ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾ ਨੂੰ ਨਵੇਂ ਸਾਲ ਦਾ ਤੋਹਫਾ
ਅਧਿਕਾਰੀਆਂ ਤੇ ਕਰਮਚਾਰੀਆਂ ਲਈ ਖ੍ਰੀਦੇ ਫਲੈਟ
ਚੰਡੀਗੜ੍ਹ: 9 ਜਨਵਰੀ, ਦੇਸ਼ ਕਲਿੱਕ ਬਿਓਰੋ
ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਜਿਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਕੋਲ ਸਰਕਾਰੀ ਮਕਾਨ ਨਹੀਂ ਸਨ, ਪੰਜਾਬ ਸਰਕਾਰ ਨੇ ਹੁਣ ਉਨ੍ਹਾਂ ਮੁਲਾਜ਼ਮਾਂ ਦੀ ਸੁਣ ਲਈ ਹੈ । ਪੰਜਾਬ ਸਰਕਾਰ ਨੇ ਉਨ੍ਹਾਂ ਲਈ ਮਕਾਨ ਖ੍ਰੀਦ ਲਏ ਹਨ ਅਤੇ ਜਲਦੀ ਹੀ ਅਲਾਟ ਕਰ ਦਿੱਤੇ ਜਾਣਗੇ।
ਪੰਜਾਬ ਸਰਕਾਰ ਵੱਲੋਂ ਇਹ ਪਹਿਲਕਦਮੀ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਮੋਹਾਲੀ ਵਿੱਚ ਸ਼ੁਰੂ ਕੀਤੀ ਹੈ। ਸਰਕਾਰ ਨੇ ਮੁਲਾਜ਼ਮਾਂ ਲਈ ਗਮਾਡਾ ਤੋਂ 167 ਫਲੈਟ ਖ੍ਰੀਦੇ ਹਨ ਜੋ ਪੂਰਬਾ ਪ੍ਰੀਮੀਅਮ ਅਪਾਰਟਮੈਂਟਸ ਵਿੱਚ ਸਥਿਤ ਹਨ। ਮੋਹਾਲੀ ਵਿੱਚ ਰਹਿੰਦੇ ਅਧਿਕਾਰੀਆਂ ਤੇ ਮੁਲਾਜ਼ਮਾ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਰਹਿਣਾ ਪੈ ਰਿਹਾ ਹੈ ਜੋ ਮੋਹਾਲੀ ਪ੍ਰਸ਼ਾਸਨ ਨੇ ਪੂਰੀ ਕਰ ਦਿੱਤੀ ਹੈ । ਮੋਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕੱਲ੍ਹ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਇਨ੍ਹਾਂ ਦੀ ਅਲਾਟਮੈਂਟ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਤੋਂ ਸਰਕਾਰ ਨੇ ਟਾਈਪ ਤਿੰਨ ਤੇ ਟਾਈਪ ਦੋ 167 ਮਕਾਨ ਖ੍ਰੀਦੇ ਹਨ ਜੋ ਜਲਦੀ ਹੀ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਸੌਪੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਪੀ ਡਬਲਿਊ ਡੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਟੀਮ ਵੀ ਨਾਲ ਸੀ ਜਿਨ੍ਹਾਂ ਨੇ ਮੌਕੇ ‘ਤੇ ਇਨ੍ਹਾਂ ਫਲੈਟਾਂ ਦਾ ਜ਼ਾਇਜ਼ਾ ਲਿਆ ਅਤੇ ਮਕਾਨਾਂ ਵਿੱਚ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਂਚ ਕੀਤੀ। ਲੋਕ ਨਿਰਮਾਣ ਵਿਭਾਗ ਦੀ ਟੀਮ ਵਿੱਚ ਸਿਵਲ, ਇਲੈਕਟਰੀਕਲ ਵਿੰਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰਾਜ ਸਰਕਾਰ ਦੇ ਮਕਾਨ ਅਲਾਟਮੈਂਟ ਨਿਯਮਾਂ ਅਨੁਸਾਰ ਵਿਚਾਰਿਆ ਜਾ ਸਕੇ।
ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਸੂਬਾਈ ਅਧਿਕਾਰੀਆਂ ਨੂੰ ਵੀ ਕੁਝ ਫਲੈਟ ਅਲਾਟ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨਾਲ ਏ ਡੀ ਸੀ ਵਿਰਾਜ ਐੱਸ ਤਿੜਕੇ, ਐੱਸ ਡੀ ਐੱਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਵੀ ਮੌਜੂਦ ਸਨ।