ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ : ਡਾ ਚਰਨਜੀਤ ਸਿੰਘ
ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਮਜਦੂਰਾਂ ਨੂੰ ਚੈੱਕ ਵੰਡੇ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 10 ਜਨਵਰੀ ਭਟੋਆ
ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਸਬਸਿਡੀ ਤੇ ਮਸ਼ੀਨਰੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਜਾਂ ਅੰਗ ਗਵਾਉਣ ਵਾਲਿਆਂ ਕਿਸਾਨਾਂ ਮਜਦੂਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਵਿਖੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹਾਦਸੇ ਦੇ ਸ਼ਿਕਾਰ ਹੋਏ ਪੰਜ ਵਿਅਕਤੀਆਂ ਨੂੰ 4 ਲੱਖ 20 ਹਜਾਰ ਰੁਪਏ ਦੇ ਚੈੱਕ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਇਸ ਮੌਕੇ ਤੇ ਉਨਾ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਵੀ ਹਾਜ਼ਰ ਸਨ। ਇਸ ਮੌਕੇ ਤੇ ਪਿੰਡ ਮਕੜੌਨਾ ਕਲਾਂ ਦੇ ਵਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਦੀ ਖੇਤਾਂ ਵਿੱਚ ਮੋਟਰ ਤੋ ਪਾਣੀ ਲਗਾਉਣ ਸਮੇ ਕਰੰਟ ਲੱਗਣ ਕਾਰਨ ਮੌਤ ਹੋਣ ਉਪਰੰਤ 3,00000, ਨਵਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਨੈਲੀ ਦਾ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਅੰਗੂਠਾ ਕੱਟਣ ਲਈ 12000/- ਰੁਪਏ, ਸ੍ਰੀਮਤੀ ਕਾਂਤਾ ਦੇਵੀ ਪਤਨੀ ਦਲਬਾਰਾ ਸਿੰਘ ਵਾਸੀ ਬਹਿਰਾਮਪੁਰ ਬੇਟ ਦੀਆਂ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਚਾਰ ਉਂਗਲਾਂ ਕੱਟ ਜਾਣ ਲਈ 48000/- ਰੁਪਏ, ਭੂਸ਼ਨ ਚੌਧਰੀ ਪੁੱਤਰ ਛੋਟਾਨ ਚੌਧਰੀ ਵਾਸੀ ਪਿੰਡ ਮਾਲੇਵਾਲ ਦਾ ਥਰੈਸ਼ਰ ਵਿੱਚ ਆਉਣ ਕਾਰਨ ਸੱਜਾ ਹੱਥ ਕੱਟੇ ਜਾਣ ਤੇ 48000/- ਰੁਪਏ ਅਤੇ ਜਗਦੀਸ਼ ਸਿੰਘ ਪੁੱਤਰ ਬਚਨ ਸਿੰਘ ਵਾਸੀ ਬਰਸਾਲਪੁਰ ਨੂੰ ਟਰਾਲੀ ਦੇ ਡਾਲੇ ਵਿੱਚ ਅੰਗੂਠਾ ਕੱਟਣ ਲਈ 12000/- ਰੁਪਏ ਦਾ ਚੈੱਕ ਦਿੱਤਾ ਗਿਆ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀਬਾੜੀ ਵਰਤੋਂ ਲਈ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਸਬਸਿਡੀ ਤੇ ਮਸ਼ੀਨਰੀ ਸਪਲਾਈ ਕੀਤੀ ਜਾ ਰਹੀ ਹ। ਅਤੇ ਕਿਸਾਨਾਂ ਦੀਆਂ ਜਿਨਸਾਂ ਦੇ ਵਾਜਬ ਭਾਅ ਦਿੱਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੜੀ ਜਲਦੀ ਦਸ਼ਮੇਸ਼ ਨਹਿਰ ਬਣਾਈ ਜਾ ਰਹੀ ਹੈ। ਜਿਸ ਵਿੱਚੋ ਸੂਏ ਕੱਢਕੇ ਇਲਾਕੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ , ਜਿਸ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ ਉੱਥੇ ਹੀ ਧਰਤੀ ਹੇਠਲਾ ਪਾਣੀ ਵੀ ਬਚਾਇਆ ਜਾ ਸਕੇਗ।ਉਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਬਣਾਏ ਗਏ ਖੇਤੀਬਾੜੀ ਮਾਰਕੀਟਿੰਗ ਸਬੰਧੀ ਖਰੜੇ ਨੂੰ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਮੰਨਦਿਆਂ ਰੱਦ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਅੰਬਾਨੀਆਂ ਅਡਾਨੀਆਂ ਸਮੇਤ ਵੱਡੇ ਕਾਰਪੋਰੇਟ ਘਰਾਣਿਆ ਦੇ ਲੱਖਾਂ ਕਰੋੜਾਂ ਰੁਪਇਆਂ ਦੇ ਕਰਜਿਆਂ ਨੂੰ ਮੁਆਫ ਕੀਤਾ ਗਿਆ ਹੈ ਪ੍ਰੰਤੂ ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਕਰਨ ਤੋ ਸਾਫ ਇਨਕਾਰ ਕਰ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਕੀਮਤ 401 ਰੁਪਏ ਪ੍ਰਤੀ ਕੁਇੰਟਲ ਦਿੱਤੀ ਜਾ ਰਹੀ ਹੈ ਜਿਹੜੀ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ ।.ਉਹਨਾਂ ਇਹ ਵੀ ਦੱਸਿਆ ਕਿ ਗੰਨਾ ਉਤਪਾਦਕਾਂ ਨੂੰ ਮਿਲ ਵਿੱਚ ਗੰਨਾ ਸੁੱਟਣ ਤੋਂ ਬਾਅਦ 48 ਘੰਟਿਆਂ ਦੇ ਅੰਦਰ ਅੰਦਰ ਪੇਮੈਂਟ ਕੀਤੀ ਜਾ ਰਹੀ ਹੈ ਹੈ ਅਤੇ ਕਿਸੇ ਵੀ ਗੰਨਾ ਉਤਪਾਦਕ ਨੂੰ ਪਿਛਲੀਆਂ ਸਰਕਾਰਾਂ ਵਾਂਗ ਖੱਜਲ ਖੁਆਰੀ ਸਾਹਮਣਾ ਨਹੀਂ ਕਰ ਦਿੱਤਾ ਜਾ ਰਿਹਾ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਕਿਸਾਨੀ ਮੰਗਾਂ ਸਬੰਧੀ ਤੁਰੰਤ ਗੱਲਬਾਤ ਸ਼ੁਰੂ ਕਰਨੀ ਚਾਹੀਦੀ। ਉਹਨਾਂ ਦੱਸਿਆ ਕਿ ਡੱਲੇਵਾਲ ਦੇ ਮਰਨ ਵਰਤ ਤੋਂ ਚਿੰਤਿਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਤੇ ਮੁੜ ਗੱਲਬਾਤ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਦਬਾਅ ਬਣਾਇਆ ਗਿਆ ਹੈ ਪ੍ਰੰਤੂ ਕੇਂਦਰ ਸਰਕਾਰ ਦੀ ਹੇਠ ਧਰਮੀ ਕਾਰਨ ਕਿਸਾਨਾਂ ਨਾਲ ਗੱਲਬਾਤ ਤਾਂ ਕੀ ਸ਼ੁਰੂ ਕਰਨੀ ਹੈ ? ਸਗੋ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੀਆਂ ਮੰਗਾਂ ਸਬੰਧੀ ਤੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣ ਤੋਂ ਵੀ ਰੋਕਿਆ ਜਾ ਗਿਆ ਹੈ। ਉਨਾ ਕਿਹਾ ਕੇਂਦਰ ਦੀਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਹੀ ਵਿਤਕਰਾ ਤੇ ਧੱਕਾਸ਼ਾਹੀ ਕੀਤੀ ਹੈ, ਭਾਂਵੇ ਉਹ ਦੇਸ਼ ਦੀ ਵੰਡ ਸਮੇ ਹੋਵੇ ਜਾਂ ਫਿਰ ਪੰਜਾਬੀ ਸੂਬਾ ਬਣਾਉਣ ਸਮੇ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖਣ, ਅਤੇ ਸੂਬੇ ਦੇ ਪਾਣੀਆਂ ਦੀ ਵੰਡ ਵੇਲੇ ਕੀਤਾ ਗਿਆ ਵਿਤਕਰਾ ਹੋਵੇ ਪ੍ਰੰਤੂ ਹੁਣ ਮੋਦੀ ਸਰਕਾਰ ਵੱਲੋ ਚੰਡੀਗੜ੍ਹ ਦੇ ਸਲਾਹਕਾਰ ਦਾ ਆਹੁਦਾ ਖਤਮ ਕਰਕੇ ਚੀਫ ਸੈਕਟਰੀ ,ਲਗਾਕੇ ਪੰਜਾਬ ਦਾ ਚੰਡੀਗੜ੍ਹ ਤੋ ਸਦਾ ਲਈ ਹੱਕ ਖਤਮ ਕਰਨ ਦਾ ਮਾਮਲਾ ਹੋਵੇ।
ਮੌਕੇ ਤੇ ਹੋਰਨਾਂ ਤੋਂ ਬਿਨਾਂ ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਗਗਨਦੀਪ ਸਿੰਘ ਸ਼੍ਰੀਮਤੀ ਅਮਰਜੀਤ ਕੌਰ ਤੇ ਸ਼੍ਰੀ ਪਰਮਜੀਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਭਪਿੰਦਰ ਸਿੰਘ ਭੂਰਾ,ਕੌਂਸਲਰ ਸੁਖਬੀਰ ਸਿੰਘ ,ਆੜਤੀ ਪੁਰਸ਼ੋਤਮ ਸਿੰਘ ਰਾਣਾ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਰਾਜਨੀਤਿਕ ਸਕੱਤਰ ਜਗਤਾਰ ਸਿੰਘ ਘੜੂੰਆਂ, ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਬੱਲਾਂ, ਪੀਏ ਸ੍ਰੀ ਚੰਦ, ਸਰਪੰਚ ਹਰਵਿੰਦਰ ਸਿੰਘ ਕੋਟਲਾ, ਲਖਬੀਰ ਸਿੰਘ ਤਾਜਪੁਰਾ, ਸਰਪੰਚ ਮੋਹਨ ਸਿੰਘ ਤਾਲਾਪੁਰ ਅਤੇ ਗੁਰਵੀਰ ਸਿੰਘ ਆਦਿ ਵੀ ਹਾਜ਼ਰ ਸਨ।