ਪੰਜਾਬ ਦੇ ਇੱਕ ਬੈਂਕ ਦਾ ਕੈਸ਼ੀਅਰ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ
ਗੁਰਦਾਸਪੁਰ:13 ਜਨਵਰੀ, ਦੇਸ਼ ਕਲਿੱਕ ਬਿਓਰੋ :
ਬੈਂਕ ਆਫ਼ ਬੜੌਦਾ ਸ਼ਾਖਾ ਵਿੱਚ ਇੱਕ ਵੱਡੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਵਿੱਚ ਕੰਮ ਕਰ ਰਹੇ ਇੱਕ ਕੈਸ਼ਿਅਰ ਵੱਲੋਂ ਖਾਤੇਦਾਰਾਂ ਨਾਲ ਧੋਖਾਧੜੀ ਕੀਤੇ ਜਾਣ ਦੀ ਘਟਨਾ ਨੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਹੈ। ਸੰਤ ਨਗਰ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਬੈਂਕ ਕਰਮਚਾਰੀ ਤਲਜਿੰਦਰ ਸਿੰਘ, ਜੋ ਉਨ੍ਹਾਂ ਦੇ ਮੁਹੱਲੇ ਦਾ ਹੀ ਰਹਿਣ ਵਾਲਾ ਸੀ, ਦੀ ਗੱਲ ਸੁਣੀ ਸੀ ਕਿ ਬੈਂਕ ਵੱਲੋਂ 20 ਪ੍ਰਤੀਸ਼ਤ ਵਿਆਜ ਦੀ ਸਕੀਮ ਹੈ। ਇਸ ਵਿੱਚ ਪੈਸਾ ਲਗਾਉਣ ਲਈ ਉਹਨਾਂ ਨੇ ਚੈਕ ਦਿੱਤੇ। ਪਰ ਕੋਈ ਮੈਸੇਜ ਨਾ ਆਉਣ ’ਤੇ ਉਹ ਬਹਾਨੇ ਬਣਾਉਂਦਾ ਰਿਹਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਕਿਤੇ ਚਲਾ ਗਿਆ ਹੈ। ਬੈਂਕ ਅਧਿਕਾਰੀ ਪਵਨ ਨੇ ਦੱਸਿਆ ਕਿ ਬੈਂਕ ਵਿੱਚ ਕੰਮ ਕਰ ਰਹੇ ਤਲਜਿੰਦਰ ਨਾਮਕ ਕੈਸ਼ਿਅਰ ਨੇ ਗ੍ਰਾਹਕਾਂ ਤੋਂ ਚੈਕ ਅਤੇ ਨਕਦ ਰਕਮ ਲਈ ਅਤੇ ਉਹਨਾਂ ਨੂੰ ਰਸੀਦਾਂ ਵੀ ਦਿੱਤੀਆਂ। ਪਰ ਉਹ ਜਮ੍ਹਾਂ ਕੀਤੀ ਰਕਮ ਨੂੰ ਗ੍ਰਾਹਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨ ਦੀ ਬਜਾਏ ਆਪਣੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰਦਾ ਰਿਹਾ। ਜਦੋਂ ਇਸ ਧੋਖਾਧੜੀ ਦਾ ਪਤਾ ਲੱਗਾ, ਤਾਂ ਬੈਂਕ ਨੇ ਐਸ.ਐਸ.ਪੀ. ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿੱਚ ਤਲਜਿੰਦਰ ਫਿਲਹਾਲ ਫਰਾਰ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published on: ਜਨਵਰੀ 13, 2025 8:41 ਪੂਃ ਦੁਃ