ਇੰਡੀਅਨ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ‘ਖੇਲ ਰਤਨ’
ਪੰਜ ਹਾਕੀ ਓਲੰਪੀਅਨ ਨੂੰ ਮਿਲਿਆ ‘ਅਰੁਜਨਾ ਅਵਾਰਡ’ ਸਨਮਾਨ
ਸੁਖਵਿੰਦਰਜੀਤ ਸਿੰਘ ਮਨੌਲੀ
ਕੇਂਦਰੀ ਖੇਡ ਮੰਤਰਾਲੇ ਵਲੋਂ 2 ਜਨਵਰੀ ਨੂੰ ਹਰਿਆਣਾ ਦੇ 13 ਤੇ ਪੰਜਾਬ ਦੇ 4 ਖਿਡਾਰੀਆਂ ਨੂੰ ‘ਖੇਲ ਰਤਨ’ ਤੇ ‘ਅਰਜੁਨਾ ਅਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਪੰਜਾਬ ਦੇ ਹਾਕੀ ਓਲੰਪੀਅਨ ਹਰਮਨਪ੍ਰੀਤ ਸਿੰਘ ਤੇ ਹਰਿਆਣਾ ਦੀ ਓਲੰਪੀਅਨ ਸ਼ੂਟਰ ਮਨੂ ਭਾਕਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ, 11 ਖਿਡਾਰੀਆਂ ਸਰਬਜੋਤ ਸਿੰਘ, ਅਭਿਸ਼ੇਕ ਨੈਨ, ਸੰਜੈ, ਨੀਤੂ, ਸਵੀਟੀ ਬੂਰਾ, ਅਮਨ ਸਹਿਰਾਵਤ, ਧਰਮਬੀਰ, ਪ੍ਰਣਾਮ ਸੂਰਮਾ, ਪੈਰਾਲੰਪਿਕ ਅਥਲੀਟਾਂ ਨਵਦੀਪ, ਨਿਤੇਸ਼ ਕੁਮਾਰ ਤੇ ਮੋਨਾ ਅਗਰਵਾਲ ਨੂੰ ‘ਅਰਜੁਨਾ ਅਵਾਰਡ’ ਤੇ ਹਾਕੀ ਕੋਚ ਸੰਦੀਪ ਸਾਂਗਵਾਨ ਨੂੰ ਦਰੋਣਾਚਾਰੀਆ ਅਵਾਰਡ ਦਿੱਤਾ ਜਾਵੇਗਾ। ਪੰਜਾਬ ਦੇ ਹਾਕੀ ਓਲੰਪੀਅਨ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਤੇ ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ, ਹਾਕੀ ਓਲੰਪੀਅਨ ਸੁਖਜੀਤ ਸਿੰਘ ਨੂੰ ਅਰਜੁਨਾ ਅਵਾਰਡ’ ਤੇ ਏਸ਼ੀਅਨ ਰੇਸਰ ਸੁੱਚਾ ਸਿੰਘ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਹਾਸਲ ਹੋਵੇਗਾ। ਦੇਸ਼ ਦੇ ਮਾਣਮੱਤੇ ਖਿਡਾਰੀਆਂ ਨੂੰ ਇਹ ਖੇਡ ਖਿਤਾਬ 17 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਰਾਸ਼ਟਰਪਤੀ ਭਵਨ ’ਚ ਹੋਣ ਵਾਲੀ ਵਿਸ਼ੇਸ਼ ਸੈਰੇਮਨੀ ’ਚ ਦਿੱਤੇ ਜਾਣਗੇ।
