ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ‘ਚ ਬਣਿਆ ਵਿਰਾਸਤੀ ਹੋਟਲ, CM ਮਾਨ ਅੱਜ ਕਰਨਗੇ ਉਦਘਾਟਨ
ਪਟਿਆਲ਼ਾ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸਥਿਤ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਾਪਤ ਹੋਟਲ ਰੈਨਬਾਸ ਦਿ ਪੈਲੇਸ ਨੂੰ ਪੰਜਾਬ ਸਰਕਾਰ ਵੱਲੋਂ ਅੱਜ (ਸੋਮਵਾਰ) ਲੋਹੜੀ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਸਿੱਖ ਪੈਲੇਸ ਵਿੱਚ ਸਥਾਪਿਤ ਹੋਣ ਵਾਲਾ ਇਹ ਪੂਰੀ ਦੁਨੀਆ ਦਾ ਇੱਕੋ ਇੱਕ ਹੋਟਲ ਹੈ।
ਇਸ ਦੇ ਨਾਲ ਹੀ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਹੋਟਲ ਡੈਸਟੀਨੇਸ਼ਨ ਵਿਆਹਾਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸੈਰ ਸਪਾਟਾ ਵੀ ਵਧੇਗਾ।ਸਰਕਾਰ ਇਸ ਪ੍ਰਾਜੈਕਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਰਫਤਾਰ ਫੜੀ ਸੀ। ਕਿਲਾ ਮੁਬਾਰਕ ਵਿਖੇ ਸਥਿਤ ਰਣਵਾਸ ਖੇਤਰ, ਗਿਲਾਊ ਖਾਨਾ ਅਤੇ ਲੱਸੀ ਖਾਨਾ ਨੂੰ ਵਿਰਾਸਤੀ ਹੋਟਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ।
ਇਸ ਦੋ ਮੰਜ਼ਿਲਾ ਇਮਾਰਤ ਦੇ ਉਪਰਲੇ ਹਿੱਸੇ ਵਿਚ 3 ਸ਼ਾਨਦਾਰ ਪੇਂਟਿੰਗ ਚੈਂਬਰ ਹਨ, ਜਿਨ੍ਹਾਂ ਵਿਚ ਬੇਸ਼ਕੀਮਤੀ ਪੇਂਟਿੰਗਾਂ ਸਨ। ਇਸ ਵਿੱਚ ਇੱਕ ਥਾਂ ਲੱਸੀਖਾਨਾ ਹੈ। ਜਿੱਥੇ ਅੰਦਰ ਰਹਿ ਰਹੀਆਂ ਸੇਵਾਦਾਰ ਔਰਤਾਂ ਨੂੰ ਭੋਜਨ ਤਿਆਰ ਕਰਕੇ ਵੰਡਿਆ ਜਾਂਦਾ ਸੀ। ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹਾਲ ਹਨ, ਇਨ੍ਹਾਂ ਨੂੰ ਕਮਰਿਆਂ ਦਾ ਰੂਪ ਦਿੱਤਾ ਗਿਆ ਹੈ।