ਸੰਘਣੀ ਧੁੰਦ ਦੇ ਕਹਿਰ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ
ਨਾਭਾ: 10 ਜਨਵਰੀ, ਦੇਸ਼ ਕਲਿੱਕ ਬਿਓਰੋ
ਨਾਭਾ ਨੇੜੇ ਪਿੰਡ ਦਿੱਤੂਪੁਰ ‘ਚ ਸੰਘਣੀ ਧੁੰਦ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਬੀਤੀ ਰਾਤ ਜ਼ੀਰੋ ਵਿਜ਼ੀਵਿਲਟੀ ਕਾਰਨ ਕਾਰ ਪਿੰਡ ਦੇ ਟੋਭੇ ਵਿੱਚ ਡਿੱਗ ਪਾਈ। ਧੁੰਦ ਬਹੁਤ ਜ਼ਿਆਦਾ ਸੀ ਅਤੇ ਨੌਜਵਾਨਾਂ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਕਾਰ ਟੋਭੇ ਵਿਚ ਜਾ ਡੁੱਬੇਗੀ । ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਮੌਕੇ ’ਤੇ ਕੱਢ ਲਿਆ ਗਿਆ ਅਤੇ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਕਮਲਪ੍ਰੀਤ ਉਮਰ 18 ਸਾਲ ਜੋ ਬਾਰਵੀਂ ਜਮਾਤ ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ 30 ਸਾਲਾਂ ਦਾ ਨੌਜਵਾਨ ਜੋ ਨੇਵੀ ਵਿਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਸੀ ਜੋ ਵੇਰਕਾ ਮਿਲਕ ਪਲਾਂਟ ਵਿਚ ਕੰਮ ਕਰਦਾ ਸੀ, ਵਜੋਂ ਹੋਈ ਹੈ। ਤਿੰਨੇ ਨੌਜਵਾਨ ਆਪਣੇ-ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ । ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿਚ ਸੋਗ ਦੀ ਲਹਿਰ ਦੌੜ ਗਈ।