ਮੇਰਠ, 10 ਜਨਵਰੀ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਇਕ ਦਰਦਨਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਵੱਖ ਵੱਖ ਬੋਰੇ ਵਿੱਚ ਪਾ ਕੇ ਘਰ ਵਿੱਚ ਰੱਖਿਆ ਗਿਆ। ਇਹ ਘਟਨਾ ਮੇਰਠ ਦੇ ਲਿਸਾੜੀ ਗੇਟ ਦੇ ਸੋਹੇਲ ਗਾਰਡਨ ਦੇ ਨੇੜੇ ਦੀ ਦੱਸੀ ਜਾ ਰਹੀ ਹੈ, ਜਿੱਥੇ ਪਤੀ ਪਤਨੀ ਤੇ ਤਿੰਨ ਧੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਰਿਸਤੇਦਾਰਾਂ ਨੇ ਆ ਕੇ ਘਰ ਖੋਲ੍ਹਿਆ। ਕਈ ਦਿਨਾਂ ਤੋਂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਦਿਖਾਈ ਨਾ ਦਿੱਤਾ। ਰਿਸ਼ਤੇਦਾਰਾਂ ਫੋਨ ਕਰ ਰਹੇ ਹਨ, ਪ੍ਰੰਤੂ ਕੋਈ ਫੋਨ ਵੀ ਨਹੀਂ ਚੁੱਕ ਰਿਹਾ ਸੀ। ਜਦੋਂ ਰਿਸ਼ਤੇਦਾਰ ਘਰ ਪਹੁੰਚੇ ਤਾਂ ਘਰ ਦੇ ਦਰਵਾਜੇ ਨੂੰ ਜ਼ਿੰਦਾ ਲੱਗਿਆ ਹੋਇਆ ਸੀ। ਰਿਸ਼ਤੇਦਾਰ ਅਤੇ ਗੁਆਂਢੀ ਜਦੋਂ ਘਰ ਅੰਦਰ ਗਏ ਤਾਂ ਅੰਦਰ ਲਹੂ ਹੀ ਲਹੂ ਫੈਲ੍ਹਿਆ ਹੋਇਆ ਸੀ। ਮੋਇਨ ਅਤੇ ਉਸਦੀ ਪਤਨੀ ਦਾ ਗਲ਼ਾ ਵੱਢ ਕੇ ਕਤਲ ਕੀਤਾ ਹੋਇਆ ਸੀ ਤੇ ਲਾਸ਼ਾਂ ਬੋਰੀ ਵਿੱਚ ਪਾ ਕੇ ਰੱਖੀਆਂ ਹੋਈਆਂ ਹਨ ਅਤੇ ਬੱਚਿਆਂ ਦੀਆਂ ਲਾਸ਼ਾਂ ਬੈਡ ਵਿੱਚ ਬੰਦ ਸਨ। ਮ੍ਰਿਤਕਾਂ ਦੀ ਪਹਿਚਾਣ ਮੋਇਨ ਉਸਦੀ ਪਤਨੀ ਆਸਮਾ ਅਤੇ ਤਿੰਨ ਧੀਆ ਜਿੰਨਾਂ ਵਿਚ ਅਫਸਾ 8 ਸਾਲ, ਅਜੀਜਾ 4 ਸਾਲ ਅਤੇ ਅਦੀਬਾ ਇਕ ਸਾਲ ਵਜੋਂ ਹੋਈ ਹੈ।
ਐਸਐਸਪੀ ਮੇਰਠ ਵਿਪਿਨ ਟਾਡਾ ਨੇ ਦੱਸਿਆ ਕਿ ਦੋ ਦਿਨ ਤੋਂ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਮੋਇਨ ਦੇ ਭਰਾ ਅਤੇ ਰਿਸ਼ਤੇਦਾਰ ਉਸਨੂੰ ਫੋਨ ਕਰ ਰਹੇ ਸਨ। ਵੀਰਵਾਰ ਰਾਤ ਨੂੰ ਲਗਭਗ 9 ਵਜੇ ਮੋਇਨ ਦੇ ਰਿਸ਼ਤੇਦਾਰ ਅਤੇ ਭਾਈ ਉਸਦੇ ਘਰ ਪਹੁੰਚੇ ਤਾਂ ਬਾਹਰ ਜਿੰਦਾ ਲੱਗਿਆ ਹੋਇਆ ਦੇਖਿਆ, ਇਨ੍ਹਾਂ ਲੋਕਾਂ ਨੂੰ ਕੁਝ ਸ਼ੱਕ ਹੋਇਆ ਤਾਂ ਛੱਤ ਉਤੇ ਚੜ੍ਹਕੇ ਘਰ ਅੰਦਰ ਦੇਖਿਆ ਤਾਂ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਗੁਆਂਢੀਆਂ ਦੀ ਮਦਦ ਨਾਲ ਜਦੋਂ ਜਿੰਦਾ ਤੋੜਿਆ ਤਾਂ ਅੰਦਰ ਪੂਰੇ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਨੂੰ ਕਤਲਾਂ ਪਿੱਛੇ ਕਿਸੇ ਜਾਣਕਾਰ ਦਾ ਹੱਥ ਹੋਣ ਦਾ ਸ਼ੱਕ ਹੈ ਅਤੇ ਕੋਈ ਰੰਜਿਸ਼ ਵੀ ਹੋ ਸਕਦੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।