ਕਪੂਰਥਲਾ : ਦੁਕਾਨ ‘ਚ ਚੋਰੀ ਦਾ ਪਤਾ ਲੱਗਣ ‘ਤੇ ਮਾਲਕ ਚੋਰ ਨਾਲ ਭਿੜਿਆ, ਗੋਲੀ ਚੱਲੀ, ਦੋਵਾਂ ਦੀ ਮੌਤ
ਕਪੂਰਥਲਾ, 6 ਜਨਵਰੀ, ਦੇਸ਼ ਕਲਿਕ ਬਿਊਰੋ :
ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਦੇ ਬੱਸ ਅੱਡਾ ਭਾਣੋ ਲੰਗਾ ਨੇੜੇ ਇੱਕ ਮੈਡੀਕਲ ਸਟੋਰ ’ਤੇ ਚੋਰੀ ਦੀ ਘਟਨਾ ਦਾ ਪਤਾ ਲੱਗਣ ‘ਤੇ ਮਾਲਕ ਤੇ ਚੋਰ ਆਪਸ ਵਿੱਚ ਭਿੜ ਗਏ।ਇਸ ਦੌਰਾਨ ਦੁਕਾਨਦਾਰ ਅਤੇ ਚੋਰ ਦੀ ਜਾਨ ਚਲੀ ਗਈ।
ਮ੍ਰਿਤਕ ਦੁਕਾਨ ਮਾਲਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਦੇ ਬਿਆਨ ਅਨੁਸਾਰ, ਸੀ.ਸੀ.ਟੀ.ਵੀ. ਕੈਮਰੇ ਵਿੱਚ ਚੋਰਾਂ ਦੀ ਹਰਕਤ ਦਾ ਪਤਾ ਲੱਗਣ ’ਤੇ ਗੁਰਚਰਨ ਸਿੰਘ ਮੌਕੇ ’ਤੇ ਪਹੁੰਚੇ। ਚੋਰ ਦੁਕਾਨ ਦਾ ਸ਼ਟਰ ਤੋੜਣ ਦੀ ਕੋਸ਼ਿਸ਼ ਕਰ ਰਹੇ ਸਨ। ਗੁਰਚਰਨ ਸਿੰਘ ਨੇ ਆਪਣੀ ਰਾਈਫਲ ਦੇ ਬੱਟ ਨਾਲ ਚੋਰਾਂ ’ਤੇ ਹਮਲਾ ਕੀਤਾ, ਜਿਸ ਦੌਰਾਨ ਰਾਈਫਲ ਚੱਲਣ ਨਾਲ ਗੁਰਚਰਨ ਸਿੰਘ ਨੂੰ ਗੋਲੀ ਲੱਗ ਗਈ। ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਜਖਮੀ ਹੋਏ ਚੋਰ ਨੇ ਵੀ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ।ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰਾਂ ਵਿੱਚ ਰੱਖਵਾਇਆ ਗਿਆ ਹੈ। ਕਪੂਰਥਲਾ ਪੁਲਿਸ ਟੀਮ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਜਬਤ ਕਰ ਕੇ ਹੋਰ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ।