੋਂ 4 ਤਗਮੇ, ਇਰਾਨ ਦੇ 41 ਅਥਲੀਟਾਂ ਵਲੋਂ 12 ਮੈਡਲ, ਅਰਮੀਨੀਆ ਦੇ 15 ਪਲੇਅਰਾਂ ਵਲੋਂ 4 ਤਗਮੇ, ਡੋਮੀਨਿਕਾ ਦੇ 4 ਪਲੇਅਰਾਂ ਵਲੋਂ 1 ਤਗਮਾ, ਜਾਰਜੀਆ ਦੇ 28 ਖਿਡਾਰੀਆਂ ਵਲੋਂ 7 ਮੈਡਲ, ਅਲਬਾਨੀਆ ਦੇ 8 ਪਲੇਅਰਾਂ ਵਲੋਂ 2 ਤਗਮੇ, ਕੋਸੋਵੋ ਦੇ 9 ਖਿਡਾਰੀਆਂ ਵਲੋਂ 2 ਮੈਡਲ, ਤਾਜ਼ਿਕਸਤਾਨ ਦੇ 14 ਅਥਲੀਟਾਂ ਵਲੋਂ 3 ਤਗਮੇ ਤੇ ਦੱਖਣੀ ਕੋਰੀਆ ਦੇ 141 ਅਥਲੀਟਾਂ ਵਲੋਂ 32 ਓਲੰਪਿਕ ਤਗਮੇ ਜਿੱਤਣ ਦਾ ਕਰਿਸ਼ਮਾ ਕੀਤਾ ਗਿਆ ਹੈ।
ਪੈਰਿਸ ਓਲੰਪਿਕ ’ਚ ਅਮਰੀਕੀ ਅਥਲੀਟਾਂ ਦਾ ਦਬਦਬਾ: ਓਲੰਪਿਕ ਦੇ ਇਤਿਹਾਸ ’ਚ ਟਰੈਕ ਐਂਡ ਫੀਲਡ ’ਚ ਤਗਮੇ ਜਿੱਤਣ ’ਚ ਅਮਰੀਕੀ ਖਿਡਾਰੀਆਂ ਦਾ 40 ਸਾਲ ਤੋਂ ਲਗਾਤਾਰ ਦਬਾਦਬਾ ਕਾਇਮ ਰਿਹਾ ਹੈ। ਪੈਰਿਸ ਓਲੰਪਿਕ ’ਚ ਅਮਰੀਕੀ ਅਥਲੀਟਾਂ ਵਲੋਂ ਅਥਲੈਟਿਕਸ ਖੇਡ ਵੰਨਗੀਆਂ ’ਚ ਸਭ ਦੇਸ਼ਾਂ ਤੋਂ ਜ਼ਿਆਦਾ 14 ਗੋਲਡ ਮੈਡਲ ਆਪਣੇ ਨਾਮ ਕੀਤੇ ਗਏ ਹਨ। ਰੌਚਕ ਇਤਫਾਕ ਇਹ ਰਿਹਾ ਕਿ ਪੈਰਿਸ ਓਲੰਪਿਕ ’ਚ ਅਮਰੀਕੀ ਮਹਿਲਾ ਤੇ ਪੁਰਸ਼ ਅਥਲੀਟਾਂ ਵਲੋਂ ਬਰਾਬਰ 7-7 ਗੋਲਡ ਮੈਡਲ ਜਿੱਤਣ ਦਾ ਕਮਾਲ ਕੀਤਾ ਗਿਆ ਹੈ।
ਚੀਨ ਨੇ ਜਿੱਤਿਆ 300ਵਾਂ ਓਲੰਪਿਕ ਗੋਲਡ: ਏਸ਼ਿਆਈ ਦੇਸ਼ ਚੀਨ ਦੇ ਖਿਡਾਰੀਆਂ ਨੇ ਪੈਰਿਸ ਓਲੰਪਿਕ ’ਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ 300ਵਾਂ ਗੋਲਡ ਦੇਸ਼ ਦੀ ਝੋਲੀ ’ਚ ਪਾਉਣ ਦਾ ਕਰਿਸ਼ਮਾ ਕੀਤਾ ਹੈ। ਪੈਰਿਸ ਓਲੰਪਿਕ ’ਚ ਚੀਨ ਦੇ ਮਹਿਲਾ ਟੇਬਲ ਟੈਨਿਸ ਟੀਮ ਵਲੋਂ ਜਪਾਨ ਨੂੰ ਫਾਈਨਲ ’ਚ 3-0 ਭਾਵ ਚਾਰੇਖਾਨੇ ਚਿੱਤ ਕਰਦਿਆਂ ਓਲੰਪਿਕ ਇਤਿਹਾਸ ਦਾ 300ਵਾਂ ਇਤਿਹਾਸਕ ਸੋਨ ਤਗਮਾ ਦੇਸ਼ ਦੇ ਨਾਮ ਕੀਤਾ ਗਿਆ ਹੈ। ਪੈਰਿਸ ਓਲੰਪਿਕ ’ਚ ਚੀਨ ਵਿਸ਼ਵ ’ਚ ਅਮਰੀਕਾ ਤੋਂ ਬਾਅਦ ਓਲੰਪਿਕ ਦੇ ਇਤਿਹਾਸ ’ਚ ਗੋਲਡ ਮੈਡਲ ਜਿੱਤਣ ’ਚ ਦੂਜੇ ਪਾਏਦਾਨ ’ਤੇ ਬਿਰਾਜਮਾਨ ਹੋਇਆ ਹੈ।
ਸੇਂਟ ਲੂਸੀਆ ਤਗਮੇ ਜਿੱਤਣ ’ਚ ਰਿਹਾ ਅੱਵਲ: ਪੈਰਿਸ ਓਲੰਪਿਕ ’ਚ ਮੈਡਲ ਜਿੱਤਣ ’ਚ ਸੇਂਟ ਲੂਸੀਆ ਦਾ ਓਲੰਪਿਕ ਖੇਡਣ ਵਾਲੇ 206 ਦੇਸ਼ਾਂ ’ਚੋਂ ਸਟਰਾਈਕ ਰੇਟ ਸਭ ਜ਼ਿਆਦਾ ਰਿਹਾ ਹੈ। ਪੈਰਿਸ ਓਲੰਪਿਕ ’ਚ ਚੰਡੀਗੜ੍ਹ ਤੋਂ ਵੀ ਘੱਟ ਆਬਾਦੀ ਵਾਲੇ ਭਾਵ 1, 79, 799 ਆਬਾਦੀ ਵਾਲੇ ਮੁਲਕ ਸੇਂਟ ਲੂਸੀਆ ਦੇ ਕੇਵਲ 4 ਅਥਲੀਟ ਮੈਦਾਨ ’ਚ ਨਿੱਤਰੇ ਸਨ। ਓਲੰਪਿਕ ’ਚ ਸੇਂਟ ਲੂਸੀਆ ਦੀ ਮਹਿਲਾ ਅਥਲੀਟ ਜੂਲੀਅਨ ਅਲਫਰੇਡ ਨੇ 100 ਮੀਟਰ ਫੱਰਾਟਾ ਰੇਸ ’ਚ ਗੋਲਡ ਤੇ 200 ਮੀਟਰ ਫੱਰਾਟਾ ਰੇਸ ’ਚ ਚਾਂਦੀ ਦਾ ਤਗਮਾ ਜਿੱਤਣ ਸਦਕਾ ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ ਹੋਣ ਦਾ ਕਰਿਸ਼ਮਾ ਕੀਤਾ ਹੈ।