ਇੰਡੀਅਨ ਹਾਕੀ ਟੀਮ ਦਾ ਸਰਪੰਚ ਹਰਮਨਪ੍ਰੀਤ ਸਿੰਘ: ਸਾਲ-2021 ’ਚ ‘ਅਰਜੁਨਾ ਅਵਾਰਡ’ ਨਾਲ ਸਨਮਾਨੇ ਗਏ ਇੰਡੀਅਨ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਇਸ ਸਾਲ ‘ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਓਲੰਪੀਅਨ ਹਰਮਨਪ੍ਰੀਤ ਸਿੰਘ ਪੰਜਾਬ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ‘ਖੇਲ ਰਤਨ ਅਵਾਰਡ’ ਦਾ ਹੱਕ ਹਾਸਲ ਹੋਵੇਗਾ। ਹਾਕੀ ਓਲੰਪੀਅਨ ਹਰਮਨਪ੍ਰੀਤ ਸਿੰਘ ਨੂੰ ਪੈਰਿਸ-2024 ਓਲੰਪਿਕ ਹਾਕੀ ’ਚ ਸਭ ਵੱਧ 10 ਗੋਲ ਦਾਗਣ ਸਦਕਾ ‘ਟਾਪ ਸਕੋਰਰ’ ਬਣਨ ਦਾ ਹੱਕ ਹਾਸਲ ਹੋਇਆ ਸੀ। ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਕੌਮੀ ਹਾਕੀ ਟੀਮ ’ਚ ਰੰਗ ਦਾ ਪੱਤਾ ਕਿਹਾ ਜਾਂਦਾ ਹੈ। ਗੋਲ ਮਸ਼ੀਨ ਹਰਮਨਪ੍ਰੀਤ ਸਿੰਘ ਸੰਸਾਰ ਹਾਕੀ ਦੇ ਜਾਦੂਗਰ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਤੋਂ ਤੀਜਾ ਓਲੰਪੀਅਨ ਹੈ, ਜਿਸ ਵਲੋਂ ਕੌਮਾਂਤਰੀ ਹਾਕੀ ’ਚ 200 ਗੋਲ ਸਕੋਰ ਕਰਨ ਦਾ ਟੇਬਲ ਪੂਰਾ ਕੀਤਾ ਗਿਆ ਹੈ। ਵਿਸ਼ਵ ਹਾਕੀ ਦੇ ਪਿਤਾਮਾ ਕਹੇ ਗਏ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਨੂੰ 185 ਕੌਮਾਂਤਰੀ ਹਾਕੀ ਮੈਚਾਂ ’ਚ 570 ਗੋਲ ਕਰਨ ਸਦਕਾ ਪਹਿਲਾ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨੂੰ 61 ਕੌਮਾਂਤਰੀ ਹਾਕੀ ਮੈਚਾਂ ’ਚ 246 ਗੋਲ ਦਾਗਣ ਸਦਕਾ ਦੂਜਾ ਰੈਂਕ ਹਾਸਲ ਹੈ। ਹਾਕੀ ਇੰਡੀਆ ਲੀਗ ’ਚ ਸੂਰਮਾ ਹਾਕੀ ਕਲੱਬ ਦੇ ਕਪਤਾਨ ਓਲੰਪੀਅਨ ਹਰਮਨਪ੍ਰੀਤ ਸਿੰਘ ਨੂੰ 241 ਕੌਮਾਂਤਰੀ ਹਾਕੀ ਮੈਚਾਂ ’ਚ 212 ਗੋਲ ਸਕੋਰ ਕਰਨ ਦਾ ਕਰਿਸ਼ਮਾ ਕਰ ਚੁੱਕਾ ਹੈ। ਕੌਮੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਅੱਖ ਹੁਣ ਬਲਬੀਰ ਸਿੰਘ ਸੀਨੀਅਰ ਵਲੋਂ ਸਕੋਰ ਕੀਤੇ 246 ਗੋਲਾਂ ਦਾ ਰਿਕਾਰਡ ਬਰੇਕ ਕਰਨ ’ਤੇ ਹੈ। ਕੌਮੀ ਹਾਕੀ ਟੀਮ ਦੇ ਸਰਪੰਚ ਹਰਮਨਪੀ੍ਰਤ ਸਿੰਘ ਨੂੰ ਆਪਣੀ ਕਪਤਾਨੀ ’ਚ ਹਾਕੀ ਟੀਮ ਨੂੰ ਚੇਨਈ-2023 ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਤੇ ਹਾਂਗਝੂ-2022 ਏਸ਼ੀਅਨ ਖੇਡਾਂ ’ਚ ਚੈਂਪੀਅਨ ਬਣਾਉਣ ਦਾ ਹੱਕ ਹਾਸਲ ਹੋਇਆ ਹੈ। ਦੇਸ਼ ਦੀ ਹਾਕੀ ਟੀਮ ’ਚ ਰੰਗ ਦੇ ਪੱਤੇ ਹਰਮਨਪ੍ਰੀਤ ਸਿੰਘ ਨੇ ਟੋਕੀਓ-2020 ਓਲੰਪਿਕ ’ਚ 6 ਗੋਲ ਅਤੇ ਪੈਰਿਸ-2024 ਓਲੰਪਿਕ ਹਾਕੀ ’ਚ 10 ਗੋਲ ਦਾਗਣ ਸਦਕਾ ਦੋਵੇਂ ਵਾਰ ਟੀਮ ਨੂੰ ਤਾਂਬੇ ਦਾ ਤਗਮੇ ਜਿੱਤਾਉਣ ’ਚ ਵੱਡਾ ਯੋਗਦਾਨ ਪਾਇਆ ਸੀ। ਪੈਰਿਸ ਓਲੰਪਿਕ ’ਚ 10 ਗੋਲਾਂ ਨਾਲ ‘ਟਾਪ ਸਕੋਰਰ’ ਬਣਨ ਦਾ ਕਰਿਸ਼ਮਾ ਕਰਨ ਵਾਲਾ ਹਰਮਨਪ੍ਰੀਤ ਟੋਕੀਓ ਓਲੰਪਿਕ ’ਚ ਉਪ-ਕਪਤਾਨ ਤੇ ਪੈਰਿਸ ਓਲੰਪਿਕ ’ਚ ਕੌਮੀ ਹਾਕੀ ਟੀਮ ਦਾ ਕਪਤਾਨ ਸੀ। ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਵਲੋਂ ਹਰਮਨਪ੍ਰੀਤ ਸਿੰਘ ਨੂੰ ਸਾਲ-2021, 2022 ਤੇ ਸਾਲ-2024 ’ਚ ਤਿੰਨ ਵਾਰ ‘ਬੈਸਟ ਪਲੇਅਰ ਆਫ ਯੀਅਰ’ ਨਾਮਜ਼ਦ ਕੀਤਾ ਗਿਆ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬੇ ਜੰਡੀਆਲਾ ਗੁਰੂ ’ਚ ਕਿਸਾਨ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਜਨਵਰੀ-6, 1996 ਨੂੰ ਜਨਮੇ ਹਰਮਨਪ੍ਰੀਤ ਸਿੰਘ ਨੇ ਸਾਲ-2011 ਤੋਂ ਯੂਥ ਕਰੀਅਰ ਦੀ ਸ਼ੁਰੂਆਤ ਸੁਰਜੀਤ ਸਿੰਘ ਹਾਕੀ ਅਕਾਡਮੀ ਜਲੰਧਰ ਤੋਂ ਕੀਤੀ। ਸਾਲ-2014 ’ਚ ਭਾਰਤ ਹਾਕੀ ਟੀਮ ਦੇ ਸਿਲੈਕਟਰਾਂ ਨੇ ਹਰਮਨਪ੍ਰੀਤ ਸਿੰਘ ਦੀ ਸਿਲੈਕਸ਼ਨ ਅੰਡਰ-21 ਜੂਨੀਅਰ ਹਾਕੀ ਟੀਮ ’ਚ ਖੇਡਣ ਲਈ ਕੀਤੀ ਗਈ। ਕੌਮੀ ਹਾਕੀ ਟੀਮ ਦੇ ਚੋਣਕਾਰਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਰੱਖਿਅਕ ਖਿਡਾਰੀ ਹਰਮਨਪ੍ਰੀਤ ਸਿੰਘ ਵਲੋਂ ਅੰਡਰ-21 ਜੂਨੀਅਰ ਹਾਕੀ ਟੀਮ ਲਈ 35 ਕੌਮਾਂਤਰੀ ਹਾਕੀ ਮੈਚਾਂ ’ਚ 32 ਗੋਲ ਸਕੋਰ ਕਰਨ ਦਾ ਕਰਿਸ਼ਮਾ ਕੀਤਾ ਗਿਆ। 2015 ’ਚ ਕੌਮੀ ਟੀਮ ’ਚ ਐਂਟਰੀ ਕਰਨ ਵਾਲਾ ਹਰਮਨਪ੍ਰੀਤ ਸਿੰਘ, ਅੰਡਰ-21 ਹਾਕੀ ਟੀਮ ਨਾਲ ਸੁਲਤਾਨ ਜੋਹਰ ਹਾਕੀ ਕੱਪ ਜਿੱਤਣ ਵਾਲੀ ਟੀਮ ਨਾਲ ਮੈਦਾਨ ’ਚ ਨਿੱਤਰਿਆ। ਮਲੇਸ਼ੀਆ ’ਚ ਖੇਡੇ ਗਏ ਇਸ ਮੁਕਾਬਲੇ ’ਚ ਹਰਮਨਪ੍ਰੀਤ 9 ਗੋਲਾਂ ਨਾਲ ‘ਟਾਪ ਸਕੋਰਰ’ ਬਣਨ ਦੇ ਨਾਲ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਵੀ ਨਾਮਜ਼ਦ ਹੋਇਆ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲ ਕਰਨ ਵਾਲੇ ਹਰਮਨਪ੍ਰੀਤ ਸਿੰਘ ਨੂੰ ਏਸ਼ੀਅਨ ਗੇਮਜ਼-2018 ’ਚ ਤਾਂਬੇ ਦਾ ਤਗਮਾ, ਏਸ਼ੀਆ ਹਾਕੀ ਕੱਪ ਢਾਕਾ-2017 ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਚੈਂਪੀਅਨਜ਼ ਹਾਕੀ ਟਰਾਫੀ ਲੰਡਨ-2016 ਤੇ ਹਾਲੈਂਡ-2018 ’ਚ ਲਗਾਤਾਰ ਦੋ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੈ। ਜੂਨੀਅਰ ਏਸ਼ੀਆ ਹਾਕੀ ਕੱਪ ’ਚ 15 ਗੋਲਾਂ ਨਾਲ ‘ਟਾਪ ਸਕੋਰਰ’ ਨਾਮਜ਼ਦ ਹੋਣ ਵਾਲੇ ਹਰਮਨਪ੍ਰੀਤ ਸਿੰਘ ਨੂੰ ਗੋਲਡਕੋਸਟ ਕਾਮਨਵੈਲਥ ਹਾਕੀ ਅਤੇ ਵਿਸ਼ਵ ਹਾਕੀ ਕੱਪ ਭੁਵਨੇਸ਼ਵਰ-2018 ਤੇ ਵਿਸ਼ਵ ਹਾਕੀ ਕੱਪ ਭੁਵਨੇਸ਼ਵਰ-ਰੁੜਕੇਲਾ-2023 ਖੇਡਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਮਾਸਕਟ-2018 ’ਚ ਚੈਂਪੀਅਨ ਰਹੀ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਵੀ ਹਾਸਲ ਹੈ।
ਵਿਸ਼ਵ ਹਾਕੀ ਦੇ ਮਹਾਨ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਤਿੰਨ ਵਾਰ ਓਲੰਪਿਕ ਹਾਕੀ ਖੇਡਣ ਦਾ ਮੌਕਾ ਨਸੀਬ ਹੋਇਆ ਹੈ। ਰੀਓ-2016 ਓਲੰਪਿਕ ਹਾਕੀ ਖੇਡਣ ਵਾਲੇ ਹਰਮਨਪ੍ਰੀਤ ਸਿੰਘ ਨੂੰ ਕੌਮੀ ਹਾਕੀ ਟੀਮ ਦੇ ਚੋਣਕਾਰਾਂ ਵਲੋਂ ਟੋਕੀਓ-2020 ਓਲੰਪਿਕ ’ਚ ਟੀਮ ਦਾ ਉਪ-ਕਪਤਾਨ ਤੇ ਪੈਰਿਸ-2024 ਓਲੰਪਿਕ ’ਚ ਕਪਤਾਨ ਥਾਪਿਆ ਗਿਆ। ਪੈਰਿਸ-2024 ਓਲੰਪਿਕ ਹਾਕੀ ਹਰਮਨਪ੍ਰੀਤ ਸਿੰਘ ਦੇ ਹਾਕੀ ਕਰੀਅਰ ਦਾ ਤੀਜਾ ਟੂਰਨਾਮੈਂਟ ਸੀ, ਜਿਸ ’ਚ ਹਾਕੀ ਟੀਮ ਦੀ ਕਪਤਾਨੀ ਦਾ ਭਾਰ ਵੀ ਹਰਮਨਪ੍ਰੀਤ ਸਿੰਘ ਦੇ ਮੋਢਿਆਂ ’ਤੇ ਸੀ। ਪੈਰਿਸ ਓਲੰਪਿਕ ’ਚ ਟੀਮ ਕਮਾਂਡਰ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਅਗਵਾਈ ’ਚ ਕੌਮੀ ਹਾਕੀ ਟੀਮ ਵਲੋਂ ਤਾਂਬੇ ਦਾ ਤਗਮਾ ਜਿੱਤਿਆ ਸੀ। ਟੋਕੀਓ-2020 ਤੇ ਪੈਰਿਸ-2024 ਓਲੰਪਿਕ ਹਾਕੀ ’ਚ ਲਗਾਤਾਰ ਦੋ ਤਾਂਬੇ ਦਾ ਤਗਮੇ ਜਿੱਤਣ ਵਾਲੇ ਹਰਮਨਪੀ੍ਰਤ ਸਿੰਘ ਨੂੰ ਆਪਣੀ ਕਪਤਾਨੀ ’ਚ ਕੌਮੀ ਹਾਕੀ ਟੀਮ ਨੂੰ ਏਸ਼ੀਆ ਦੇ ਤਿੰਨ ਵੱਡੇ ਹਾਕੀ ਟੂਰਨਾਮੈਂਟਾਂ ਹਾਂਗਝੂ-2022 (ਚੀਨ) ਏਸ਼ੀਅਨ ਖੇਡਾਂ, ਚੇਨਈ-2023 ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਤੇ ਹੁਲੁਨਬੂਰ-2024 ਚੀਨ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ’ਚ ਚੈਂਪੀਅਨ ਬਣਾਉਣ ਦਾ ਹੱਕ ਹਾਸਲ ਹੋਇਆ। ਹਰਮਨਪ੍ਰੀਤ ਸਿੰਘ ਭਾਰਤ ਦਾ ਪਹਿਲਾ ਕਪਤਾਨ ਹੈ, ਜਿਸ ਵਲੋਂ ਏਸ਼ਿਆਈ ਖਿੱਤੇ ਦੇ ਤਿੰਨ ਵੱਡੇ ਹਾਕੀ ਟਾਈਟਲ ਦੇਸ਼ ਦੀ ਝੋਲੀ ’ਚ ਪਾਉਣ ਦਾ ਵੱਡਾ ਪਰਉਪਕਾਰ ਕੀਤਾ ਗਿਆ।
ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ: ਕਰੀਅਰ ਦੇ ਪਲੇਠੇ ਪੈਰਿਸ-2024 ਓਲੰਪਿਕ ਹਾਕੀ ਟੂਰਨਾਮੈਂਟ ’ਚ ਤਾਂਬੇ ਦਾ ਤਗਮਾ ਜੇਤੂ ਇੰਡੀਅਨ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਜਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵਲੋਂ ‘ਅਰਜੁਨਾ ਅਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ਨੈਸ਼ਨਲ ਹਾਕੀ ’ਚ ਰੇਲਵੇ ਦੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ 28 ਸਾਲਾ ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ ਦਾ ਜਨਮ 18 ਜੁਲਾਈ, 1996 ’ਚ ਅੰਮ੍ਰਿਤਸਰ ਵਿਖੇ ਹੋਇਆ। ਇੰਡੀਅਨ ਹਾਕੀ ਟੀਮ ਦੀ 123 ਕੌਮਾਂਤਰੀ ਹਾਕੀ ’ਚ ਨੁਮਾਇੰਦਗੀ ਕਰ ਚੁੱਕੇ ਜਰਮਨਪ੍ਰੀਤ ਸਿੰਘ ਨੂੰ ਪੈਰਿਸ-2024 ਓਲੰਪਿਕ ਹਾਕੀ ’ਚ ਤਾਂਬੇ ਦਾ ਤਗਮਾ, ਹਾਂਗਝੂ-2022 ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਮਸਕਟ-2018, ਚੇਨਈ-2023 ਤੇ ਹੁਲੁਨਬੁਇਰ-2024 ’ਚ ਕਰਮਵਾਰ ਤਿੰਨ ਗੋਲਡ ਮੈਡਲ ਤੇ ਬਰਿਡਾ-2018 ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ’ਚ ਚਾਂਦੀ ਦਾ ਤਗਮਾ ਜਿੱਤਣ ਦਾ ਹੱਕ ਹਾਸਲ ਹੋਇਆ ਹੈ।
