ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ
ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਡਿਪਟੀ ਮੇਅਰ ਵਜੋਂ ਸੇਵਾ ਨਿਭਾਉਣਗੇ
ਪਟਿਆਲਾ/ਚੰਡੀਗੜ੍ਹ, 10 ਜਨਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ (ਆਪ) ਦੇ ਐਮਸੀ ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਪਟਿਆਲਾ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ, ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ, ਜਦੋਂ ਕਿ ਜਗਦੀਪ ਜੱਗਾ ਡਿਪਟੀ ਮੇਅਰ ਵਜੋਂ ਸੇਵਾ ਨਿਭਾਉਣਗੇ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਬਰਿੰਦਰ ਗੋਇਲ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਨਵੇਂ ਚੁਣੇ ਸਾਰੇ ਕੌਂਸਲਰਾਂ ਨੇ ਪਟਿਆਲਾ ਨਗਰ ਨਿਗਮ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਪਟਿਆਲਾ ਲਈ ਇਸ ਦਿਨ ਨੂੰ ਇਤਿਹਾਸਕ ਦੱਸਿਆ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਵਿਕਾਸ ਪ੍ਰਤੀ ਪਾਰਟੀ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।
ਅਰੋੜਾ ਨੇ ਕਿਹਾ ਕਿ ਤਿੰਨੋਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ, ਜੋ ਕਿ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਸ਼ਾਸਨ ਪ੍ਰਦਾਨ ਕਰਨ ਪ੍ਰਤੀ ‘ਆਪ’ ਦੇ ਕੌਂਸਲਰਾਂ ਦੀ ਏਕਤਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਵਲੰਟੀਅਰਾਂ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਮੁੱਖ ਜ਼ਿੰਮੇਵਾਰੀਆਂ ਦੇਣ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੁੰਦਨ ਗੋਗੀਆ ਵਰਗੇ ਸਮਰਪਿਤ ਵਲੰਟੀਅਰ ਨੂੰ ਪਟਿਆਲਾ ਵਰਗੇ ਸ਼ਹਿਰ ਦੀ ਅਗਵਾਈ ਸੌਂਪੀ ਜਾਣੀ ‘ਆਪ’ ਦੇ ਜ਼ਮੀਨੀ ਪਧਰ ਦੇ ਮੈਂਬਰਾਂ ਵਿੱਚ ਪਾਰਟੀ ਪ੍ਰਤੀ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੇ ਭਾਰੀ ਜਿੱਤ ਦਰਜ ਕੀਤੀ। ‘ਆਪ’ ਨੇ ਪਟਿਆਲਾ ਨਗਰ ਨਿਗਮ ਦੀਆਂ 53 ਵਿੱਚੋਂ 43 ਸੀਟਾਂ ਜਿੱਤੀਆਂ। ਪੰਜਾਬ ਭਰ ਵਿੱਚ, ‘ਆਪ’ 977 ਵਾਰਡਾਂ ਵਿੱਚੋਂ 522 ਵਿੱਚ ਜੇਤੂ ਰਹੀ, ਜਿਸ ਨੇ ਸਥਾਨਕ ਸੰਸਥਾਵਾਂ ਵਿੱਚ ਚੋਣ ਸਫਲਤਾ ਲਈ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ। ਪਾਰਟੀ ਦੇ ਵਿਰੋਧੀ – ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ – ਸਿਰਫ 30% ਵਾਰਡਾਂ ਤੱਕ ਸੀਮਤ ਸਨ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ ਲਗਭਗ 15% ਸੀਟਾਂ ਪ੍ਰਾਪਤ ਕੀਤੀਆਂ।
