ਨਵੀਂ ਦਿੱਲੀ, 12 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਲੋਕਾਂ ਨੂੰ ਫੰਡ ਦੇਣ ਦੀ ਅਪੀਲ ਕੀਤੀ ਹੈ। ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਹੈ, ਉਦੋਂ ਤੋਂ ਦਿੱਲੀ ਦੇ ਆਮ ਲੋਕਾਂ ਨੇ ‘ਆਪ’ ਨੂੰ ਸਪੋਰਟ ਕੀਤੀ ਅਤੇ ਪੈਸੇ ਦਿੱਤੇ (ਡੋਨੇਟ)। ਸਾਲ 2013 ਵਿੱਚ ਜਦੋਂ ਪਹਿਲੀ ਚੋਣ ਲੜੇ ਸਨ ਤਾਂ ਘਰ ਘਰ ਜਾਂਦੇ ਸਨ, ਲੋਕਾਂ ਤੋਂ ਦਾਨ ਲੈਂਦੇ ਸਨ। ਨੁਕੜ ਮੀਟਿੰਗ ਤੋਂ ਬਾਅਦ ਇਕ ਚਾਦਰ ਵਸਾਉਂਦੇ ਸੀ, ਲੋਕ 10, 50 ਅਤੇ 100 ਰੁਪਏ ਉਸ ਵਿਚ ਪਾਉਂਦੇ ਸਨ। ‘ਆਪ’ ਦੀ ਇਮਾਨਦਾਰੀ ਦੀ ਰਾਜਨੀਤੀ ਇਸ ਲਈ ਹੋ ਸਕੀ ਹੈ ਕਿ ਅਸੀਂ ਵੱਡੇ ਵੱਡੇ ਬਿਜਨੇਸਮੈਨ ਤੋਂ ਚੰਦਾ ਨਹੀਂ ਲੈਂਦੇ ਸੀ। ਜਿੰਨਾਂ ਪਾਰਟੀਆਂ ਨੇ ਵਪਾਰੀਆਂ ਤੋਂ ਪੈਸਾ ਲਿਆ ਫਿਰ ਉਨ੍ਹਾਂ ਦੀਆਂ ਸਰਕਾਰਾਂ ਬਿਜਨੈਸਮੈਨ ਲਈ ਕੰਮ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਮੈਂ ਆਪਣੀ ਚੋਣ ਲਈ ਇਕ ਕਰਾਊਡ ਫੰਡਿੰਗ ਦੀ ਸ਼ੁਰੂਆਤ ਕਰ ਰਹੀ ਹਾਂ। ਮੈਨੂੰ ਚੋਣ ਲੜਨ ਲਈ 40 ਲੱਖ ਰੁਪਏ ਚਾਹੀਦੇ ਹਨ। ਦਿੱਲੀ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਮੈਨੂੰ ਦਾਨ ਕਰਨ। atishi.aamaadmiparty.org ਇਸ ਲਿੰਕ ਉਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। ਚਾਹੇ ਤਾਂ 100 ਰੁਪਏ, 1000 ਰੁਪਏ ਦਾਨ ਕਰੋ ਜਾਂ ਉਸ ਤੋਂ ਜ਼ਿਆਦਾ। ਪ੍ਰੰਤੂ ਲੋਕਾਂ ਦੇ ਹੀ ਡੋਨੇਸ਼ਨ ਨਾਲ ਮੈਂ ਕਾਲਕਾਜੀ ਵਿੱਚ ਵਿਧਾਨ ਸਭਾ ਚੋਣ ਲੜਾਂਗੀ।
ਉਨ੍ਹਾਂ ਕਿਹਾ ਕਿ ਗਲਤੀ ਤਰੀਕੇ ਨਾਲ ਚੋਣ ਲੜਨਾ ਸੌਖਾ ਹੈ। 40 ਲੱਖ ਰੁਪਏ ਮੁੱਖ ਮੰਤਰੀ ਲਈ ਇਕੱਠੇ ਕਰਨਾ ਗਲਤ ਤਰੀਕੇ ਨਾਲ ਸੌਖਾ ਹੈ। ਦਿੱਲੀ ਦਾ 77000 ਕਰੋੜ ਬਜਟ ਹੈ। ਜੇਕਰ ਅਸੀਂ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਚਾਹੁੰਦੇ, ਬੇਇਮਾਨੀ ਨਾਲ ਪੈਸਾ ਇਕੱਠਾ ਕਰਨਾ ਚਾਹੁੰਦੇ ਤਾਂ 40 ਲੱਖ ਰੁਪਏ ਇਕੱਠਾ ਕਰਨ ਵਿੱਚ ਇਕ ਦਿਨ ਵੀ ਨਹੀਂ ਲੱਗੇਗਾ।