ਰਾਮਪੁਰਾ ਫੂਲ: 8 ਜਨਵਰੀ,ਦੇਸ਼ ਕਲਿੱਕ ਬਿਓਰੋ
ਜਿਹੜੇ ਪਰਿਵਾਰ ਆਪਣੇ ਵਿਆਹ ਸਮਾਗਮ ਸਰਾਬ ਅਤੇ ਡੀ ਜੇ ਤੋਂ ਬਿਨਾਂ ਕਰਨਗੇ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਇਸ ਐਲਾਨ ਬਾਰੇ ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਰੋਹਾਂ ਵਿੱਚ ਫਜੂਲ ਖਰਚੇ ਤੋਂ ਬਚਾਉਣ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਵਿਆਹ ਸਮਾਰੋਹਾਂ ਦੇ ਦੌਰਾਨ ਜਿਥੇ ਸ਼ਰਾਬ ਪੇਸ਼ ਕੀਤੀ ਜਾਂਦੀ ਹੈ ਅਤੇ ਡੀ.ਜੇ. ’ਤੇ ਤੇਜ਼ ਸ਼ੋਰ ਵਿੱਚ ਸੰਗੀਤ ਵਜਾਇਆ ਜਾਂਦਾ ਹੈ, ਉੱਥੇ ਅਕਸਰ ਝਗੜੇ ਹੁੰਦੇ ਹਨ। ਇਸ ਦੇ ਇਲਾਵਾ, ਤੇਜ਼ ਸੰਗੀਤ ਵਜਾਉਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਰੁਕਾਵਟ ਪੈਦੀ ਹੈ। ਪਿੰਡ ਦੀ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਇਕ ਮਤਾ ਪਾਸ ਕੀਤਾ ਹੈ, ਜਿਸ ਦੇ ਤਹਿਤ ਜੇਕਰ ਕੋਈ ਪਰਿਵਾਰ ਵਿਆਹ ਸਮਾਰੋਹ ਵਿੱਚ ਸ਼ਰਾਬ ਦੀ ਵਰਤੋਂ ਨਹੀਂ ਕਰਦਾ ਅਤੇ ਡੀ.ਜੇ. ਨਹੀਂ ਵਜਾਉਂਦਾ, ਤਾਂ ਉਸਨੂੰ 21,000 ਰੁਪਏ ਦਿੱਤੇ ਜਾਣਗੇ।ਬੱਲੋ ਪਿੰਡ ਦੀ ਅਬਾਦੀ ਲਗਭਗ 5,000 ਹੈ।
Published on: ਜਨਵਰੀ 8, 2025 7:25 ਬਾਃ ਦੁਃ