ਪੈਰਿਸ ਓਲੰਪਿਕ ’ਚ 40 ਦੇਸ਼ਾਂ ਨੇ ਜਿੱਤੇ ਗੋਲਡ ਮੈਡਲ: ਪੈਰਿਸ ਓਲੰਪਿਕ ’ਚ ਪੂਰੇ ਵਿਸ਼ਵ ਦੇ 40 ਦੇਸ਼ਾਂ ਨੇ ਸੋਨ ਤਗਮੇ ਆਪਣੇ ਨਾਮ ਕੀਤੇ ਹਨ। ਇਨ੍ਹਾਂ 40 ਦੇਸ਼ਾਂ ’ਚ ਤਿੰਨ ਦੇਸ਼ ਸੇਂਟ ਲੂਸੀਆ, ਡੋਮੀਨਿਕਾ ਤੇ ਗਵਾਟੇਮਾਲਾ ਦੀਆਂ ਮਹਿਲਾ ਅਥਲੀਟਾਂ ਨੇ ਗੋਲਡ ਮੈਡਲ ਦੀ ਜਿੱਤ ਨਾਲ ਦੇਸ਼ ਲਈ ਪਲੇਠਾ ਸੋਨ ਤਗਮਾ ਜਿੱਤਣ ਦਾ ਕਰਿਸ਼ਮਾ ਕੀਤਾ ਹੈ।
ਯੂਰੋ ਫੁਟਬਾਲ ਕੱਪ ਜਰਮਨੀ-2024: ਜਰਮਨੀ ਦੀ ਮੇਜ਼ਬਾਨੀ ’ਚ 14 ਜੂਨ ਤੋਂ 14 ਜੁਲਾਈ ਤੱਕ ਖੇਡੇ ਗਏ 17ਵੇਂ ਯੂਰੋ ਫੁਟਬਾਲ ਕੱਪ ਟੂਰਨਾਮੈਂਟ ’ਚ ਪੂਰੇ ਯੂਰਪ ’ਚ ਕੁਆਲੀਫਾਈ ਕਰਕੇ ਪਹੁੰਚੀਆਂ ਮੰਨੀਆਂ-ਦੰਨੀਆਂ 24 ਟੀਮਾਂ ਮੈਦਾਨ ’ਚ ਨਿੱਤਰੀਆਂ। ਜਰਮਨੀ ਦੇ 10 ਵੱਡੇ ਸ਼ਹਿਰਾਂ ਦੇ ਆਧੁਨਿਕ ਫੁਟਬਾਲ ਸਟੇਡੀਅਮਾਂ ’ਚ ਖੇਡੇ ਜਾਣ ਵਾਲੇ ਯੂਰੋ ਫੁਟਬਾਲ ਕੱਪ ਖੇਡਣ ਵਾਲੀਆਂ 24 ਟੀਮਾਂ ਨੂੰ 6 ਗਰੁੱਪਾਂ ’ਚ ਵੰਡਿਆ ਗਿਆ। ਯੂਰੋ ਫੁਟਬਾਲ ਕੱਪ ਦਾ ਪਹਿਲਾ ਸੈਮੀਫਾਈਨਲ 9 ਜੁਲਾਈ ਨੂੰ ਮਿਓਨਿਖ ਦੇ ਫੁਟਬਾਲ ਸਟੇਡੀਅਮ ਦੇ ਮੈਦਾਨ ’ਚ ਸਪੇਨ ਤੇ ਫਰਾਂਸ ਦੀਆਂ ਫੁਟਬਾਲ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ’ਚ ਸਪੇਨੀ ਖਿਡਾਰੀਆਂ ਨੇ ਫਰਾਂਸ ਦੀ ਸੌਕਰ ਟੀਮ ਨੂੰ 2-1 ਗੋਲ ਅੰਤਰ ਨਾਲ ਹਰਾ ਕੇ ਫਾਈਨਲ ਖੇਡਣ ਦਾ ਟਿਕਟ ਕਟਾਇਆ ਗਿਆ। ਫੁਟਬਾਲ ਮੁਕਾਬਲੇ ਦਾ ਦੂਜਾ ਸੈਮੀਫਾਈਨਲ 10 ਜੁਲਾਈ ਨੂੰ ਡੋਰਟਮੁੰਡ ਦੇ ਫੁਟਬਾਲ ਸਟੇਡੀਅਮ ਦੀ ਪਿੱਚ ’ਤੇ ਨੀਦਰਲੈਂਡ ਤੇ ਇੰਗਲੈਂਡ ਦੀਆਂ ਟੀਮ ਵਿਚਕਾਰ ਖੇਡਿਆ ਗਿਆ, ਜਿਸ ’ਚ ਇੰਗਲੈਂਡ ਦੀ ਟੀਮ ਨੇ ਡੱਚ ਖਿਡਾਰੀਆਂ ’ਤੇ 2-1 ਗੋਲ ਦੇ ਫਰਕ ਨਾਲ ਭਾਂਜ ਦੇਂਦਿਆਂ ਫਾਈਨਲ ਖੇਡਣ ਦੀ ਉਡਾਣ ਭਰੀ ਗਈ। 17ਵੇਂ ਯੂਰੋ ਫੁਟਬਾਲ ਕੱਪ ਦਾ ਫਾਈਨਲ ਮੈਚ 14 ਜੁਲਾਈ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਫੁਟਬਾਲ ਸਟੇਡੀਅਮ ਦੀ ਮੈਟ ’ਤੇ 70,000 ਤੋਂ ਵੱਧ ਫੁਟਬਾਲ ਪ੍ਰੇਮੀਆਂ ਦੀ ਹਾਜ਼ਰੀ ’ਚ ਸਪੇਨ ਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ’ਚ ਸਪੇਨ ਨੇ ਇੰਗਲੈਂਡ ਨੂੰ 2-1 ਗੋਲ ਨਾਲ ਮਾਤ ਦੇਂਦਿਆਂ ਯੂਰੋ ਕੱਪ ਚੈਂਪੀਅਨ ਬਣਨ ਦਾ ਜੱਸ ਖੱਟਿਆ। ਦੋਵੇਂ ਟੀਮਾਂ ਵਿਚਕਾਰ ਖੇਡੇ ਗਏ ਫਸਵੇਂ ਮੈਚ ’ਚ ਤਿੰਨੇ ਗੋਲ ਦੂਜੇ ਹਾਫ ’ਚ ਹੋਏ। ਨਵੀਂ ਯੂਰੋ ਚੈਂਪੀਅਨ ਨਾਮਜ਼ਦ ਹੋਈ ਸਪੇਨੀ ਟੀਮ ਦੇ ਸੈਂਟਰ ਸਟਰਾਈਕਰ ਨਿਕੋਲਸ ਵਿਲੀਅਮਜ਼ ਵਲੋਂ 47ਵੇਂ ਮਿੰਟ ’ਚ ਫੀਲਡ ਗੋਲ ਕਰਕੇ ਟੀਮ ਨੂੰ ਲੀਡ ਪ੍ਰਦਾਨ ਕੀਤੀ ਗਈ। ਉਪ-ਜੇਤੂ ਇੰਗਲੈਂਡ ਦੇ ਅਟੈਕਿੰਗ ਮਿੱਡਫੀਲਡਰ ਜਰਮੇਨ ਪਲਮੇਰ ਵਲੋਂ 73 ਵੇਂ ਮਿੰਟ ’ਚ ਗੋਲ ਕਰਕੇ ਸਕੋਰ ਲੈਬਲ ਕੀਤਾ ਗਿਆ। ਪਰ 86ਵੇਂ ਮਿੰਟ ਵਲੋਂ ਜੇਤੂ ਸਪੇਨਿਸ਼ ਟੀਮ ਦੇ ਸੈਂਟਰ ਫਾਰਵਰਡ ਮਿਕੇਲ ਉਗਾਰਟੇ ਵਲੋਂ ਮੈਦਾਨੀ ਗੋਲ ਦਾਗ ਕੇ ਟੀਮ ਦੀ ਜਿੱਤ ਦੀ ਨੀਂਹ ਪੱਕੀ ਕਰ ਦਿੱਤੀ ਗਈ। ਸਪੇਨ ਵਲੋਂ ਯੂਰੋ ਫੁਟਬਾਲ ਕੱਪ ਦੇ ਟਾਈਟਲ ’ਤੇ ਜਿੱਤਾਂ ਦਾ ਚੌਕਾ ਲਾਇਆ ਗਿਆ ਭਾਵ ਟੀਮ ਨੇ ਚਾਰ ਵਾਰ ਜਿੱਤ ਹਾਸਲ ਕੀਤੀ ਹੈ। ਗਿਆ। ਇੰਗਲੈਂਡ ਦੀ ਟੀਮ ਨੂੰ ਯੂਰੋ ਕੱਪ-2020 ਤੋਂ ਬਾਅਦ ਜਰਮਨੀ-2024 ’ਚ ਲਗਾਤਾਰ ਦੂਜੀ ਵਾਰ ਉਪ-ਜੇਤੂ ਹੀ ਬਣ ਸਕੀ। ਜੇਤੂ ਟੀਮ ਦੇ ਡਿਫੈਂਡਰ ਰੋਡਰਿਗੋ ਹਰਨਾਡੇਜ਼ ਨੂੰ ਯੂਰੋ ਕੱਪ ਦੇ ਪ੍ਰਬੰਧਕਾਂ ਵਲੋਂ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਨਾਲ ਸਨਮਾਨਿਆ ਗਿਆ ਜਦੋਂਕਿ ਚੈਂਪੀਅਨ ਟੀਮ ਦੇ ਸਟਰਾਈਕਰ ਲਮੀਨੇ ਯਮਾਲ ਨੂੰ ‘ਯੰਗ ਫੁਟਬਾਲ ਪਲੇਅਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ। ਪੂਰੇ ਟੂਰਨਾਮੈਂਟ ’ਚ ਖੇਡੇ ਗਏ 51 ਮੈਚਾਂ ’ਚ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਵਲੋਂ ਇਕ-ਦੂਜੀ ਟੀਮ ’ਤੇ ਕੁੱਲ 51 ਗੋਲ ਸਕੋਰ ਕੀਤੇ ਗਏ।
ਟੀ-20 ਕ੍ਰਿਕਟ ਪੁਰਸ਼ ਵਿਸ਼ਵ ਕੱਪ-2024: ਵੈਸਟ ਇੰਡੀਜ਼ ਤੇ ਅਮਰੀਕਾ ਦੀ ਸਹਿ-ਮੇਜ਼ਬਾਨੀ ’ਚ 1 ਤੋਂ 29 ਜੂਨ ਤੱਕ ਖੇਡੇ ਗਏ 9ਵੇਂ ਟੀ-20 ਪੁਰਸ਼ ਵਿਸ਼ਵ ਕ੍ਰਿਕਟ ਕੱਪ-2024 ’ਚ ਦੁਨੀਆਂ ਦੀਆਂ 20 ਕ੍ਰਿਕਟ ਟੀਮਾਂ ਦੇ ਖਿਡਾਰੀਆਂ ਵਲੋਂ ਟਾਈਟਲ ਜਿੱਤਣ ਲਈ ਪੂਰਾ ਤਾਣ ਲਗਾਇਆ ਗਿਆ। ਪਰ ਖਿਤਾਬੀ ਦੌੜ ਦੀ ਭੇੜ ’ਚ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਦੇ ਕ੍ਰਿਕਟਰਾਂ ਦਰਮਿਆਨ ਹੋਇਆ, ਜਿਸ ’ਚ ਉਮੀਦ ਅਨੁਸਾਰ ਤਜਰਬੇ ਤੇ ਹੌਸਲੇ ਨਾਲ ਭਰੇ ਹੋਏ ਇੰਡੀਅਨ ਕ੍ਰਿਕਟਰਾਂ ਨੇ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ 7 ਦੌੜਾਂ ਨਾਲ ਹਰਾ ਕੇ ਜਿੱਤ ਦਾ ਝੰਡਾ ਫਹਿਰਾਇਆ ਹੈ। ਟੀ-20 ਵਿਸ਼ਵ ਕ੍ਰਿਕਟ ਕੱਪ ਦੀ ਟਰਾਫੀ ’ਤੇ ਦੂਜੀ ਵਾਰ ਕਬਜ਼ਾ ਕਰਨ ਵਾਲੇ ਇੰਡੀਅਨ ਕ੍ਰਿਕਟਰਾਂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 176 ਦੌੜਾਂ ਸਕੋਰ ਕੀਤੀਆਂ। ਭਾਰਤ ਦੀਆਂ 176 ਦੌੜਾਂ ਦਾ ਪਿੱਛਾ ਕਰਦਿਆਂ ਦੱਖਣ ਅਫਰੀਕੀ ਬੱਲੇਬਾਜ਼ 20 ਓਵਰਾਂ ’ਚ 8 ਵਿਕਟਾਂ ਗੁਆ ਕੇ 169 ਦੌੜਾਂ ਦਾ ਸਕੋਰ ਖੜ੍ਹਾ ਕਰਨ ਸਦਕਾ ਉਪ-ਜੇਤੂ ਬਣਨ ਲਈ ਮਜਬੂਰ ਹੋਏ। ਭਾਰਤੀ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਸਨਮਾਨ ਦਿੱਤਾ ਗਿਆ ਹੈ। ਇੰਡੀਅਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਅਫਗਾਨਿਸਤਾਨ ਦੇ ਗੇਂਦਬਾਜ਼ ਫਜ਼ਲਹੱਕ ਫਾਰੂਕੀ ਵਲੋਂ ਸਭ ਤੋਂ ਵੱਧ ਬਰਾਬਰ 17-17 ਵਿਕਟਾਂ ਹਾਸਲ ਕੀਤੀਆਂ ਗਈਆਂ ਜਦੋਂਕਿ ਅਫਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਓਲਾ ਗੁਰਬਾਜ਼ ਵਲੋਂ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ 281 ਦੌੜਾਂ ਬਣਾਉਣ ਦਾ ਜੱਸ ਖੱਟਿਆ ਗਿਆ। ਸਾਲ-2007 ਤੋਂ ਸ਼ੁਰੂ ਹੋਏ ਆਈਸੀਸੀ ਟੀ-20 ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੇ ਟਾਈਟਲ ’ਤੇ ਭਾਰਤ, ਇੰਗਲੈਂਡ, ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਨੇ 2-2 ਵਾਰ ਕਬਜ਼ਾ ਜਮਾਇਆ ਹੈ ਜਦੋਂਕਿ ਪਾਕਿਸਤਾਨ, ਆਸਟਰੇਲੀਆ ਤੇ ਸ੍ਰੀਲੰਕਾ ਦੇ ਕ੍ਰਿਕਟਰਾਂ ਨੇ 1-1 ਵਾਰ ਖਿਤਾਬ ਆਪਣੀ ਝੋਲੀ ’ਚ ਪਾਇਆ ਹੈ।
ਕੋਪਾ ਫੁਟਬਾਲ ਕੱਪ ਅਮਰੀਕਾ-2024: ਕੋਪਾ ਅਮਰੀਕਾ ਫੁਟਬਾਲ ਕੱਪ ਦਾ 48ਵਾਂ ਮੁਕਾਬਲਾ ਅਮਰੀਕਾ ਦੇ ਮੈਦਾਨਾਂ ’ਤੇ 16 ਫੁਟਬਾਲ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ’ਚ ਅਰਜਨਟੀਨਾ ਨੇ ਕੋਲੰਬੀਆ ਨੂੰ ਫਸਵੇਂ ਮੈਚ ’ਚ 1-0 ਗੋਲ ਅੰਤਰ ਨਾਲ ਹਰਾ ਕੇ ਜਿੱਤ ਦਾ ਬਿਗੁਲ ਵਜਾਇਆ। ਕੋਲੰਬੀਆ ਦੀ ਟੀਮ ਨੂੰ ਖਿਤਾਬੀ ਮੈਚ ਹਾਰਨ ਸਦਕਾ ਉਪ-ਜੇਤੂੂ ਰਹਿਣ ਲਈ ਮਜਬੂਰ ਹੋਣਾ ਪਿਆ ਜਦੋਂਕਿ ਉਰੂਗੁਏ ਨੇ ਕੈਨੇਡਾ ਨੂੰ ਹਰਾ ਕੇ ਤੀਜੀ ਪੁਜ਼ੀਸ਼ਨ ਨਾਲ ਤਾਂਬੇ ਦਾ ਤਗਮਾ ਜਿੱਤਿਆ। ਫੀਫਾ ਵਿਸ਼ਵ ਕੱਪ ਕਤਰ-2022 ’ਚ ਵਿਸ਼ਵ ਚੈਂਪੀਅਨ ਦਾ ਹੱਕ ਹਾਸਲ ਕਰਨ ਵਾਲੀ ਕਪਤਾਨ ਲਾਇਨੇਲ ਮੈਸੀ ਦੀ ਅਰਜਨਟੀਨੀ ਫੁਟਬਾਲ ਟੀਮ ਦੀ ਇਸ ਵਕਾਰੀ ਟੂਰਨਾਮੈਂਟ ’ਚ ਇਹ 16ਵੀਂ ਜਿੱਤ ਸੀ। ਅਰਜਨਟੀਨਾ ਫੁਟਬਾਲ ਟੀਮ ਨੇ ਕੋਪਾ ਅਮਰੀਕਾ ਕੱਪ ਦੀ ਟਰਾਫੀ ’ਤੇ ਸਭ ਤੋਂ ਜ਼ਿਆਦਾ 16 ਵਾਰ ਕਬਜ਼ਾ ਕੀਤਾ ਹੈ। ਅਮਰੀਕਾ ’ਚ ਜੂਨ-20 ਤੋਂ ਜੁਲਾਈ-14 ਤੱਕ ਖੇਡੇ ਗਏ ਕੋਪਾ ਕੱਪ ਫੁਟਬਾਲ ਮੁਕਾਬਲੇ ’ਚ ਖੇਡੇ ਗਏ 32 ਮੈਚਾਂ ’ਚ ਖਿਡਾਰੀਆਂ ਵਲੋਂ ਇਕ-ਦੂਜੀ ਟੀਮ ’ਤੇ ਕੁੱਲ 70 ਗੋਲ ਸਕੋਰ ਕੀਤੇ ਗਏ। ਫੁਟਬਾਲ ਟੂਰਨਾਮੈਂਟ ’ਚ ਉਪ-ਜੇਤੂ ਕੋਲੰਬੀਆ ਦੀ ਟੀਮ ਦੇ ਤੂਫਾਨੀ ਸਟਰਾਈਕਰ ਜੇਮਜ਼ ਰੋਡਰੀਗੇਜ਼ ਨੂੰ ਟੂਰਨਾਮੈਂਟ ਦੀ ਜਿਊਰੀ ਵਲੋਂ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦੀ ਟਰਾਫੀ ਨਾਲ ਸਨਮਾਨਿਆ ਗਿਆ। ਕੋਪਾ ਕੱਪ ਮੁਕਾਬਲੇ ਦੀ ਚੈਂਪੀਅਨ ਅਰਜਨਟੀਨਾ ਦੇ ਜੇਵੀਅਰ ਮਾਰਟੀਨੇਜ਼ ਟੂਰਨਾਮੈਂਟ ’ਚ ਸਭ ਤੋਂ ਵੱਧ 5 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਨਾਮਜ਼ਦ ਹੋਇਆ ਜਦੋਂਕਿ ਜੇਤੂ ਅਰਜਨਟੀਨੀ ਟੀਮ ਦੇ ਗੋਲਕੀਪਰ ਡੈਮੀਅਨ ਮਾਰਟੀਨੇਜ਼ ਨੂੰ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਉਪ-ਜੇਤੂ ਕੋਲੰਬੀਆ ਦੀ ਟੀਮ ਦੇ ਫੁਟਬਾਲਰਾਂ ਨੂੰ ਪੂਰੇ ਮੁਕਾਬਲੇ ’ਚ ਸਾਫ-ਸੁਥਰੀ ਗੇਮ ਖੇਡਣ ਸਦਕਾ ‘ਫੇਅਰ ਪਲੇਅ ਅਵਾਰਡ’ ਦਿੱਤਾ ਗਿਆ। ਅਮਰੀਕਾ ਕੋਪਾ ਫੁਟਬਾਲ ਕੱਪ ਦਾ ਪਲੇਠਾ ਟੂਰਨਾਮੈਂਟ ਸਾਲ-1916 ’ਚ 108 ਸਾਲ ਪਹਿਲਾਂ ਅਰਜਨਟੀਨਾ ਦੇ ਫੁਟਬਾਲ ਮੈਦਾਨ ’ਤੇ ਖੇਡਿਆ ਗਿਆ, ਜਿਸ ’ਚ ਮਹਿਮਾਨ ਉਰੂਗੁਏ ਦੀ ਟੀਮ ਨੇ ਮੇਜ਼ਬਾਨ ਅਰਜਨਟੀਨਾ ਦੇ ਖਿਡਾਰੀਆਂ ਨੂੰ ਹਰਾ ਪਲੇਠੀ ਜਿੱਤ ਹਾਸਲ ਕੀਤੀ। ਅਰਜਨਟੀਨਾ ਟੀਮ ਵਲੋਂ ਕੋਪਾ ਫੁਟਬਾਲ ਕੱਪ 16 ਵਾਰ ਜਿੱਤਣ ਤੋਂ ਬਾਅਦ ਉਰੂਗੁਏ ਨੇ 15 ਵਾਰ ਕੋਪਾ ਫੁਟਬਾਲ ਕੱਪ ਦੀ ਟਰਾਫੀ ’ਤੇ ਆਪਣੀ ਜਿੱਤ ਦੀ ਮੋਹਰ ਲਾਈ ਹੈ ਜਦੋਂਕਿ ਬਰਾਜ਼ੀਲੀ ਸੌਕਰ ਟੀਮ ਨੇ ਕੋਪਾ ਫੁਟਬਾਲ ਕੱਪ ਦੇ 9 ਟਾਈਟਲ ਹਾਸਲ ਕੀਤੇ ਹਨ।
ਐਫਆਈਐਚ ਬੈਸਟ ਹਾਕੀ ਪਲੇਅਰ: ਪੈਰਿਸ ਓਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ‘ਫੈਡਰੇਸ਼ਨ ਆਫ ਕੌਮਾਂਤਰੀ ਹਾਕੀ’ ਵਲੋਂ ‘ਬੈਸਟ ਹਾਕੀ ਪਲੇਅਰ ਆਫ ਦਿ ਯੀਅਰ-2024’ ਚੁਣਿਆ ਗਿਆ ਹੈ। ਪੈਰਿਸ ਓਲੰਪਿਕ ’ਚ ਕੌਮੀ ਟੀਮ ਦੇ ਕਪਤਾਨ ਦਾ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਪੈਰਿਸ ਓਲੰਪਿਕ ’ਚ ਸਭ ਵੱਧ 10 ਗੋਲ ਦਾਗਣ ਸਦਕਾ ‘ਟਾਪ ਸਕੋਰਰ’ ਬਣਨ ਦਾ ਹੱਕ ਹਾਸਲ ਹੋਇਆ ਹੈ। ਪੈਰਿਸ ਓਲੰਪਿਕ ਤੋਂ ਪਹਿਲਾਂ ਹਰਮਨਪ੍ਰੀਤ ਸਿੰਘ ਵਲੋਂ ਟੋਕੀਓ ਓਲੰਪਿਕ ’ਚ ਵੀ 6 ਗੋਲ ਸਕੋਰ ਕੀਤੇ ਗਏ ਸਨ। ਹਾਕੀ ਓਲੰਪੀਅਨ ਹਰਮਨਪ੍ਰੀਤ ਸਿੰਘ ਨੂੰ 241 ਕੌਮਾਂਤਰੀ ਹਾਕੀ ਮੈਚਾਂ ’ਚ 212 ਗੋਲ ਸਕੋਰ ਕਰਨ ਦਾ ਹੱਕ ਹਾਸਲ ਹੈ।
ਫੀਫਾ ਦਾ ਬੈਸਟ ਪੁਰਸ਼ ਫੁਟਬਾਲਰ: ਘਰੇਲੂ ਕਲੱਬ ਫਲੈਮੇਗੋ ਵਲੋਂ ਪੇਸ਼ੇਵਰ ਕਰੀਅਰ ਦਾ ਆਗਾਜ਼ ਕਰਨ ਵਾਲੇ ਵਿਨੀਸੀਅਸ ਜੂਨੀਅਰ ਨੂੰ ਫੀਫਾ ਦੇ ਅਧਿਕਾਰੀਆਂ ਵਲੋਂ ‘ਬੈਸਟ ਫੁਟਬਾਲਰ ਆਫ ਦਿ ਯੀਅਰ-2024’ ਨਾਮਜ਼ਦ ਕੀਤਾ ਗਿਆ ਹੈ। ਸਾਲ-2019 ’ਚ ਬਰਾਜ਼ੀਲ ਦੀ ਸੀਨੀਅਰ ਫੁਟਬਾਲ ਟੀਮ ’ਚ ਕਰੀਅਰ ਦਾ ਆਗਾਜ਼ ਕਰਨ ਤੋਂ ਪਹਿਲਾਂ ਤੂਫਾਨੀ ਫਾਰਵਰਡ ਵਿਨੀਸੀਅਸ ਜੂਨੀਅਰ ਅੰਡਰ-15, ਅੰਡਰ-17 ਤੇ ਅੰਡਰ-20 ਕੌਮੀ ਟੀਮਾਂ ਦੀ ਕੌਮਾਂਤਰੀ ਫੁਟਬਾਲ ’ਚ ਨੁਮਾਇੰਦਗੀ ਕਰ ਚੁੱਕਾ ਹੈ। ਸਪੇਨ ਦੇ ਘਰੇਲੂ ਫੁਟਬਾਲ ਕਲੱਬ ਰੀਅਲ ਮੈਡਰਿਡ ਵਲੋਂ ਪੇਸ਼ੇਵਾਰਨਾ ਪਾਰੀ ਖੇਡਣ ਵਾਲਾ ਬਰਾਜ਼ੀਲ ਦੇ 24 ਸਾਲਾ ਸਟਰਾਈਕਰ ਵਿਨੀਸੀਅਸ ਜੂਨੀਅਰ ਨੂੰ 37 ਕੌਮਾਂਤਰੀ ਖੇਡ ਚੁੱਕਾ ਹੈ।
