ਰੇਲਵੇ ਸਟੇਸ਼ਨ ਦੀ ਇਮਾਰਤ ਡਿੱਗੀ, ਦਰਜਨਾਂ ਮਜਦੂਰ ਫਸੇ ਹੋਣ ਦੀ ਸ਼ੰਕਾ
ਕਨੌਜ 12 ਜਨਵਰੀ, ਦੇਸ਼ ਕਲਿੱਕ ਬਿਓਰੋ
ਉੱਤਰ ਪ੍ਰਦੇਸ਼ ਦੇ ਕੰਨੌਜ ਰੇਲਵੇ ਸਟੇਸ਼ਨ ‘ਤੇ ਇੱਕ ਨਿਰਮਾਣ ਅਧੀਨ ਇਮਾਰਤ ਸ਼ੁੱਕਰਵਾਰ ਨੂੰ ਢਹਿ ਗਈ, ਜਿਸ ਨਾਲ ਦਰਜਨਾਂ ਮਜ਼ਦੂਰ ਮਲਬੇ ਹੇਠ ਦੱਬ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਟੇਸ਼ਨ ‘ਤੇ ਸੁੰਦਰੀਕਰਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੋ ਮੰਜ਼ਿਲਾ ਇਮਾਰਤ ‘ਤੇ ਕੰਮ ਚੱਲ ਰਿਹਾ ਸੀ।ਹਾਦਸੇ ਸਮੇਂ ਲਗਭਗ 35 ਮਜ਼ਦੂਰ ਮੌਕੇ ‘ਤੇ ਮੌਜੂਦ ਸਨ। ਰੇਲਵੇ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਹੇਠ ਬਚਾਅ ਕਾਰਜਾਂ ਨੇ ਹੁਣ ਤੱਕ 23 ਮਜ਼ਦੂਰਾਂ ਨੂੰ ਮਲਬੇ ਵਿੱਚੋਂ ਬਚਾਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਘਟਨਾ ਛੱਤ ਦੀ ਨਿਰਮਾਣ ਅਧੀਨ ਸ਼ਟਰਿੰਗ ਡਿੱਗਣ ਨਾਲ ਵਾਪਰੀ। ਇੱਕ ਅਧਿਕਾਰੀ ਨੇ ਕਿਹਾ “ਸਾਡੀ ਪਹਿਲੀ ਤਰਜੀਹ ਫਸੇ ਹੋਏ ਮਜ਼ਦੂਰਾਂ ਨੂੰ ਬਚਾਉਣਾ ਹੈ। ਅਸੀਂ ਬਚਾਅ ਕਾਰਜਾਂ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕਰ ਰਹੇ ਹਾਂ”। ਰਾਜ ਸਰਕਾਰ ਨੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ਵਾਲਿਆਂ ਨੂੰ 5,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉੱਤਰ-ਪੂਰਬੀ ਰੇਲਵੇ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਬਚਾਅ ਕਾਰਜ ਵਿੱਚ ਸਹਾਇਤਾ ਲਈ ਲਖਨਊ ਤੋਂ ਰਾਜ ਆਫ਼ਤ ਰਾਹਤ ਫੋਰਸ (SDRF) ਨੂੰ ਬੁਲਾਇਆ ਗਿਆ ਹੈ।