ਨਗਰ ਪੰਚਾਇਤ ਘੜੂੰਆਂ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ, ਮਨਮੀਤ ਕੌਰ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ
ਕੈਬਨਟ ਮੰਤਰੀ ਹਰਦੀਪ ਮੁੰਡੀਆਂ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਹੋਈ ਚੋਣ
ਮੋਰਿੰਡਾ,, 11 ਜਨਵਰੀ (ਭਟੋਆ)- ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਂਦ ਵਿਚ ਆਈ ਨਗਰ ਪੰਚਾਇਤ ਘੜੂੰਆਂ ਦੀ ਹੋਈ ਪਹਿਲੀ ਚੋਣ ਵਿੱਚ ਵਾਰਡ ਨੰਬਰ 1 ਤੋਂ ਕੌਂਸਲਰ ਮਨਮੀਤ ਕੌਰ ਨੂੰ ਸਰਬਸੰਮਤੀ ਨਾਲ ਨਗਰ ਪੰਚਾਇਤ ਘੜੂੰਆਂ ਦਾ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 4 ਤੋਂ ਕੌਂਸਲਰ ਹਰਪ੍ਰੀਤ ਸਿੰਘ ਭੰਡਾਰੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਸੁਖਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁਚੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸਿਕ ਪਿੰਡ ਘੜੂੰਆਂ ਨੂੰ ਵੱਡੇ ਸ਼ਹਿਰਾਂ ਦੀ ਤਰਜ ਤੇ ਵਿਕਾਸਸ਼ੀਲ ਨਗਰ ਬਣਾਇਆ ਜਾਵੇਗਾ ਅਤੇ ਇਸ ਲਈ ਜੋ ਵੀ ਲੋੜੀਂਦੀਆਂ ਗਰਾਂਟਾਂ ਦੀ ਜਰੂਰਤ ਹੋਵੇਗੀ ਉਹ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਅਧਾਰ ਤੇ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਨਗਰ ਘੜੂੰਆਂ ਗੁਰੂਆਂ ਅਤੇ ਮਹਾਂਭਾਰਤ ਦੇ ਯੋਧੇ ਪਾਂਡਵਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਸ ਦੇ ਚਲਦਿਆਂ ਇਸ ਨਗਰ ਨੂੰ ਟੂਰਿਜਮ ਵੱਜੋਂ ਵੀ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿ ਨਗਰ ਪੰਚਾਇਤ ਦੇ ਦਫਤਰ ਲਈ ਡੇਢ ਏਕੜ ਜਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਬਹੁਤ ਜਲਦ ਨਗਰ ਪੰਚਾਇਤ ਘੜੂੰਆਂ ਦੇ ਕੌਂਸਲਰਾਂ ਅਤੇ ਸਟਾਫ ਲਈ ਇਕ ਵਧੀਆ ਇਮਾਰਤ ਤਿਆਰ ਕਰਵਾਈ ਜਾਵੇਗੀ। ੳਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਹੈ ਜਿਸ ਸਬੰਧੀ ਸੀਵਰੇਜ ਦਾ ਪੁਖਤਾ ਪ੍ਰਬੰਧ ਕੀਤਾ ਜਾਵੇਗਾ ਅਤੇ ਹੋਰ ਵੀ ਜੋ ਰਹਿੰਦੇ ਪਿੰਡ ਦੇ ਵਿਕਾਸ ਕਾਰਜ ਹਨ ਉਹ ਨਗਰ ਪੰਚਾਇਤ ਘੜੂੰਆਂ ਦੇ ਸਹਿਯੋਗ ਨਾਲ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਨਵੀਂ ਬਣੀ ਪ੍ਰਧਾਨ ਮਨਮੀਤ ਕੌਰ ਨੇ ਹਲਕਾ ਵਿਧਾਇਕ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਉਹ ਨਗਰ ਘੜੂੰਆਂ ਦੇ ਸਰਬਪੱਖੀ ਵਿਕਾਸ ਲਈ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਰਹਿੰਦੇ ਸਾਰੇ ਵਿਕਾਸ ਕਾਰਜ ਕਰਵਾਉਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ ਨੇ ਵੀ ਨਗਰ ਘੜੂੰਆਂ ਦੇ ਵਿਕਾਸ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਐਸ.ਡੀ.ਐਮ. ਖਰੜ ਗੁਰਮਿੰਦਰ ਸਿੰਘ ਵੱਲੋਂ ਨਵੇਂ ਚੁਣੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਸਹਿਤ ਸਮੂਹ ਕੌਂਸਲਰਾਂ ਨੂੰ ਸੌਂਹੁ ਚੁਕਾਉਂਦਿਆਂ ਨਗਰ ਦੇ ਵਿਕਾਸ ਲਈ ਮਿਲ ਜੁਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਹਿਸੀਲਦਾਰ ਖਰੜ ਜਸਵਿੰਦਰ ਸਿੰਘ, ਡੀ.ਐਸ.ਪੀ. ਖਰੜ ਕਰਨ ਸਿੰਘ ਸੰਧੂ, ਨਗਰ ਪੰਚਾਇਤ ਘੜੂੰਆਂ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ, ਹਲਕਾ ਵਿਧਾਇਕ ਦੇ ਮੁੱਖ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਬਲਾਕ ਪ੍ਰਧਾਨ ਮਨਦੀਪ ਸਿੰਘ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਕੁਲਦੀਪ ਸਿੰਘ ਖੇੜੀ, ਆਮ ਆਦਮੀ ਪਾਰਟੀ ਐਸਸੀ ਵਿੰਗ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਨਵਦੀਪ ਸਿੰਘ ਟੋਨੀ, ਡਾ. ਰੌਬਿਨ ਤੋਂ ਇਲਾਵਾ ਅੰਮਿ੍ਰਤਪਾਲ ਸਿੰਘ, ਜਸਵਿੰਦਰ ਕੌਰ, ਰੀਆ, ਮਨਪ੍ਰੀਤ ਸਿੰਘ, ਜਸਵਿੰਦਰ ਕੌਰ, ਨਰਿੰਦਰ ਸਿੰਘ, ਗਗਨਪ੍ਰੀਤ ਸਿੰਘ, ਇੰਦਰਜੀਤ ਸਿੰਘ (ਸਾਰੇ ਕੌਂਸਲਰ) ਹਾਜਰ ਸਨ।
ਇੱਥੇ ਦੱਸਣ ਯੋਗ ਹੈ ਕਿ ਪਿਛਲੇ ਦਿਨੀ ਹੋਈ ਨਗਰ ਪੰਚਾਇਤ ਘੜੂੰਆਂ ਦੀ ਪਲੇਠੀ ਚੋਣ ਦੇ ਵਿੱਚ 11 ਵਾਰਡਾਂ ਵਿੱਚੋਂ 10 ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜਦੋਂ ਕਿ ਇੱਕ ਉਮੀਦਵਾਰ ਜਿਸਨੇ ਆਜਾਦ ਤੌਰ ’ਤੇ ਜਿੱਤ ਪ੍ਰਾਪਤ ਕੀਤੀ ਸੀ।