ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਹਾਲਤ ਗੰਭੀਰ, ਅੱਜ ਰਿਪੋਰਟਾਂ ਕੀਤੀਆਂ ਜਾਣਗੀਆਂ ਜਨਤਕ
ਖਨੌਰੀ, 11 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 47ਵਾਂ ਦਿਨ ਹੈ।ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਵੀਰਵਾਰ ਨੂੰ ਕੀਤੇ ਗਏ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ।ਇਹ ਰਿਪੋਰਟ ਅੱਜ ਆਵੇਗੀ।ਅੱਜ ਕਿਸਾਨ ਆਗੂ ਰਿਪੋਰਟਾਂ ਲੋਕਾਂ ਸਾਹਮਣੇ ਪੇਸ਼ ਕਰਨਗੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਦਰਸ਼ਨਪਾਲ ਸਿੰਘ ਤੇ ਹੋਰਾਂ ਨੇ ਖਨੌਰੀ ਸਰਹੱਦ ’ਤੇ ਪਹੁੰਚ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ।ਕਿਸਾਨ ਆਗੂਆਂ ਨੇ 9 ਜਨਵਰੀ ਨੂੰ ਮੋਗਾ ਵਿਖੇ ਹੋਈ ਮਹਾਪੰਚਾਇਤ ਵਿੱਚ ਪਾਸ ਕੀਤੇ ਮਤਿਆਂ ਨੂੰ ਮੋਰਚੇ ਦੇ ਨੇਤਾਵਾਂ ਨੂੰ ਸੌਂਪਿਆ।