ਅਰੋੜਾ ਨੇ ਕਿਹਾ ਕਿ ਕੱਲ੍ਹ (ਵੀਰਵਾਰ) 8 ਨਗਰ ਕੌਂਸਲਾਂ ਨੇ ‘ਆਪ’ ਉਮੀਦਵਾਰਾਂ ਨੂੰ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ। ਇਨ੍ਹਾਂ ਕੌਂਸਲਾਂ ਵਿੱਚ ਚੀਮਾ, ਮੱਲਾਂਵਾਲਾ, ਨਰੋਟ ਜੈਮਲ ਸਿੰਘ, ਘਨੌਰ, ਘੱਗਾ, ਸਨੌਰ, ਦੇਵੀ ਗੜ੍ਹ ਅਤੇ ਮੱਖੂ ਸ਼ਾਮਲ ਸਨ।
ਅਮਨ ਅਰੋੜਾ ਨੇ ‘ਆਪ’ ਦੀ ਲੀਡਰਸ਼ਿਪ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਨਵੀਂ ਟੀਮ ਪਾਰਟੀ ਦੇ ਚੰਗੇ ਸ਼ਾਸਨ ਅਤੇ ਲੋਕ-ਕੇਂਦ੍ਰਿਤ ਵਿਕਾਸ ਦੇ ਵਾਅਦਿਆਂ ਨੂੰ ਪੂਰਾ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਅੱਗੇ ਕਿਹਾ, “ਪਟਿਆਲਾ ਦੇ ਵਿਕਾਸ ਦੀ ਜ਼ਿੰਮੇਵਾਰੀ ਹੁਣ ਭਰੋਸੇਯੋਗ ਹੱਥਾਂ ਵਿੱਚ ਹੈ। ਮੈਨੂੰ ਵਿਸ਼ਵਾਸ ਹੈ ਕਿ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ, ਪਟਿਆਲਾ ਬੇਮਿਸਾਲ ਵਿਕਾਸ ਅਤੇ ਤਰੱਕੀ ਦਾ ਗਵਾਹ ਬਣੇਗਾ।
‘ਆਪ’ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਲਈ ਆਪਣੇ ਮੈਨੀਫੈਸਟੋ ਵਿੱਚ ਦੱਸੀਆਂ ਪੰਜ ਗਰੰਟੀਆਂ – ਸਾਫ਼ ਪੀਣ ਵਾਲੇ ਪਾਣੀ ਦੀ 24/7 ਪਹੁੰਚ ਨੂੰ ਯਕੀਨੀ ਬਣਾਉਣਾ, ਪ੍ਰਦੂਸ਼ਣ ਘਟਾਉਣਾ ਅਤੇ ਜਨਤਕ ਆਵਾਜਾਈ ਵਿੱਚ ਸੁਧਾਰ ਕਰਨਾ, ਅਤਿ-ਆਧੁਨਿਕ ਪਾਰਕਿੰਗ ਸਹੂਲਤਾਂ ਦਾ ਵਿਕਾਸ ਕਰਨਾ, ਆਧੁਨਿਕ ਰਹਿੰਦ-ਖੂੰਹਦ ਪ੍ਰਬੰਧਨ ਹੱਲ ਲਾਗੂ ਕਰਨਾ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਸੜਕਾਂ ਦਾ ਨਵੀਨੀਕਰਨ ਕਰਨਾ, ਨੂੰ ਪੂਰਾ ਕਰਨ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਵਾਅਦਿਆਂ ‘ਤੇ ਕੰਮ ਤੁਰੰਤ ਸ਼ੁਰੂ ਹੋ ਜਾਵੇਗਾ, ਜਿਸ ਵਿੱਚ ਪੰਜਾਬ ਸਰਕਾਰ ਕਾਰਪੋਰੇਸ਼ਨ ਦੇ ਵਿਕਾਸ ਪਹਿਲਕਦਮੀਆਂ ਦਾ ਪੂਰਾ ਸਮਰਥਨ ਕਰੇਗੀ।
ਅਰੋੜਾ ਨੇ ਕਿਹਾ ਕਿ ਆਪ ਲੋਕਾਂ ਲਈ ਮਿਲ ਕੇ ਕੰਮ ਕਰਨ ‘ਚ ਵਿਸ਼ਵਾਸ ਰੱਖਦੀ ਹੈ, ਜਦਕਿ ਹੋਰ ਸਿਆਸੀ ਪਾਰਟੀਆਂ ਆਪਸੀ ਲੜਾਈ ‘ਤੇ ਧਿਆਨ ਦਿੰਦੀਆਂ ਹਨ। ਅਸੀਂ ਪਟਿਆਲਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਸਮੇਤ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ।
ਉਨ੍ਹਾਂ ਅਖੀਰ ਵਿੱਚ ਸਾਰੇ ਪਟਿਆਲਾ ਵਾਸੀਆਂ ਨੂੰ ਇਸ ਨਵੀਂ ਸ਼ੁਰੂਆਤ ‘ਤੇ ਵਧਾਈ ਦਿੰਦੇ ਹੋਏ ਭਰੋਸਾ ਦਿੱਤਾ ਕਿ ‘ਆਪ’ ਦਾ ਪਾਰਦਰਸ਼ੀ ਅਤੇ ਵਿਕਾਸ-ਮੁਖੀ ਸ਼ਾਸਨ ਆਉਣ ਵਾਲੇ ਸਾਲਾਂ ਵਿੱਚ ਸ਼ਹਿਰ ਨੂੰ ਬਦਲ ਦੇਵੇਗਾ।