ਹਾਕੀ ਓਲੰਪੀਅਨ ਸੁਖਜੀਤ ਸਿੰਘ: ਜ਼ਿਲ੍ਹਾ ਜਲੰਧਰ ਦੇ ਪਿੰਡ ਜਵੰਧਪੁਰ ’ਚ ਹਾਕੀ ਖਿਡਾਰੀ ਅਜੀਤ ਸਿੰਘ ਦੇ ਗ੍ਰਹਿ ਵਿਖੇ 5 ਦਸੰਬਰ, 1996 ’ਚ ਜਨਮੇ ਸੁਖਜੀਤ ਸਿੰਘ ਨੂੰ ਭਾਰਤੀ ਖੇਡ ਮੰਤਰਾਲੇ ਵਲੋਂ ਇਸ ਸਾਲ ‘ਅਰਜੁਨਾ ਅਵਾਰਡ’ ਦੇਣ ਵਾਲੇ ਮਾਣਮੱਤੇ ਪਲੇਅਰਾਂ ਦੀ ਲਿਸਟ ’ਚ ਸ਼ਾਮਲ ਕੀਤਾ ਗਿਆ ਹੈ। ਹਾਕੀ ਓਲੰਪੀਅਨ ਸੁਖਜੀਤ ਸਿੰਘ ਨੂੰ 87 ਕੌਮਾਂਤਰੀ ਹਾਕੀ ਮੈਚਾਂ ’ਚ 28 ਗੋਲ ਕਰਨ ਦਾ ਹੱਕ ਹਾਸਲ ਹੈ। ਨੈਸ਼ਨਲ ਹਾਕੀ ਪੰਜਾਬ ਨੈਸ਼ਨਲ ਬੈਂਕ ਦੀ ਹਾਕੀ ਟੀਮ ਵਲੋਂ ਖੇਡਣ ਵਾਲੇ ਸੁਖਜੀਤ ਸਿੰਘ ਨੂੰ ਪੈਰਿਸ-2024 ਓਲੰਪਿਕ ਹਾਕੀ ’ਚ ਤਾਂਬੇ ਦਾ ਤਗਮਾ ਜੇਤੂ, ਹਾਂਗਝੂ ਏਸ਼ੀਅਨ ਖੇਡਾਂ-2022 ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ਿਆਈ ਚੈਂਪੀਅਨਜ਼ ਹਾਕੀ ਟਰਾਫੀ ਚੇਨਈ-2023 ਤੇ ਹੁਲੁਨਬੁਇਰ-2024 ’ਚ ਲਗਾਤਾਰ ਦੋ ਸੋਨ ਤਗਮੇ ਜੇਤੂ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਨਸੀਬ ਹਾਸਲ ਹੈ।
ਹਾਕੀ ਓਲੰਪੀਅਨ ਸੁਮਿਤ ਵਾਲਮੀਕੀ: ਭਾਰਤੀ ਹਾਕੀ ਟੀਮ ’ਚ ਮਿੱਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਓਲੰਪੀਅਨ ਸੁਮਿਤ ਵਾਲਮੀਕੀ ਨੂੰ ਕੇਂਦਰ ਸਰਕਾਰ ਵਲੋਂ ਇਸ ਸਾਲ ‘ਅਰਜੁਨਾ ਅਵਾਰਡ’ ਦੇਣ ਲਈ ਨਾਮੀਨੇਟ ਕੀਤਾ ਗਿਆ ਹੈ। ਹਰਿਆਣਾ ਦੇ ਸੋਨੀਪਤ ’ਚ 20 ਦਸੰਬਰ, 1996 ’ਚ ਜਨਮੇਂ ਸੁਮਿਤ ਨੇ ਜੂਨੀਅਰ ਵਿਸ਼ਵ ਹਾਕੀ ਕੱਪ ਲਖਨਊ-2016 ’ਚ ਜੂਨੀਅਰ ਕੌਮੀ ਹਾਕੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। 