ਰਾਏਕੋਟ ਵਿਖੇ ਬੈਂਕ ਆਫ ਇੰਡੀਆ ‘ਚ ਵੜੇ ਚੋਰ
ਲੁਧਿਆਣਾ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਰਾਏਕੋਟ ‘ਚ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਚੋਰ ਵੜ ਗਏ। ਇਹ ਬੈਂਕ ਪੁਲਿਸ ਕੁਆਰਟਰਾਂ ਦੇ ਬਿਲਕੁਲ ਨੇੜੇ ਸਥਿਤ ਹੈ। ਚੋਰ ਕੰਧ ਤੋੜ ਕੇ ਬੈਂਕ ‘ਚ ਦਾਖਲ ਹੋਏ ਅਤੇ ਕੈਸ਼ ਕੈਬਿਨ ‘ਚ ਪਹੁੰਚ ਗਏ ਪਰ ਪੈਸੇ ਨਾ ਮਿਲਣ ‘ਤੇ ਉਨ੍ਹਾਂ ਗੁੱਸੇ ‘ਚ ਨੋਟ ਗਿਣਨ ਵਾਲੀ ਮਸ਼ੀਨ ਤੋੜ ਦਿੱਤੀ।
ਬੈਂਕ ਆਫ ਇੰਡੀਆ ਦੇ ਸ਼ਾਖਾ ਮੈਨੇਜਰ ਵਿਪੁਲ ਗੋਇਲ ਨੇ ਦੱਸਿਆ ਕਿ ਉਹ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਬੈਂਕ ਨੂੰ ਤਾਲਾ ਲਗਾ ਕੇ ਗਏ ਸੀ। ਅੱਜ ਸਵੇਰੇ ਉਨ੍ਹਾਂ ਦੀ ਸਹਾਇਕ ਸੋਨਮ ਨੇ ਫੋਨ ਕਰਕੇ ਉਸਨੂੰ ਬੈਂਕ ਵਿੱਚ ਹੋਈ ਚੋਰੀ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ ਨਾਲ ਲਗਦੀ ਕੰਧ ਤੋੜੀ ਹੋਈ ਸੀ।
ਚੋਰਾਂ ਨੇ ਕੈਸ਼ ਕੈਬਿਨ ਦਾ ਲੱਕੜ ਦਾ ਦਰਵਾਜ਼ਾ ਵੀ ਤੋੜ ਦਿੱਤਾ ਪਰ ਨਕਦੀ ਨਾ ਮਿਲਣ ‘ਤੇ ਉਨ੍ਹਾਂ ਨੋਟ ਗਿਣਨ ਵਾਲੀ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ।