ਜ਼ਮੀਨੀ ਵਿਵਾਦ ਕਾਰਨ 8-10 ਵਿਅਕਤੀਆਂ ਵੱਲੋਂ NRI ਦੇ ਘਰ ‘ਤੇ ਹਮਲਾ, ਦੋ ਜ਼ਖਮੀ
ਫ਼ਰੀਦਕੋਟ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਫਰੀਦਕੋਟ ‘ਚ ਜ਼ਮੀਨੀ ਵਿਵਾਦ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਲੈਸ 8-10 ਵਿਅਕਤੀਆਂ ਨੇ ਇਕ NRI ਦੇ ਘਰ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਘਰ ਜ਼ਬਰਦਸਤੀ ਦਾਖ਼ਲ ਹੋ ਕੇ ਐਨਆਰਆਈ ਦੇ ਲੜਕੇ ਸਮੇਤ ਦੋ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਸ਼ਾਮ ਦੀ ਹੈ। ਪਿੰਡ ਕੰਮੇਆਣਾ ਦੇ ਵਸਨੀਕ ਮੁਕੰਦ ਸਿੰਘ ਸੰਧੂ ਨੇ ਦੱਸਿਆ ਕਿ ਉਹ ਆਪਣੇ NRI ਪੁੱਤਰ ਨਰਿੰਦਰਪਾਲ ਸਿੰਘ ਸੰਧੂ ਅਤੇ ਪੋਤੀ ਨਾਲ ਪਿੰਡ ਆਇਆ ਹੋਇਆ ਸੀ। ਜਦੋਂ ਉਹ ਆਪਣੇ ਘਰ ਦੇ ਅੰਦਰ ਮੌਜੂਦ ਸੀ ਤਾਂ ਹਥਿਆਰਾਂ ਨਾਲ ਲੈਸ 8-10 ਵਿਅਕਤੀ ਉਸ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਦੇ NRI ਪੁੱਤਰ ਅਤੇ ਇਕ ਹੋਰ ਰਿਸ਼ਤੇਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ‘ਚ ਭੰਨਤੋੜ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਵਿੱਚ ਜੱਸਾ, ਉਸ ਦੇ ਪਿਤਾ ਅਤੇ ਉਸ ਦੇ ਪਿੰਡ ਦੇ ਹੋਰ ਲੋਕ ਸ਼ਾਮਲ ਸਨ। ਜਿਸਦੇ ਨਾਲ ਉਸਦਾ 2 ਏਕੜ ਜ਼ਮੀਨ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਹਸਪਤਾਲ ਪੁੱਜੇ ਥਾਣਾ ਸਿਟੀ-2 ਦੇ ਐਸਐਚਓ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ 2 ਵਿਅਕਤੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ।ਪੁਲੀਸ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰੇਗੀ।