ਚੰਡੀਗੜ੍ਹ ਵੱਲ ਵੱਧਦਿਆਂ ਨਿਹੰਗ ਸਿੰਘਾਂ ਦੀ ਪੁਲਿਸ ਨਾਲ ਝੜਪ, ਕਈ ਹਿਰਾਸਤ ‘ਚ
ਚੰਡੀਗੜ੍ਹ, 7 ਜਨਵਰੀ, ਦੇਸ਼ ਕਲਿੱਕ ਬਿਓਰੋ
ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਪ੍ਰਦਰਸ਼ਨਕਾਰੀ ਚੰਡੀਗੜ੍ਹ ਵਿਚ ਦਾਖਲ ਹੋ ਗਏ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਤੇ ਹੋਰ ਅਧਿਕਾਰੀਆਂ ਨੇ ਸੈਕਟਰ 43 ਵਿੱਚ ਧਰਨਾਕਾਰੀਆਂ ਨੂੰ ਰੋਕ ਲਿਆ। ਪੁਲਿਸ ਨੇ ਉਨ੍ਹਾਂ ‘ਤੇ ਹਲਕੀ ਤਾਕਤ ਦਾ ਵੀ ਪ੍ਰਯੋਗ ਕੀਤਾ।
ਉਨ੍ਹਾਂ ਨੂੰ 4 ਬੱਸਾਂ ਵਿੱਚ ਭਰ ਕੇ ਥਾਣੇ ਲਿਜਾਇਆ ਗਿਆ।ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ 25 ਜਨਵਰੀ ਨੂੰ ਮੁਹਾਲੀ ਵਿੱਚ ਮਹਾਂਪੰਚਾਇਤ ਕੀਤੀ ਜਾਵੇਗੀ। ਜਿਸ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਠਾਇਆ ਜਾਵੇਗਾ।ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦੇ ਐਲਾਨ ਦੇ ਸੱਦੇ ‘ਤੇ ਜਦੋਂ ਨਿਹੰਗਾਂ ਨੇ ਚੰਡੀਗੜ੍ਹ ਵੱਧਣਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਅਤੇ ਨਿਹੰਗਾਂ ਸਿੰਘਾਂ ਵਿਚਾਲੇ 43 ਬੱਸ ਸਟੈਂਡ ਤੇ ਝੜਪ ਹੋ ਗਈ। ਪੁਲਿਸ ਨੇ ਜਿੱਥੇ ਹਲਕਾ ਲਾਠੀਚਾਰਜ ਕੀਤਾ, ਉਥੇ ਹੀ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ। ਨਿਹੰਗਾਂ ਵਲੋਂ ਵੀ ਪੁਲਿਸ ਤੇ ਜਵਾਬੀ ਹਮਲਾ ਕੀਤਾ ਗਿਆ, ਜਿਸ ਕਾਰਨ ਕੁੱਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।