ਵਿਆਹ ‘ਚ ਲਾੜ੍ਹੀ ਦੇ ਪਿਓ ਤੋਂ ਸ਼ਗਨ ਦੇ ਪੈਸਿਆਂ ਵਾਲਾ ਪਰਸ ਖੋਹ ਕੇ ਭੱਜ ਰਿਹਾ ਨਾਬਾਲਗ ਕਾਬੂ
ਲੁਧਿਆਣਾ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਵਿਆਹ ਦੌਰਾਨ ਹੰਗਾਮਾ ਹੋ ਗਿਆ। ਮੈਰਿਜ ਪੈਲੇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਸ਼ਾਮਲ ਲੋਕਾਂ ਨੇ ਇੱਕ ਨਾਬਾਲਿਗ ਮੁੰਡੇ ਨੂੰ ਸ਼ਗਨ ਵਾਲਾ ਪਰਸ ਚੁਰਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਫੜ੍ਹ ਲਿਆ। ਲੋਕਾਂ ਨੇ ਇਸ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਨਾਬਾਲਿਗ ਦੇ ਹੱਥ ਬੰਨ੍ਹ ਕੇ ਉਸ ਤੋਂ ਪੁੱਛਗਿੱਛ ਕੀਤੀ।
ਵਿਆਹ ਵਿੱਚ ਮੌਜੂਦ ਵੇਟਰਾਂ ਨੇ ਖੇਤਾਂ ਵਿੱਚ ਜਾ ਕੇ ਚੋਰੀ ਕਰਨ ਵਾਲੇ ਨੂੰ ਘੇਰ ਲਿਆ ਅਤੇ ਪਰਸ ਚੁਰਾ ਕੇ ਭੱਜਦੇ ਹੋਏ ਉਸ ਨੂੰ ਫੜ੍ਹ ਲਿਆ। ਜਾਣਕਾਰੀ ਦੇ ਅਨੁਸਾਰ, ਫਿਰੋਜ਼ਪੁਰ ਰੋਡ ’ਤੇ ਪਿੰਡ ਪੰਡੋਰੀ ਦੇ ਕੋਲ ਮੈਰਿਜ ਪੈਲੇਸ ਗ੍ਰੇਡ ਵਿਲਾ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਲੋਕਾਂ ਨੇ ਨਾਬਾਲਿਗ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਉਸ ਨੂੰ ਫੜ੍ਹਿਆ ਹੋਇਆ ਹੈ। ਵੀਡੀਓ ਵਿੱਚ ਇੱਕ ਵਿਅਕਤੀ ਦੱਸ ਰਿਹਾ ਹੈ ਕਿ 8 ਜਨਵਰੀ ਨੂੰ ਗ੍ਰੇਡ ਵਿਲਾ ਵਿੱਚ ਵਿਆਹ ਸਮਾਰੋਹ ਦੌਰਾਨ ਇੱਕ ਨਾਬਾਲਿਗ ਨੂੰ ਫੜ੍ਹਿਆ ਗਿਆ।
ਜਾਣਕਾਰੀ ਅਨੁਸਾਰ ਇਹ ਨਾਬਾਲਿਗ ਸਵੇਰੇ ਆਪਣੇ ਤਿੰਨ ਦੋਸਤਾਂ ਦੇ ਨਾਲ ਸਜ-ਧਜ ਕੇ ਵਿਆਹ ਸਮਾਰੋਹ ਵਿੱਚ ਆਇਆ ਸੀ। ਵਿਆਹ ਵਿੱਚ ਖਾਣਾ ਖਾਧਾ। ਇਸ ਤੋਂ ਬਾਅਦ ਇਸ ਨੇ ਬੈਗ ਖੋਹਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਦੇ ਸਾਥੀ ਫਰਾਰ ਹੋ ਗਏ। ਇਸ ਨਾਬਾਲਿਗ ਮੁੰਡੇ ਨੇ ਜਿਸ ਕੁੜੀ ਦਾ ਵਿਆਹ ਸੀ, ਉਸ ਦੇ ਪਿਤਾ ਤੋਂ ਸ਼ਗਨ ਦੇ ਪੈਸਿਆਂ ਵਾਲਾ ਪਰਸ ਖੋਹਿਆ ਅਤੇ ਭੱਜ ਗਿਆ। ਗ੍ਰੇਡ ਵਿਲਾ ਦੇ ਸਟਾਫ ਅਤੇ ਹੋਰ ਵੇਟਰਾਂ ਨੇ ਇਸ ਨਾਬਾਲਿਗ ਨੂੰ ਖੇਤਾਂ ਵਿੱਚ ਘੇਰ ਕੇ ਫੜ੍ਹ ਲਿਆ। ਇਹ ਨਾਬਾਲਿਗ ਚੋਰ ਆਪਣਾ ਨਾਮ ਸਰਬਜੀਤ ਦੱਸ ਰਿਹਾ ਹੈ।