ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਮਨਾਈ ਧੀਆਂ ਦੀ ਲੋਹੜੀ
ਆਂਗਨਵਾੜੀਆਂ ਦੀਆਂ 51 ਧੀਆਂ ਅਤੇ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ 31 ਧੀਆਂ ਨੂੰ ਦਿੱਤੇ ਗਏ ਲੋਹੜੀ ਦੇ ਤੋਹਫ਼ੇ
ਏ ਡੀ ਸੀ ਸੋਨਮ ਚੌਧਰੀ ਤੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਨੇ ਖੁਦ ਲੋਹੜੀ ਦੇ ਗਿੱਧੇ ’ਚ ਸ਼ਾਮਿਲ ਹੋ ਮਨਾਈਆਂ ਖੁਸ਼ੀਆਂ
ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਨੇ ਵੀ ਦਿੱਤੀਆਂ ਧੀਆਂ ਦੇ ਮਾਪਿਆਂ ਨੂੰ ਵਧਾਈਆਂ
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਹੈਲਪਲਾਈਨ ਤੋਂ ਸ਼ੁਰੂ ਕੀਤਾ ਗਿਆ ਚਾਹ ਦਾ ਲੰਗਰ
ਮੋਹਾਲੀ, 13 ਜਨਵਰੀ, 2025: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ’ਚ ਅੱਜ ਲੋਹੜੀ ਦੇ ਤਿਉਹਾਰ ਮੌਕੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵੀਂਆਂ ਪੈੜਾਂ ਪਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਵਿਹੜੇ ’ਚ ਧੀਆਂ ਦੀ ਲੋਹੜੀ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਤਮਕ ਢੰਗ ਨਾਲ ਮਨਾਈ।
ਇਸ ਮੌਕੇ ਜ਼ਿਲ੍ਹੇ ਦੀਆਂ ਆਂਗਨਵਾੜੀਆਂ ’ਚੋਂ ਬੁਲਾਈਆਂ 51 ਛੋਟੀਆਂ ਬੱਚੀਆਂ ਨੂੰ ਕੰਬਲ, ਬੇਬੀ ਕਿੱਟਾਂ ਤੇ ਰਿਉੜੀਆਂ, ਮੂੰਗਫ਼ਲੀਆਂ, ਖਿੱਲਾਂ ਦੇ ਪੈਕਟ ਅਤੇ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਦੀਆਂ 31 ਧੀਆਂ ਨੂੰ ਟ੍ਰੈਕ ਸੂਟ ਅਤੇ ਰਿਉੜੀਆਂ, ਮੂੰਗਫ਼ਲੀਆਂ, ਖਿੱਲਾਂ ਦੇ ਪੈਕਟ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਨੇ ਇਸ ਮੌਕੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਕਰਵਾਏ ਗਏ ਇਸ ਸਮਾਗਮ ਦਾ ਉਦੇਸ਼ ਸਮਾਜ ਵਿੱਚ ਧੀਆਂ ਅਤੇ ਪੁੱਤਾਂ ਦੀ ਬਰਾਬਰੀ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ, ਘਰ ਵਿੱਚ ਖੇਤੀਬਾੜੀ ਆਦਿ ਦੇ ਕੰਮਾਂ ’ਚ ਵੱਧ ਤੋਂ ਵੱਧ ਮਾਨਵੀ ਸ਼ਕਤੀ ਦੀ ਲੋੜ ਲਈ ਲੋਕਾਂ ਦੀ ਇੱਛਾ ਪੁੱਤਾਂ ਦੀ ਹੁੰਦੀ ਸੀ ਪਰ ਅੱਜ ਸਮਾਂ ਪੂਰੀ ਤਰ੍ਹਾ ਬਦਲ ਗਿਆ ਹੈ। ਅੱਜ ਸਮਾਜ ਵਿੱਚ ਧੀਆਂ ਵੱਲੋਂ ਪੁੱਤਾਂ ਨਾਲੋਂ ਵੀ ਵਧ ਕੇ ਮੱਲਾਂ ਮਾਰੀਆਂ ਜਾ ਰਹੀਆਂ ਹਨ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ ਜਾ ਰਿਹਾ ਹੈ, ਚਾਹੇ ਉਹ ਅਕਾਦਮਿਕ ਖੇਤਰ ਵਿੱਚ ਹੋਵੇ ਜਾਂ ਖੇਡਾਂ ’ਚ ਜਾਂ ਫ਼ਿਰ ਕਲਾ ’ਚ, ਹਰ ਪਾਸੇ ਧੀਆਂ ਆਪਣੇ ਮਾਪਿਆਂ, ਰਾਜ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ।
