ਮੈਨੇਜਰ ਵਲੋਂ ਬੇਇੱਜ਼ਤੀ ਕਰਨ ‘ਤੇ ਬੈਂਕ ਕਰਮਚਾਰੀ ਨੇ ਖਾਧਾ ਜ਼ਹਿਰ, ਮੌਤ
ਫ਼ਾਜ਼ਿਲਕਾ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਵਿੱਚ ਇੱਕ ਬੈਂਕ ਕਰਮਚਾਰੀ ਨੇ ਜ਼ਹਿਰ ਖਾਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਬੈਂਕ ਮੈਨੇਜਰ ਵਿਰੁੱਧ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਬੈਂਕ ਮੈਨੇਜਰ ਨੇ ਉਸ ਕਰਮਚਾਰੀ ਨੂੰ ਸਭ ਦੇ ਸਾਹਮਣੇ ਬੁਰਾ-ਭਲਾ ਕਿਹਾ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਸਿਟੀ ਥਾਣੇ ਦੇ ਐਸ.ਐਚ.ਓ. ਲੇਖ ਰਾਜ ਨੇ ਦੱਸਿਆ ਕਿ ਪੁਲੀਸ ਕੋਲ ਗਾਂਧੀ ਨਗਰ ਵਾਸੀ ਮਹਿਲਾ ਸੀਮਾ ਰਾਣੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਤੀ ਇੰਦਰਜੀਤ ਫਾਜ਼ਿਲਕਾ ਦੇ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ। ਉਸਦੇ ਦੋਸ਼ ਹਨ ਕਿ ਬੈਂਕ ਮੈਨੇਜਰ ਨੇ ਉਸਨੂੰ ਬੇਇੱਜ਼ਤ ਕੀਤਾ।
ਐਸ.ਐਚ.ਓ. ਨੇ ਕਿਹਾ ਕਿ ਜਾਂਚ ਵਿੱਚ ਪਤਾ ਲਗਿਆ ਹੈ ਕਿ ਕਿਸੇ ਮਹਿਲਾ ਦੇ ਪੈਸੇ ਗਿਰ ਗਏ ਸਨ, ਜਿਨ੍ਹਾਂ ਨੂੰ ਇੰਦਰਜੀਤ ਨੇ ਚੁੱਕ ਲਿਆ ਸੀ। ਪਤਾ ਲਗਣ ‘ਤੇ ਇੰਦਰਜੀਤ ਉਹ ਪੈਸੇ ਉਸ ਮਹਿਲਾ ਨੂੰ ਵਾਪਸ ਦੇ ਰਿਹਾ ਸੀ। ਇਸ ਗੱਲ ਨੂੰ ਲੈ ਕੇ ਬੈਂਕ ਮੈਨੇਜਰ ਨੇ ਉਸਨੂੰ ਬੁਰਾ-ਭਲਾ ਕਿਹਾ, ਜਿਸ ਨਾਲ ਉਹ ਗੱਲ ਉਸਦੇ ਦਿਲ ‘ਤੇ ਲੱਗ ਗਈ ਅਤੇ ਉਸਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।