2017 ’ਚ ਸੀਨੀਅਰ ਹਾਕੀ ਟੀਮ ਦੇ ਦਸਤੇ ’ਚ ਸ਼ਾਮਲ ਹੋਣ ਤੋਂ ਬਾਅਦ 151 ਕੌਮਾਂਤਰੀ ਹਾਕੀ ਮੈਚ ਖੇਡ ਚੁੱਕੇ 28 ਸਾਲਾ ਸੁਮਿਤ ਨੂੰ ਟੋਕੀਓ-2020 ਓਲੰਪਿਕ ਤੇ ਪੈਰਿਸ-2024 ਓਲੰਪਿਕ ’ਚ ਲਗਾਤਾਰ ਦੋ ਤਾਂਬੇ ਦੇ ਤਗਮੇ ਜਿੱਤਣ ਤੋਂ ਇਲਾਵਾ ਏਸ਼ੀਆ ਹਾਕੀ ਕੱਪ ਢਾਕਾ-2017 ’ਚ ਸੋਨ ਤਗਮਾ, ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਮਸਕਟ-2018, ਚੇਨਈ-2023 ਤੇ ਹੁਲੁਨਬੁਇਰ-2024 ’ਚ ਕਰਮਵਾਰ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਹਾਂਗਝੂ-2022 ’ਚ ਸੋਨ ਤਗਮਾ ਤੇ ਵਿਸ਼ਵ ਹਾਕੀ ਲੀਗ ਭੁਵਨੇਸ਼ਵਰ-2017 ’ਚ ਸਿਲਵਰ ਮੈਡਲ ਜੇਤੂ ਟੀਮ ਦੀ ਨੁਮਾਇੰਦਗੀ ਕਰਨ ਦਾ ਰੁਤਬਾ ਹਾਸਲ ਹੈ।
ਹਾਕੀ ਓਲੰਪੀਅਨ ਅਭਿਸ਼ੇਕ ਨੈਨ: ਹਾਕੀ ਮੈਦਾਨ ’ਚ ਵਾਰਵਰਡ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਅਭਿਸ਼ੇਕ ਨੈਨ ਨੂੰ ਇਸ ਸਾਲ ‘ਅਰਜੁਨਾ ਅਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਕੌਮੀ ਹਾਕੀ ’ਚ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਵਲੋਂ ਮੈਦਾਨ ’ਚ ਨਿੱਤਰਨ ਵਾਲਾ ਅਭਿਸ਼ੇਕ ਸੀਨੀਅਰ ਟੀਮ ਲਈ 91 ਮੈਚਾਂ ’ਚ 36 ਗੋਲ ਕਰਨ ਦਾ ਕਰਿਸ਼ਮਾ ਕਰ ਚੁੱਕਾ ਹੈ। ਕਰੀਅਰ ਦਾ ਪਹਿਲੇ ਪੈਰਿਸ-2024 ਓਲੰਪਿਕ ਮੁਕਾਬਲੇ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਇੰਡੀਅਨ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਅਭਿਸ਼ੇਕ ਨੈਨ ਨੂੰ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਹੁਲੁਨਬੁਇਰ-2024 ’ਚ ਸੋਨ ਤਗਮਾ ਤੇ ਹਾਂਗਝੂ-2022 ਏਸ਼ੀਅਨ ਗੇਮਜ਼ ’ਚ ਗੋਲਡ ਮੈਡਲ ਜੇਤੂ ਤੇ ਰਾਸ਼ਟਰਮੰਡਲ ਹਾਕੀ ਬਰਮਿੰਘਮ-2022 ’ਚ ਚਾਂਦੀ ਦਾ ਤਗਮਾ ਜੇਤੂ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ ਹੈ। 25 ਸਾਲਾ ਅਭਿਸ਼ੇਕ ਨੈਨ ਦਾ ਜਨਮ ਸੋਨੀਪਤ ’ਚ 15 ਅਗਸਤ, 1999 ’ਚ ਹੋਇਆ।
