ਏਟੀਐਮ ਮਸ਼ੀਨ ਵਿੱਚੋਂ ਮਿਲਿਆ ਏਟੀਐਮ ਕਾਰਡ ਪੁਲਿਸ ਨੂੰ ਸੌਂਪਿਆ
ਮੋਰਿੰਡਾ 11 ਜਨਵਰੀ ਭਟੋਆ
ਪੰਜਾਬ ਵਿੱਚ ਜਿੱਥੇ ਠੱਗਾਂ ਵੱਲੋ ਸਾਈਬਰ ਕ੍ਰਾਈਮ ਰਾਂਹੀ ਵੱਡੀ ਪੱਧਰ ਤੇ ਲੋਕਾਂ ਦੀ ਸਾਲਾਂ ਦੀ ਮਿਹਨਤ ਉਪਰੰਤ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਈ ਰਕਮ ਨੂੰ ਆਪਣੇ ਖਾਤਿਆਂ ਵਿੱਚ ਤਬਦੀਲ ਕਰਨ ਦੇ ਮਾਮਲੇ ਵੱਧ ਰਹੇ ਹਨ, ਉੱਥੇ ਹੀ ਬਹੁਤ ਸਾਰੇ ਸ਼ਾਤਰ ਲੋਕਾਂ ਵੱਲੋ ਵੱਖ-ਵੱਖ ਬੈਕਾਂ ਵੱਲੋ ਸ਼ਹਿਰ ਵਿੱਚ ਲਗਾਏ ਗਏ ਏਟੀਐਮ ਕੈਬਿਨਾਂ ਵਿੱਚ ਪੈਸੇ ਕਢਵਾਉਣ ਆਏ ਲੋਕਾਂ ਦੇ ਏਟੀਐਮ ਕਾਰਡ ਬਦਲਕੇ ਪੈਸੇ ਕਢਵਾਉਣ ਦੇ ਮਾਮਲੇ ਵੀ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ ਜਦਕਿ ਸਮਾਜ ਵਿੱਚ ਅਜਿਹੇ ਲੋਕ ਵੀ ਹਨ, ਜੋ ਦੂਜਿਆਂ ਦਾ ਲੱਭਿਆ ਗੁੰਮ ਹੋਇਆ ਸਮਾਨ ਜਾਂ ਪੈਸੇ ਆਦਿ ਸਬੰਧਿਤ ਮਾਲਕ ਕੋਲ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕਰਕੇ ਆਉਣ ਵਾਲੀ ਪੀੜੀ ਲਈ ਪ੍ਰੇਰਨਾ ਸਰੋਤ ਬਣਦੇ ਹਨ।.
ਅਜਿਹਾ ਹੀ ਇੱਕ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋ ਮੋਰਿੰਡਾ ਨਿਵਾਸੀ ਦਰਸ਼ਨ ਕੌਰ ਨੇ ਕਾਈਨੌਰ ਚੌਂਕ ਮੋਰਿੰਡਾ ਵਿੱਚ ਸਥਿਤ ਇੱਕ ਬੈਂਕ ਦੀ ਏਟੀਐਮ ਮਸ਼ੀਨ ਵਿੱਚੋ ਮਿਲਿਆ ਏਟੀਐਮ ਕਾਰਡ ਪੁਲਿਸ ਦੇ ਹਵਾਲੇ ਕੀਤਾ ਤਾਂ ਜੋ ਇਸ ਨੂੰ ਸਹੀ ਮਾਲਕ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਤੇ ਸ਼੍ਰੀਮਤੀ ਦਰਸ਼ਨ ਕੌਰ ਨੇ ਦੱਸਿਆ ਕਿ ਜਦੋਂ ਉਹ ਬੈਂਕ ਦੀ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਲੱਗੀ ਤਾਂ ਤਾਂ ਇਸ ਮਸ਼ੀਨ ਵਿੱਚ ਪਹਿਲਾਂ ਹੀ ਕਿਸੇ ਹੋਰ ਦਾ ਏਟੀਐਮ ਮੌਜੂਦ ਸੀ ਜਿਸ ਨੂੰ ਉਸ ਵੱਲੋਂ ਬਾਹਰ ਕੱਢ ਕੇ ਆਪਣੇ ਪੈਸੇ ਕਢਵਾਏ ਗਏ। ਦਰਸ਼ਨ ਕੌਰ ਨੇ ਦੱਸਿਆ ਕਿ ਮਸ਼ੀਨ ਵਿੱਚੋਂ ਮਿਲਿਆ ਏਟੀਐਮ ਕਾਰਡ ਉਸ ਵੱਲੋਂ ਟਰੈਫਿਕ ਪੁਲਿਸ ਇੰਚਾਰਜ ਮਲਕੀਤ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਕਾਰਡ ਸਹੀ ਮਾਲਕ ਤੱਕ ਪਹੁੰਚਾਇਆ ਜਾ ਸਕੇ। ਏਐਸਆਈ ਮਲਕੀਤ ਸਿੰਘ ਵੱਲੋਂ ਦਰਸ਼ਨ ਕੌਰ ਵੱਲੋਂ ਦਿਖਾਈ ਇਮਾਨਦਾਰੀ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਦਿੱਤਾ ਗਿਆ ਏਟੀਐਮ ਕਾਰਡ ਜਲਦੀ ਹੀ ਅਸਲ ਮਾਲਕ ਕੋਲ ਪੁੱਜਦਾ ਕਰ ਦਿੱਤਾ ਜਾਵੇਗਾ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੋਰਿੰਡਾ ਪੁਲਿਸ ਵੱਲੋਂ ਪਿਛਲੇ ਸਾਲ ਹੀ ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਇੱਕ ਨੌਜਵਾਨ ਨੂੰ ਮੋਰਿੰਡਾ ਦੇ ਬੱਸ ਸਟੈਂਡ ਤੇ ਸਿਹਤ ਏਟੀਐਮ ਵਿੱਚੋਂ ਇੱਕ ਬਜ਼ੁਰਗ ਦਾ ਏਟੀਐਮ ਬਦਲ ਕੇ ਪੈਸੇ ਕਢਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਉਪਰੰਤ ਉਸ ਕੋਲੋਂ ਲਗਭਗ 35 ਅਲੱਗ ਅਲੱਗ ਬੈਂਕਾਂ ਦੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਸਨ। ਇਸ ਮੌਕੇ ਤੇ ਏਐਸਆਈ ਧੰਨਾ ਸਿੰਘ ਵੀ ਹਾਜ਼ਰ ਸਨ।