ਉਨ੍ਹਾਂ ਆਖਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਥਾਪਿਤ ਹੈਲਪ ਡੈਸਕ ਵਿਖੇ ਇੱਕ ਹਾਂ-ਪੱਖੀ ਕਦਮ ਚੁੱਕਦਿਆਂ, ਸਰਦੀ ਦੇ ਮੌਸਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਆਉਣ ਵਾਲੇ ਲੋਕਾਂ ਨੂੰ ਗਰਮ-ਗਰਮ ਚਾਹ ਦਾ ਲੰਗਰ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਹ ਦੱਸਣਾ ਹੈ ਕਿ ਧੀਆਂ ਹੁਣ ਘਰ ਦੀ ਰਸੋਈ ਤੋਂ ਅਸਮਾਨ ਛੂਹਣ ਵੱਲ ਪੁੱਜ ਗਈਆਂ ਹਨ।
ਇਸ ਮੌਕੇ ਸਭਿਆਚਾਰਕ ਪੇਸ਼ਕਾਰੀਆਂ ਦੌਰਾਨ ਦੁੱਲੇ ਭੱਟੀ ਦੀ ਗਾਥਾ ’ਤੇ ਬੋਲੀਆਂ ਪਾਈਆਂ ਗਈਆਂ। ਉਪਰੰਤ ਧੀਆਂ ਦੀ ਸਲਾਮਤੀ ਲਈ ਪੰਜਾਬੀ ਲੋਕ ਗੀਤਾਂ ਦਾ ਸ਼ਿੰਗਾਰ ਬੋਲੀਆਂ ’ਤੇ ਗਿੱਧਾ ਤੇ ਭੰਗੜਾ ਖਿੱਚ ਦਾ ਕੇਂਦਰ ਬਣਿਆ, ਜਿਸ ਲਈ ਪੇਸ਼ੇਵਾਰ ਕਲਾਕਾਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ।
ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਤੇ ਸਹਾਇਕ ਕਮਿਸ਼ਨਰ ਡਾ. ਅੰਕਿਤਾ ਬਾਂਸਲ ਨੇ ਲੋਕ ਬੋਲੀਆਂ ’ਤੇ ਡੀ ਸੀ ਦਫ਼ਤਰ ਅਤੇ ਆਂਗਨਵਾੜੀਆਂ ਦੇ ਸਟਾਫ਼ ਨਾਲ ਗਿੱਧਾ ਪਾਇਆ ਅਤੇ ਧੀਆਂ ਦੇ ਇਸ ਲੋਹੜੀ ਨੂੰ ਯਾਦਗਾਰ ਬਣਾਇਆ।
ਇਸ ਮੌਕੇ ਧੀਆਂ ਨੂੰ ਲੋਹੜੀ ਦੇ ਤੋਹਫ਼ੇ ਦੇਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਵਿਹੜੇ ’ਚ ਲੋਹੜੀ ਵੀ ਬਾਲੀ ਗਈ, ਜਿਸ ’ਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਸਮ ਮੁਤਾਬਕ ਤਿੱਲ ਅਰਪਣ ਕਰਕੇ ਸਤਿਕਾਰ ਵੀ ਭੇਟ ਕੀਤਾ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਡਾ. ਅਮਨ ਚਾਵਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਪ੍ਰੋ. ਗੁਰਬਖਸ਼ੀਸ ਸਿੰਘ ਅੰਟਾਲ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਸੀ ਡੀ ਪੀ ਓ ਖਰੜ-2 ਗੁਰਸਿਮਰਨ ਕੌਰ, ਸੀ ਡੀ ਪੀ ਓ ਮਾਜਰੀ ਸੁਖਮਨੀਤ ਕੌਰ, ਸੀ ਡੀ ਪੀ ਓ ਖਰੜ-1 ਤੇ ਡੇਰਾਬੱਸੀ ਸੁਮਨ ਬਾਲਾ, ਜ਼ਿਲ੍ਹਾ ਕੋਆਰਡੀਨੇਟਰ ਹਰਦੀਪਮ ਤੇ ਜ਼ਿਲ੍ਹੇ ਦੀਆਂ ਆਂਗਨਵਾੜੀਆਂ ਦੇ ਸੁਪਰਵਾਈਜ਼ਰ ਅਤੇ ਡੀ ਸੀ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਸੁਪਰਡੈਂਟ ਤੇ ਸਟਾਫ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।