ਸੀ.ਐਚ.ਸੀ. ਮੋਰਿੰਡਾ ਵਿਖੇ ਰੋਟਰੀ ਕਲੱਬ ਦੀ ਸਹਾਇਤਾ ਨਾਲ ਮਨਾਈ ਗਈ ਧੀਆਂ ਦੀ ਲੋਹੜੀ
ਮੋਰਿੰਡਾ 13 ਜਨਵਰੀ ਭਟੋਆ
ਜਿਲਾ ਰੂਪਨਗਰ ਦੇ ਸਿਵਲ ਸਰਜਨ, ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪਰਮਿੰਦਰ ਜੀਤ ਸਿੰਘ , ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸੀ.ਐਚ.ਸੀ. ਮੋਰਿੰਡਾ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਡਾ. ਪਰਮਿੰਦਰ ਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ, ਮੋਰਿੰਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਸਮੇਂ ਸਿਰਫ ਪੁੱਤਰਾਂ ਦੀ ਲੋਹੜੀ ਮਨਾਈ ਜਾਂਦੀ ਸੀ, ਪ੍ਰੰਤੂ ਜਿਵੇਂ ਜਿਵੇਂ ਸਮੇਂ ਵਿੱਚ ਬਦਲਾਅ ਆਇਆ ਅਤੇ ਸਮਾਜ ਵੱਲੋਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ , ਤਾਂ ਧੀਆਂ ਦੀ ਲੋਹੜੀ ਵੀ ਪੁੱਤਰਾਂ ਵਾਂਗ ਹੀ ਮਨਾਈ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਮੁੰਡਿਆਂ ਤੋਂ ਕਿਸੇ ਵੀ ਤਰਾਂ ਪਿੱਛੇ ਨਹੀਂ ਹਨ, ਸਗੋ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਕਿਰਨ ਬੇਦੀ ਆਦਿ ਲੜਕੀਆਂ ਨੇ ਵਿਸ਼ਵ ਪੱਧਰ ਤੇ ਆਪਣੇ ਮਾਪਿਆਂ ਸਮੇਤ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਲੜਕਿਆਂ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉੱਚ-ਵਿਦਿਆ ਦੇਣੀ ਚਾਹੀਦੀ ਹੈ, ਕਿਉਂਕਿ ਲੜਕੀਆਂ ਪਰਿਵਾਰ ਦਾ ਧੁਰਾ ਹੁੰਦੀਆਂ ਹਨ। ਇਸ ਮੌਕੇ ਤੇ ਬੋਲਦਿਆਂ ਰੋਟਰੀ ਕਲੱਬ ਦੇ ਸੀਨੀਅਰ ਆਗੂ ਡਾ. ਨਿਰਮਲ ਧੀਮਾਨ ਵੱਲੋਂ ਕਿਹਾ ਗਿਆ ਕਿ ਸਮਾਜ ਲੜਕੀਆਂ ਤੋਂ ਬਿਨ੍ਹਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਲੜਕੀਆਂ ਨੂੰ ਵੱਧ ਤੋ ਵੱਧ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਕਿਉਂਕਿ ਇੱਕ ਲੜਕੀ ਦੇ ਪੜ੍ਹ ਜਾਣ ਨਾਲ ਆਉਣ ਵਾਲੀਆਂ ਤਿੰਨ ਪੀੜੀਆਂ ਸਿੱਖਿਆ ਹਾਸਿਲ ਕਰਨਗੀਆਂ, ਜਿਸ ਨਾਲ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਹੋ ਸਕਦੀ ਹੈ।ਇਸੇ ਦੌਰਾਨ ਰੋਟਰੀ ਕਲੱਬ ਮੋਰਿੰਡਾ ਦੇ ਪ੍ਰਧਾਨ, ਸੈਕਟਰੀ ਅਤੇ ਪ੍ਰੋਜੈਕਟ ਚੇਅਰਮੈਨ ਵੱਲੋਂ 0-5 ਸਾਲ ਤੱਕ ਦੀਆਂ ਲੜਕੀਆਂ ਨੂੰ ਕਰੀਬ 30 ਕਿੱਟਾਂ ਵੰਡੀਆਂ ਗਈਆਂ ਅਤੇ ਇਸ ਮੌਕੇ ਡਾ. ਗਰਜਾ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਸਾਰਿਕਾ, ਡਾ. ਮਨੀ ਸ਼ਰਮਾ, ਪਰਮਜੀਤ ਕੌਰ, ਪ੍ਰੇਮ ਚੰਦ, ਹਰਦੀਪ ਸਿੰਘ, ਰਾਘਵ ਸਿੰਗਲਾ, ਜਗਮੋਹਣ ਕੌਰ, ਜਸਪ੍ਰੀਤ ਕੌਰ, ਕੁਲਵੀਰ ਕੌਰ, ਸੂਮਹ ਆਸ਼ਾ ਵਰਕਰਜ ,ਹੋਰ ਸਮੂਹ ਸਟਾਫ ਅਤੇ ਪਤਵੰਤੇ ਸੱਜਣ ਆਦਿ ਹਾਜਰ ਸਨ।