ਫੀਫਾ ਦੀ ਬੈਸਟ ਮਹਿਲਾ ਫੁਟਬਾਲਰ: ਸਪੇਨ ਦੀ ਮਹਿਲਾ ਫੁਟਬਾਲ ਟੀਮ ਦੀ ਮਿਡਫੀਲਡਰ ਏਤਾਨਾ ਬੋਨਮਾਤੀ ਨੂੰ ਫੀਫਾ ਦੀ ਜਿਊਰੀ ਵਲੋਂ ‘ਬੈਸਟ ਮਹਿਲਾ ਪਲੇਅਰ ਆਫ ਦਿ ਯੀਅਰ-2024’ ਨਾਮਜ਼ਦ ਕੀਤਾ ਗਿਆ ਹੈ। ਏਲਾਨਾ ਬੋਨਮਾਤੀ ਨੂੰ ਸਾਲ-2023 ’ਚ ਵੀ ਫੀਫਾ ਦੀ ਮਹਿਲਾ ਬੈਸਟ ਪਲੇਅਰ ਦਾ ਸਨਮਾਨ ਹਾਸਲ ਹੋਇਆ ਸੀ। ਸਾਲ-2017 ’ਚ ਸਪੇਨ ਦੀ ਸੀਨੀਅਰ ਕੌਮੀ ਟੀਮ ’ਚ ਐਂਟਰੀ ਹਾਸਲ ਕਰਨ ਵਾਲੀ ਏਤਾਨਾ 65 ਕੌਮਾਂਤਰੀ ਮੈਚਾਂ ’ਚ 26 ਗੋਲ ਦਾਗਣ ਦਾ ਕਰਿਸ਼ਮਾ ਕਰ ਚੁੱਕੀ ਹੈ। ਬਾਰਸੀਲੋਨਾ ਫੁਟਬਾਲ ਕਲੱਬ ਦੀ ਟੀਮ ਵਲੋਂ 181 ਮੈਚਾਂ ’ਚ 61 ਗੋਲ ਸਕੋਰ ਕਰਨ ਵਾਲੀ 26 ਸਾਲਾ ਏਤਾਨਾ ਬੋਨਮਾਤੀ ਨੇ 7 ਸਾਲਾ ਉਮਰ ’ਚ ਫੁਟਬਾਲ ਖੇਡਣ ਦਾ ਆਗਾਜ਼ ਕੀਤਾ। ਸਪੇਨ ਦੀ ਸੀਨੀਅਰ ਵਿਮੈਨ ਟੀਮ ਨਾਲ ਮਹਿਲਾ ਵਿਸ਼ਵ ਫੁਟਬਾਲ ਕੱਪ-2023 ’ਚ ਪ੍ਰਤੀਨਿੱਧਤਾ ਕਰਨ ਵਾਲੀ ਏਤਾਨਾ ਬੋਨਮਾਤੀ ਨੂੰ ਫੀਫਾ ਵਲੋਂ ‘ਗੋਲਡਨ ਬਾਲ’ ਦਾ ਸਨਮਾਨ ਮਿਲਿਆ ਸੀ। ਇਸ ਤੋਂ ਇਲਾਵਾ ਏਤਾਨਾ ਬੋਨਮਾਤੀ ਮਹਿਲਾ ਫੀਫਾ ਵਿਸ਼ਵ ਕੱਪ ਕੋਸਟਾਰੀਕਾ-2014 ਅੰਡਰ-17 ’ਚ ਚਾਂਦੀ ਦਾ ਕੱਪ ਤੇ ਫਰਾਂਸ-2018 ਅੰਡਰ-20 ਵਿਮੈਨ ਵਰਲਡ ਕੱਪ ’ਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਕੌਮੀ ਟੀਮ ਦੀ ਨੁਮਾਇੰਦਗੀ ਕਰ ਚੁੱਕੀ ਹੈ।
ਫੀਫਾ ਦਾ ਬੈਸਟ ਪੁਰਸ਼ ਗੋਲਕੀਪਰ: ਵਰਲਡ ਫੁਟਬਾਲ ਕੱਪ-2022 ਜੇਤੂ ਅਰਜਨਟੀਨਾ ਸੌਕਰ ਟੀਮ ਦੇ 32 ਸਾਲਾ ਗੋਲਕੀਪਰ ਡੈਮੀਅਨ ਐਮਿਲਿਆਨੋ ਮਾਰਟੀਨੇਜ਼ ਨੂੰ ਫੀਫਾ ਦਾ ‘ਬੈਸਟ ਗੋਲਕੀਪਰ-2024’ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਡੈਮੀਅਨ ਨੂੰ ਤੀਜੀ ਵਾਰ ‘ਫੀਫਾ ਦਾ ਅੱਵਲ ਗੋਲਚੀ’ ਚੁਣਿਆ ਗਿਆ ਹੈ। ਫੀਫਾ ਵਿਸ਼ਵ ਕੱਪ ਕਤਰ-2023 ਤੇ ਬਰਾਜ਼ੀਲ ਕੋਪਾ ਫੁਟਬਾਲ ਕੱਪ ਬਰਾਜ਼ੀਲ-2021 ’ਚ ਚੈਂਪੀਅਨ ਅਰਜਨਟੀਨਾ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਗੋਲਚੀ ਡੈਮੀਅਨ ਨੂੰ 2009 ’ਚ ਕਰੀਅਰ ਦੇ ਆਗਾਜ਼ ’ਚ ਇਕੋ ਸਮੇਂ ਜੂਨੀਅਰ ਅੰਡਰ-17 ਤੇ ਅੰਡਰ-20 ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ। 2020 ’ਚ ਕਰੰਟ ਚਹੇਤੇ ਕਲੱਬ ਅਸਟੋਲ ਵਿਲਾ ਦੀ ਟੀਮ ਸਾਈਨ ਕਰਨ ਵਾਲਾ ਡੈਮੀਅਨ ਅਰਜਨਟੀਨਾ ਦੀ ਸੀਨੀਅਰ ਟੀਮ ਦੀ 49 ਕੌਮਾਂਤਰੀ ਮੈਚਾਂ ’ਚ ਗੋਲਕੀਪਿੰਗ ਕਰ ਚੁੱਕਾ ਹੈ।
ਓਲੰਪਿਕਸ ’ਚ 14 ਮੈਡਲ ਜੇਤੂ ਮਕਿਓਨ ਨੇ ਲਿਆ ਸੰਨਿਆਸ: ਆਸਟਰੇਲੀਆ ਲਈ ਓਲੰਪਿਕ ਖੇਡਾਂ ’ਚ ਪੁਰਸ਼-ਮਹਿਲਾਵਾਂ ’ਚ ਵੱਧ ਤਗਮੇ 14 ਤਗਮੇ ਜਿੱਤਣ ਦਾ ਟੇਬਲ ਪੂਰਾ ਕਰਨ ਵਾਲੀ 30 ਸਾਲਾ ਕੰਗਾਰੂ ਮਹਿਲਾ ਓਲੰਪੀਅਨ ਅਥਲੀਟ ਐਮਾ ਮਕਿਓਨ ਨੇ ਪੈਰਿਸ ਓਲੰਪਿਕ ਤੋਂ ਬਾਅਦ ਆਪਣੀ ਖੇਡ ਵਰਦੀ ਕਿੱਲੀ ’ਤੇ ਟੰਗ ਦਿੱਤੀ ਹੈ। ਓਲੰਪਿਕ ਖੇਡਾਂ ’ਚ ਮਹਿਲਾ ਵਰਗ ’ਚ ਰਿਕਾਰਡ 18 ਤਗਮੇ ਜਿੱਤਣ ਵਾਲੀ ਰੂਸ ਦੀ ਲਲੀਸਾ ਤੋਂ ਬਾਅਦ ਐਮਾ ਮਕਿਓਨ ਨੂੰ 14 ਓਲੰਪਿਕ ਮੈਡਲ ਜਿੱਤਣ ਕਰਕੇ ਦੂਜਾ ਰੈਂਕ ਹਾਸਲ ਹੈ। ਟੋਕੀਓ-2020 ਓਲੰਪਿਕ ’ਚ ਐਮਾ ਮੈਕਿਓਨ ਨੇ ਜਿੱਤੇ ਸਨ, ਜਿਸ ਸਦਕਾ ਉਸ ਨੇ ਹੇਲਸਿੰਕੀ ਓਲੰਪਿਕ ’ਚ ਮਾਰੀਆ ਵਲੋਂ ਜਿੱਤੇ ਰਿਕਾਰਡ 7 ਮੈਡਲਾਂ ਦੀ ਬਰਾਬਰੀ ਕੀਤੀ ਸੀ। ਤਿੰਨ ਓਲੰਪਿਕ ਖੇਡਣ ਵਾਲੀ ਸਵੀਮਰ ਮਕਿਓਨ ਐਮਾ ਤੋਂ ਇਲਾਵਾ ਮਕਿਓਨ ਪਰਿਵਾਰ ਦੇ 4 ਹੋਰ ਅਥਲੀਟਾਂ ਨੂੰ ਵੀ ਓਲੰਪਿਕ ਖੇਡਾਂ ’ਚ ਤੈਰਨ ਦਾ ਹੱਕ ਹਾਸਲ ਹੈ।
ਗੈਬੀ ਨੇ ਜਿੱਤੇ 3 ਗੋਲਡ: ਪੈਰਿਸ ਓਲੰਪਿਕ ’ਚ 200 ਮੀਟਰ, 4ਗ400 ਅਤੇ 4ਗ100 ਮੀਟਰ ਰੇਸਾਂ ’ਚ ਤਿੰਨ ਗੋਲਡ ਮੈਡਲ ਜਿੱਤਣ ਵਾਲੀ ਅਮਰੀਕੀ ਮਹਿਲਾ ਅਥਲੀਟ ਗੈਬੀ ਥਾਮਸ ਦੇ ਖਾਤੇ ’ਚ 5 ਓਲੰਪਿਕ ਤਗਮੇ ਜਮ੍ਹਾਂ ਹੋ ਗਏ ਹਨ।
ਟਰੈਕ ਐਂਡ ਫੀਲਡ ’ਚ ਪਾਕਿਸਤਾਨ ਲਈ ਜਿੱਤਿਆ ਪਹਿਲਾ ਗੋਲਡ: ਪੈਰਿਸ ਓਲੰਪਿਕ ’ਚ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥਰੋਅ ਕਰਕੇ ਜਿੱਥੇ ਸੋਨ ਤਗਮਾ ਜਿੱਤਿਆ ਹੈ ਉੱਥੇ ਉਸ ਵਲੋਂ ਨਵਾਂ ਓਲੰਪਿਕ ਰਿਕਾਰਡ ਵੀ ਆਪਣੇ ਨਾਮ ਕੀਤਾ ਗਿਆ। ਪਾਕਿਸਤਾਨੀ ਹਾਕੀ ਟੀਮ ਤੋਂ ਬਾਅਦ 27 ਸਾਲਾ ਜੈਵਲਿਨ ਥਰੋਅਰ ਨਦੀਮ ਅਰਸ਼ਦ ਟਰੈਕ ਐਂਡ ਫੀਲਡ ’ਚ ਪਾਕਿਸਤਾਨ ਦਾ ਪਲੇਠਾ ਖਿਡਾਰੀ ਹੈ, ਜਿਸ ਨੇ ਗੋਲਡ ਮੈਡਲ ਨਾਲ ਹੱਥ ਮਿਲਾਇਆ ਹੈ। ਓਲੰਪੀਅਨ ਨਦੀਮ ਪੈਰਿਸ ’ਚ 92.97 ਮੀਟਰ ਤੇ 91.97 ਮੀਟਰ ਦੀਆਂ ਦੋ ਥਰੋਆਂ ਨਾਲ ਦੋ ਵਾਰ ਓਲੰਪਿਕ ਰਿਕਾਰਡ ਬਰੇਕ ਕੀਤਾ ਸੀ।
ਨੀਰਜ ਚੋਪੜਾ ਨੇ ਜਿੱਤਿਆ ਦੂਜਾ ਓਲੰਪਿਕ ਮੈਡਲ: ਇੰਡੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ’ਚ 89.45 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਸਿਲਵਰ ਮੈਡਲ ਹਾਸਲ ਕੀਤਾ ਹੈ। ਟੋਕੀਓ-2020 ਓਲੰਪਿਕਸ ’ਚ ਨੀਰਜ ਚੋਪੜਾ ਨੇ 87.58 ਮੀਟਰ ’ਤੇ ਜੈਵਲਿਨ ਥਰੋਅ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।
ਸਿਡਨੀ ਨੇ ਸੋਨ ਤਗਮੇ ਨਾਲ ਮਨਾਇਆ ਜਨਮ ਦਿਨ: ਅਮਰੀਕਾ ਦੀ ਰਨਰ ਸਿਡਨੀ ਲੇਵਰੋਨ ਨੇ ਪੈਰਿਸ ਓਲੰਪਿਕ ’ਚ ਗੋਲਡ ਮੈਡਲ ਜਿੱਤਣ ਨਾਲ ਆਪਣੇ 25ਵੇਂ ਜਨਮ ਦਿਨ ਨੂੰ ਖੁਸ਼ਆਮਦੀਦ ਕਿਹਾ ਹੈ। ਟੋਕੀਓ-2020 ਓਲੰਪਿਕ ’ਚ ਦੋ ਗੋਲਡ ਮੈਡਲ ਜਿੱਤਣ ਵਾਲੀ ਸਿਡਨੀ ਲੇਵਰੋਨ, ਪੈਰਿਸ ਓਲੰਪਿਕ ’ਚ 4ਗ400 ਮੀਟਰ ਰੀਲੇਅ ਰੇਸ ’ਚ ਵੀ ਸੋਨ ਤਗਮਾ ਜਿੱਤ ਕੇ ਓਲੰਪਿਕ ਖੇਡਾਂ ’ਚ 4 ਗੋਲਡ ਮੈਡਲ ਜਮ੍ਹਾਂ ਕਰਨ ਦਾ ਕਰਿਸ਼ਮਾ ਕਰ ਚੁੱਕੀ ਹੈ।
ਗਵਾਟੇਮਾਲਾ ਦੀ ਸ਼ੂਟਰ ਨੇ ਜਿੱਤਿਆ ਗੋਡਲ ਮੈਡਲ: ਗਵਾਟੇਮਾਲਾ ਦੀ ਨਿਸ਼ਾਨੇਬਾਜ਼ ਇੰਡਰੀਆਨਾ ਨੇ ਟਰੈਪ ਸ਼ੂਟਿੰਗ ’ਚ ਓਲੰਪਿਕ ਰਿਕਾਰਡ ਸਿਰਜਦਿਆਂ ਗੋਲਡ ਮੈਡਲ ਨਾਲ ਹੱਥ ਮਿਲਾਇਆ ਹੈ। ਸੈਂਟਰਲ ਅਮਰੀਕੀ ਦੇਸ਼ ਗਵਾਟੇਮਾਲਾ ਨੇ 72 ਸਾਲਾ ਓਲੰਪਿਕ ਖੇਡਾਂ ਦੇ ਇਤਿਹਾਸ ’ਚ ਪਹਿਲੀ ਵਾਰ ਸੋਨ ਤਗਮਾ ਹਾਸਲ ਕੀਤਾ ਹੈ।
ਸਿਮੋਨ ਬਾਇਲਜ਼ ਨੇ ਪੈਰਿਸ ’ਚ ਜਿੱਤੇ ਚਾਰ ਤਗਮੇ: ਅਮਰੀਕਾ ਦੀ ਮਹਿਲਾ ਜਿਮਨਾਸਟਰ ਸਿਮੋਨ ਬਾਇਲਜ਼ ਨੇ ਪੈਰਿਸ ਓਲੰਪਿਕ ’ਚ 3 ਗੋਲਡ ਤੇ 1 ਸਿਲਵਰ ਮੈਡਲ ਜਿੱਤਣ ਨਾਲ ਓਲੰਪਿਕ ਕਰੀਅਰ ’ਚ ਆਪਣੇ ਖਾਤੇ ’ਚ 7 ਗੋਲਡ, 2 ਸਿਲਵਰ ਤੇ 2 ਤਾਂਬੇ ਦੇ ਤਗਮੇ ਜਮ੍ਹਾਂ ਕਰਨ ਦਾ ਵੱਡਾ ਕਰਿਸ਼ਮਾ ਕੀਤਾ ਹੈ।
ਓਲੰਪਿਕ ’ਚ 60 ਸਾਲਾ ਸ਼ੂਟਰ ਨੇ ਸਾਧਿਆ ਨਿਸ਼ਾਨਾ: ਵੈਂਜ਼ੂਏਲਾ ਦੇ 60 ਸਾਲਾ ਟਰੈਪ ਸ਼ੂਟਰ ਲਿਓਨੇਲ ਮਾਰਟੀਨੇਜ਼ ਨੇ ਪੈਰਿਸ ਓਲੰਪਿਕ ’ਚ ਨਿਸ਼ਾਨਾ ਲਾਉਣ ਦਾ ਕਮਾਲ ਕੀਤਾ ਹੈ। ਵਿਸ਼ਵ ਦੇ ਪਲੇਠੇ ਉਮਰਦਰਾਜ ਓਲੰਪੀਅਨ ਲਿਓਨੇਲ ਪੈਰਿਸ ਤੋਂ 40 ਸਾਲ ਪਹਿਲਾਂ ਲਾਸ ਏਂਜਲਸ-1984 ਓਲੰਪਿਕ ਖੇਡ ਚੁੱਕਾ ਸੀ।
ਕੈਥਲੀਨ ਨੇ ਜਿੱਤਿਆ 9ਵਾਂ ਸੋਨ ਤਗਮਾ: ਅਮਰੀਕੀ ਮਹਿਲਾ ਤੈਰਾਕ ਕੈਥਲੀਨ ਲਡਿਕੀ ਨੇ ਓਲੰਪਿਕ ਕਰੀਅਰ ’ਚ 9ਵਾਂ ਗੋਲਡ ਮੈਡਲ ਹਾਸਲ ਕਰਕੇ ਰੂਸ ਦੀ ਸਾਬਕਾ ਜਿਮਨਾਸਟਰ ਲਾਰੀਸਾ ਲਾਟਿਨੀਨਾ ਵਲੋਂ ਓਲੰਪਿਕ ਕਰੀਅਰ ’ਚ ਜਿੱਤੇ 9 ਸੋਨ ਤਗਮਿਆਂ ਦੀ ਬਰਾਬਰੀ ਕਰ ਲਈ ਹੈ। ਕਰੀਅਰ ਦਾ ਚੌਥਾ ਓਲੰਪਿਕ ਖੇਡ ਰਹੀ ਕੈਥਲੀਨ ਲਡਿਕੀ ਨੇ ਆਪਣੇ ਖਾਤੇ ’ਚ ਹੁਣ ਤੱਕ 12 ਓਲੰਪਿਕ ਤਗਮੇ ਜਮ੍ਹਾਂ ਕਰ ਲਏ ਹਨ।
ਫਰਾਂਸ ’ਚ ਜਨਮੀਂ ਨੇ ਬੇਗਾਨੇ ਦੇਸ਼ ਨੂੰ ਜਿਤਾਏ 2 ਗੋਲਡ ਮੈਡਲ: ਪੈਰਿਸ ਓਲੰਪਿਕ ’ਚ ਆਸਟਰੇਲੀਅਨ ਕੇਨੋਈਸਟ ਜੈਸੀਕਾ ਫਾਕਸ ਨੇ ਖੇਡ ਵੰਨਗੀ ਕੇਨੋ ਸਿੰਗਲਜ਼ ਸੀ-1 ਤੇ ਕਯਾਕ ਕੇ-1 ’ਚ ਦੋ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਕਰਕੇ ਖੇਡ ਹਲਕਿਆਂ ’ਚ ਤਹਿਲਕਾ ਮਚਾ ਦਿੱਤਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ’ਚ ਜੈਸੀਕਾ ਫਾਕਸ ਅਜਿਹਾ ਕਰਨ ਵਾਲੀ ਵਿਸ਼ਵ ਦੀ ਪਹਿਲੀ ਅਥਲੀਟ ਹੈ।
ਅਮਰੀਕਾ ਦਾ ਲਾਇਲਜ਼ ਬਣਿਆ ਵਿਸ਼ਵ ਦਾ ਤੇਜ਼ ਰਨਰ: ਅਮਰੀਕੀ ਫੱਰਾਟਾ ਅਥਲੀਟ ਨੂਹ ਲਾਇਲਜ਼ ਨੇ ਪੈਰਿਸ ਓਲੰਪਿਕ ’ਚ 100 ਮੀਟਰ ਰੇਸ 9.79 ਸੈਕਿੰਡ ਦੀ ਟਾਈਮਿੰਗ ਨਾਲ ਸੋਨ ਤਗਮਾ ਆਪਣੇ ਗਲੇ ਸ਼ਿੰਗਾਰ ਬਣਾਇਆ ਹੈ। ਉੱਥੇ ਹੁਣ ਉਹ ਵਿਸ਼ਵ ਦਾ ਤੇਜ਼ ਦੌੜਾਕਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਓਲੰਪਿਕ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਫਾਈਨਲ ’ਚ ਪਹੁੰਚੇ ਸਾਰੇ ਫੱਰਾਟਾ ਅਥਲੀਟਾਂ ਨੇ 10 ਸੈਕਿੰਡ ਤੋਂ ਘੱਟ ਸਮਾਂ ਲਿਆ ਸੀ।
ਮੋਬਾਈਲ: 94171-82993