ਡੋਨਾਲਡ ਟਰੰਪ ਦੀ ਜਿੱਤ ਦਾ ਅਧਿਕਾਰਤ ਤੌਰ ‘ਤੇ ਐਲਾਨ, ਇਸੇ ਮਹੀਨੇ ਚੁਕਣਗੇ ਸਹੁੰ
ਵਾਸਿੰਗਟਨ, 7 ਜਨਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਟਰੰਪ ਦੀ ਜਿੱਤ ‘ਤੇ ਮੋਹਰ ਲੱਗ ਗਈ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਜੇਤੂ ਐਲਾਨਿਆ। ਟਰੰਪ ਦੀ ਜਿੱਤ 6 ਨਵੰਬਰ ਨੂੰ ਤੈਅ ਹੋਈ ਸੀ ਪਰ ਅੱਜ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕਰ ਦਿੱਤਾ ਗਿਆ।
ਕੈਪੀਟਲ ਹਿੱਲ ‘ਤੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ‘ਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਇਸ ਪ੍ਰਕਿਰਿਆ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤੀ ਕਿਉਂਕਿ ਉਹ ਸੈਨੇਟ ਦੀ ਚੇਅਰਪਰਸਨ ਹੈ।
ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ਵਿੱਚ ਟਰੰਪ ਦੀ ਜਿੱਤ ਹੋਈ ਸੀ। ਟਰੰਪ ਨੂੰ 312 ਇਲੈਕਟੋਰਲ ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੀ ਵਿਰੋਧੀ ਕਮਲਾ ਨੂੰ ਸਿਰਫ਼ 226 ਇਲੈਕਟੋਰਲ ਵੋਟਾਂ ਮਿਲੀਆਂ। ਚੋਣ ਜਿੱਤਣ ਲਈ ਉਮੀਦਵਾਰ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਹੁੰਦੀ ਹੈ।
ਟਰੰਪ ਹੁਣ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਕੈਪੀਟਲ ਹਿੱਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾਈ ਗਈ ਹੈ ਅਤੇ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੇ ਸੰਯੁਕਤ ਸੈਸ਼ਨ ਅਤੇ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।