ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਖ਼ਤ ਕਾਰਵਾਈ ਦੇ ਹੁਕਮ
ਚੰਡੀਗੜ੍ਹ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਦੋ ਵਿੱਚ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਇੱਕ ਸਿੱਖ ਵਿਦਿਆਰਥੀ ਨਾਲ ਵਹਿਸ਼ੀਆਨਾ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪ੍ਰਿੰਸੀਪਲ ਨੂੰ ਇਕ ਸਿੱਖ ਵਿਦਿਆਰਥੀ ਦੇ ਕੇਸ ਖਿੱਚਦੇ ਅਤੇ ਬੇਰਹਿਮੀ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਘਟਨਾ ਬੱਦੋ ਪਿੰਡ ਦੇ ਇੱਕ ਨਿੱਜੀ ਸਕੂਲ ਵਿੱਚ ਵਾਪਰੀ, ਜਿੱਥੇ ਸਕੂਲ ਦੀ ਪ੍ਰਿੰਸੀਪਲ ਨੇ ਨਾ ਸਿਰਫ਼ ਇੱਕ ਸਿੱਖ ਵਿਦਿਆਰਥੀ ਦੀ ਕੁੱਟਮਾਰ ਕੀਤੀ ਸਗੋਂ ਉਸ ਦਾ ਜੁੱੜਾ ਵੀ ਪੁੱਟਿਆ।ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਵਿਦਿਆਰਥੀ ਦਰਦ ਅਤੇ ਡਰ ਕਾਰਨ ਰੋ ਰਿਹਾ ਹੈ ਪਰ ਪ੍ਰਿੰਸੀਪਲ ਆਪਣੀ ਹਰਕਤ ਬੰਦ ਕਰਨ ਦੀ ਬਜਾਏ ਹੋਰ ਹਿੰਸਕ ਹੋ ਰਹੀ ਹੈ।
ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ‘ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਹਰਕਤ ਦੀ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਨੇ ਇਸ ਨੂੰ ਸਿੱਖੀ ਦੇ ਪ੍ਰਤੀਕਾਂ ਦਾ ਅਪਮਾਨ ਦੱਸਿਆ ਹੈ ਅਤੇ ਤੁਰੰਤ ਇਨਸਾਫ਼ ਦੀ ਮੰਗ ਕੀਤੀ ਹੈ।
ਘਟਨਾ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਦੇ ਖਿਲਾਫ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।