ਖ਼ੌਫ਼ਨਾਕ : ਭਰਾ ਨੇ ਕਿਸੇ ਹੋਰ ਜਾਤੀ ਦੇ ਲੜਕੇ ਨਾਲ ਪਿਆਰ ਕਰਨ ਵਾਲੀ ਭੈਣ ਨੂੰ 200 ਫੁੱਟ ਉੱਚੇ ਪਹਾੜ ਤੋਂ ਦਿੱਤਾ ਧੱਕਾ, ਮੌਤ
ਮੁੰਬਈ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ‘ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਲੜਕੇ ਨੇ ਆਪਣੀ ਚਚੇਰੀ ਭੈਣ ਨੂੰ 200 ਫੁੱਟ ਉੱਚੇ ਪਹਾੜ ਤੋਂ ਧੱਕਾ ਦੇ ਕੇ ਮਾਰ ਦਿੱਤਾ। ਕ੍ਰਿਕਟ ਮੈਚ ਦੀ ਰਿਕਾਰਡਿੰਗ ਕਰਦੇ ਡਰੋਨ ਕੈਮਰੇ ‘ਚ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਹੋ ਗਈ। ਜਿਸ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਹੋ ਗਈ ਅਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਦਰਅਸਲ, ਇਹ 17 ਸਾਲਾ ਲੜਕੀ ਸ਼ਾਹਗੜ੍ਹ ਦੀ ਰਹਿਣ ਵਾਲੀ ਸੀ ਅਤੇ ਕਿਸੇ ਹੋਰ ਜਾਤੀ ਦੇ ਲੜਕੇ ਨਾਲ ਪਿਆਰ ਕਰਦੀ ਸੀ। ਲੜਕੀ ਨੇ ਆਪਣੇ ਪਰਿਵਾਰ ਵੱਲੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਸ਼ਿਕਾਇਤ ਸ਼ਾਹਗੜ੍ਹ ਪੁਲਿਸ ਨੂੰ ਦਿੱਤੀ ਸੀ।
ਪਰਿਵਾਰ ਵਾਲਿਆਂ ਨੇ ਲੜਕੀ ਨੂੰ ਸੰਭਾਜੀ ਨਗਰ ਸਥਿਤ ਉਸ ਦੇ ਚਾਚੇ ਦੇ ਘਰ ਭੇਜ ਦਿੱਤਾ ਸੀ। ਉਸ ਦੇ ਚਾਚੇ ਦਾ ਲੜਕਾ ਉਸ ਨੂੰ ਘੁਮਾਉਣ ਦੇ ਬਹਾਨੇ ਪਹਾੜ ‘ਤੇ ਲੈ ਗਿਆ ਅਤੇ ਉਥੋਂ ਧੱਕਾ ਦੇ ਦਿੱਤਾ। ਇਸ ਕਾਰਨ ਲੜਕੀ ਦੀ ਮੌਤ ਹੋ ਗਈ।