ਕਪਤਾਨ ਸਲੀਮਾ ਟੇਟੇ: ਮਹਿਲਾ ਚੈਂਪੀਅਨਜ਼ ਹਾਕੀ ਟਰਾਫੀ ਰਾਜਗੀਰ-2024 ’ਚ ਚੈਂਪੀਅਨਸ਼ਿਪ ਜਿੱਤਣ ਵਾਲੀ ਇੰਡੀਅਨ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੂੰ ਕੇਂਦਰੀ ਖੇਡ ਮੰਤਰਾਲੇ ਵਲੋਂ ਇਸ ਸਾਲ ‘ਅਰਜੁਨਾ ਅਵਾਰਡ’ ਦੇਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਸਿਮਡੇਗਾ ’ਚ ਪਿੰਡ ਬਦਕੀਛਾਪੇਰ ’ਚ ਕਿਸਾਨ ਸੁਲਕਸ਼ਣ ਟੇਟੇ ਦੇ ਗ੍ਰਹਿ ਵਿਖੇ ਜਨਮੀਂ 23 ਸਾਲਾ ਟੇਟੇ ਸਲੀਮਾ ਝਾਰਖੰਡ ਰਾਜ ਦੀ ਮਹਿਲਾ ਹਾਕੀ ਖਿਡਾਰਨ ਹੈ, ਜਿਸ ਨੂੰ 17 ਜਨਵਰੀ ਨੂੰ ‘ਅਰਜੁਨਾ ਅਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ।
ਅਥਲੀਟ ਸੁੱਚਾ ਸਿੰਘ: ਏਸ਼ੀਅਨ ਗੇਮਜ਼ ਤਹਿਰਾਨ-1974 ’ਚ 4ਗ400 ਮੀਟਰ ਰੀਲੇਅ ਰੇਸ ’ਚ ਸਿਲਵਰ ਮੈਡਲ, ਏਸ਼ੀਅਨ ਗੇਮਜ਼ ਬੈਂਕਾਕ-1970 ’ਚ 400 ਮੀਟਰ ’ਚ ਤਾਂਬੇ ਦਾ ਤਗਮਾ ਤੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੱਖਣੀ ਕੋਰੀਆ-1975 ’ਚ 4ਗ400 ਮੀਟਰ ਰੀਲੇਅ ’ਚ ਗੋਲਡ ਮੈਡਲ ਜੇਤੂ 74 ਸਾਲਾ ਪੰਜਾਬੀ ਰੇਸਰ ਸੁੱਚਾ ਸਿੰਘ ਨੂੰ ਇਸ ਸਾਲ ਦੇਸ਼ ਦੇ ਰਾਸ਼ਟਰਪਤੀ ਵਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਕੌਮਾਂਤਰੀ ਅਥਲੀਟ ਸੁੱਚਾ ਸਿੰਘ ਨੂੰ ਤਗਮੇ ਜਿੱਤਣ ਤੋਂ ਬਾਵਜੂਦ ਕੇਂਦਰੀ ਖੇਡ ਮੰਤਰਾਲੇ ਤੋਂ ਮਾਣ-ਸਨਮਾਨ ਹਾਸਲ ਕਰਨ ਲਈ 54 ਸਾਲਾਂ ਦੀ ਲੰਮੀ ਉਡੀਕ ਕਰਨੀ ਪਈ ਹੈ।
ਓਲੰਪੀਅਨ ਸਰਬਜੋਤ ਸਿੰਘ: ਪੈਰਿਸ-2024 ਓਲੰਪਿਕ ਖੇਡਾਂ ’ਚ ਸ਼ੂਟਿੰਗ ’ਚ ਤਾਂਬੇ ਦਾ ਤਗਮਾ ਜੇਤੂ 23 ਸਾਲਾ ਸ਼ੂਟਰ ਸਰਬਜੋਤ ਸਿੰਘ ਨੂੰ ਕੇਂਦਰੀ ਖੇਡ ਮੰਤਰਾਲੇ ਵਲੋਂ ‘ਅਰਜੁਨਾ ਅਵਾਰਡ’ ਦੇਣ ਵਾਲੇ ਖਿਡਾਰੀਆਂ ਦੀ ਲੜੀ ’ਚ ਸ਼ੁਮਾਰ ਕੀਤਾ ਗਿਆ ਹੈ। ਓਲੰਪੀਅਨ ਸਰਬਜੋਤ ਸਿੰਘ ਦਾ ਜਨਮ 30 ਸਤੰਬਰ, 2001 ’ਚ ਜ਼ਿਲ੍ਹਾ ਅੰਬਾਲਾ ’ਚ ਪਿੰਡ ਧੀਨ ’ਚ ਹਰਦੀਪ ਕੌਰ ਦੀ ਕੁੱਖੋਂ ਕਿਸਾਨ ਜਤਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ।
ਮੋਬਾਈਲ:94171-82993