ਪੰਜਾਬ ‘ਚ ਨਗਰ ਕੌਂਸਲ ਪ੍ਰਧਾਨ ‘ਤੇ ਚਲਾਈਆਂ ਗੋਲੀਆਂ
ਹੁਸ਼ਿਆਰਪੁਰ, 8 ਜਨਵਰੀ, ਦੇਸ਼ ਕਲਿਕ ਬਿਊਰੋ :
ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਰੜਾ ਮੰਡ ਦੇ ਨੇੜੇ ਦੇਰ ਰਾਤ ਇਕ ਸਨਸਨੀ ਫੈਲਾਉਣ ਵਾਲੀ ਵਾਰਦਾਤ ਸਾਹਮਣੇ ਆਈ। ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦੀ ਕਰੇਟਾ ਗੱਡੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਰਾਤ ਲੱਗਭਗ 11 ਵਜੇ, ਜਦੋਂ ਪੰਨੂ ਆਪਣੇ ਡਰਾਈਵਰ ਜਸ਼ਨ ਸਿੰਘ ਦੇ ਨਾਲ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਵੱਲ ਜਾ ਰਹੇ ਸਨ, ਉਸ ਸਮੇਂ ਰੜਾ ਮੰਡ ਨੇੜੇ ਬਿਆਸ ਦਰਿਆ ਦੇ ਪੁਲ ਨਜ਼ਦੀਕ ਇਹ ਵਾਰਦਾਤ ਹੋਈ। ਹਮਲਾਵਰਾਂ ਨੇ ਕਰੇਟਾ ਗੱਡੀ ’ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਨਿਸ਼ਾਨ ਗੱਡੀ ਦੀ ਪਿਛਲੀ ਸਾਈਡ ਤੇ ਪਾਏ ਗਏ ਹਨ।
ਹਮਲੇ ਤੋਂ ਬਾਅਦ ਪੰਨੂ ਸੁਰੱਖਿਅਤ ਹਨ, ਪਰ ਇਹ ਹਮਲਾ ਕਿਉਂ ਕੀਤਾ ਗਿਆ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਟਾਂਡਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।