ਦਰਦਨਾਕ ਹਾਦਸਾ: ਜਨਮ ਦਿਨ ਦੀ ਤਿਆਰੀ ਕਰਦੇ ਦੋ ਦੋਸਤ ਆਪਣਾ ਜਨਮ ਹੀ ਗੁਆ ਬੈਠੇ
ਦਿੜ੍ਹਬਾ: 7 ਜਨਵਰੀ, ਦੇਸ਼ ਕਲਿੱਕ ਬਿਓਰੋ
ਦੋ ਦੋਸਤ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਸਮਾਨ ਇਕੱਠਾ ਕਰਦੇ ਆਪਣਾ ਹੀ ਜਨਮ ਗੁਆ ਬੈਠੇ। ਹੋਇਆ ਇੰਝ ਕਿ ਜਦੋਂ ਉਹ ਸਮਾਨ ਲੈ ਕੇ ਵਾਪਸ ਜਾ ਰਹੇ ਸਨ ਤਾਂ ਸੰਗਰੂਰ ਜ਼ਿਲੇ ਦੀ ਤਹਿਸੀਲ ਦਿੜ੍ਹਬਾ ‘ਚ ਦਿੜ੍ਹਬਾ-ਕੋਹਰੀਆਂ ਰੋਡ ‘ਤੇ ਪਿੰਡ ਰੋਗਲਾ ਵਿਖੇ ਇਕ ਨਿਰਮਾਣ ਅਧੀਨ ਪੁਲ ਕੋਲ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਾਡੀ ਸਿੰਘ (20) ਅਤੇ ਜਤਿੰਦਰ ਸਿੰਘ (22) ਵਾਸੀ ਪਿੰਡ ਰੋਗਲਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਕੁਝ ਸਾਮਾਨ ਖਰੀਦਣ ਲਈ ਦਿੜ੍ਹਬਾ ਗਏ ਹੋਏ ਸਨ। ਵਾਪਸ ਆਉਂਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।